For the best experience, open
https://m.punjabitribuneonline.com
on your mobile browser.
Advertisement

ਲੋਕਤੰਤਰ ਬਚਾਉਣ ਲਈ ਮੋਦੀ ਸਰਕਾਰ ਨੂੰ ਲਾਂਭੇ ਕਰਨਾ ਜ਼ਰੂਰੀ: ਅਰੁਣਾ ਚੌਧਰੀ

06:31 AM Apr 23, 2024 IST
ਲੋਕਤੰਤਰ ਬਚਾਉਣ ਲਈ ਮੋਦੀ ਸਰਕਾਰ ਨੂੰ ਲਾਂਭੇ ਕਰਨਾ ਜ਼ਰੂਰੀ  ਅਰੁਣਾ ਚੌਧਰੀ
ਪਿੰਡ ਝੜੋਲੀ ਬਾਂਗਰ ਵਿੱਚ ਔਰਤਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕਾ ਅਰੁਣਾ ਚੌਧਰੀ।
Advertisement

ਸਰਬਜੀਤ ਸਾਗਰ
ਦੀਨਾਨਗਰ, 22 ਅਪਰੈਲ
ਵਿਧਾਇਕਾ ਅਰੁਣਾ ਚੌਧਰੀ ਨੇ ਭਾਰਤ ਦੇ ਸੰਵਿਧਾਨ ਤੇ ਲੋਕਤੰਤਰ ਨੂੰ ਬਚਾਉਣ ਲਈ ਮੋਦੀ ਸਰਕਾਰ ਨੂੰ ਲਾਂਭੇ ਕਰਨ ਦਾ ਹੋਕਾ ਦਿੱਤਾ ਹੈ। ਉਨ੍ਹਾਂ ਚੋਣ ਪ੍ਰਚਾਰ ਦੇ ਦੂਸਰੇ ਦਿਨ ਪਿੰਡ ਝੜੋਲੀ ਬਾਂਗਰ, ਚੌਂਤਾ, ਜੰਡੀ, ਢਾਕੀ, ਬੇਹੜੀ, ਝੜੋਲੀ ਨਵੀਂ, ਝੜੋਲੀ ਪੁਰਾਣੀ, ਪੱਚੋਵਾਲ ਅਤੇ ਰਸੂਲਪੁਰ ਵਿੱਚ ਭਰਵੀਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਜੇਕਰ ਮੋਦੀ ਸਰਕਾਰ ਮੁੜ ਸੱਤਾ ਵਿੱਚ ਆਈ ਤਾਂ ਦੇਸ਼ ਅੰਦਰੋਂ ਲੋਕਤੰਤਰ ਪੂਰੀ ਤਰ੍ਹਾਂ ਨਾਲ ਖ਼ਤਮ ਹੋ ਜਾਵੇਗਾ ਅਤੇ ਇਹ ਲੋਕ ਆਰਐਸਐਸ ਵੱਲੋਂ ਤਿਆਰ ਕੀਤੇ ਗਏ ਸੰਵਿਧਾਨ ਨੂੰ ਲਾਗੂ ਕਰਦੇ ਹੋਏ ਮਨਮਰਜ਼ੀ ਦਾ ਰਾਜ ਪ੍ਰਬੰਧ ਚਲਾਉਣਗੇ। ਉਨ੍ਹਾਂ ਇੱਥੋਂ ਤੱਕ ਕਿਹਾ ਕਿ ਸ਼ਾਇਦ ਹੀ ਮੁੜ ਦੇਸ਼ ਅੰਦਰ ਚੋਣਾਂ ਹੋਣ ਅਤੇ ਲੋਕ ਪੁਰਾਣੇ ਸਮੇਂ ਵਾਂਗ ਗੁਲਾਮੀ ਭਰੀ ਜ਼ਿੰਦਗੀ ਜਿਊਣਗੇ। ਅਰੁਣਾ ਚੌਧਰੀ ਨੇ ਕਿਹਾ ਕਿ ਅਜੇ ਵੀ ਸਮਾਂ ਹੈ ਕਿ ਅਸੀਂ ਸਭ ਜਾਗਰੂਕ ਹੋਈਏ ਅਤੇ ਦੇਸ਼ ਨੂੰ ਜਾਤੀਵਾਦ ਤੇ ਧਰਮ ਦੇ ਨਾਂ ’ਤੇ ਲੜਾਉਣ ਵਾਲੀ ਸਰਮਾਏਦਾਰਾਂ ਦੀ ਸਰਕਾਰ ਕੋਲੋਂ ਖਹਿੜਾ ਛੁਡਵਾਈਏ। ਸੀਨੀਅਰ ਕਾਂਗਰਸ ਨੇਤਾ ਅਸ਼ੋਕ ਚੌਧਰੀ ਨੇ ਆਮ ਆਦਮੀ ਪਾਰਟੀ ਨੂੰ ਝੂਠੇ ਇਨਕਲਾਬੀਆਂ ਦੀ ਪਾਰਟੀ ਆਖ਼ਦਿਆਂ ਇਲਜ਼ਾਮ ਲਗਾਇਆ ਕਿ ਇਨ੍ਹਾਂ ਨੇ ਦੋ ਸਾਲਾਂ ਦੇ ਕਾਰਜਕਾਲ ਦੌਰਾਨ ਸਿਰਫ਼ ਝੂਠ ਹੀ ਬੋਲਿਆ ਹੈ ਅਤੇ ਬਿਜਲੀ ਮੁਆਫ਼ ਕਰਨ ਤੇ ਨੌਜਵਾਨਾਂ ਨੂੰ ਨੌਕਰੀਆਂ ਵੰਡਣ ਦੇ ਨਾਂ ’ਤੇ ਗੁਮਰਾਹ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ 200 ਯੂਨਿਟ ਬਿਜਲੀ ਦੇਣ ਦਾ ਪ੍ਰਬੰਧ ਤਾਂ ਤੱਤਕਾਲੀ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਰ ਦਿੱਤਾ ਸੀ ਅਤੇ ‘ਆਪ’ ਦੀ ਸਰਕਾਰ ਨੇ ਸਿਰਫ਼ 100 ਯੂਨਿਟ ਹੋਰ ਵਧਾਏ ਹਨ ਜਦਕਿ ਢਿੰਡੋਰਾ 300 ਯੂਨਿਟ ਮੁਆਫ਼ ਕਰਨ ਦਾ ਪਿੱਟਿਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਦਲਾਅ ਦੇ ਨਾਂ ’ਤੇ ਪੰਜਾਬ ਦੀ ਜਨਤਾ ਨੂੰ ਠੱਗਿਆ ਗਿਆ ਹੈ ਜਦਕਿ ਅਸਲੀਅਤ ਵਿੱਚ ਨਾਂ ਤਾਂ ਕੋਈ ਬਦਲਾਅ ਆਇਆ ਹੈ ਅਤੇ ਨਾ ਹੀ ਕੋਈ ਵਿਕਾਸ ਦੇ ਕੰਮ ਪਿਛਲੇ ਦੋ ਸਾਲਾਂ ਚ ਹੋਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਦੇ ਹੱਥ ਮਜ਼ਬੂਤ ਕਰਨ ਅਤੇ ਗੁਰਦਾਸਪੁਰ ਹਲਕੇ ਤੋਂ ਪਾਰਟੀ ਉਮੀਦਵਾਰ ਨੂੰ ਵੋਟਾਂ ਪਾ ਕੇ ਜਿਤਾਉਣ। ਇਸ ਮੌਕੇ ਚੇਅਰਮੈਨ ਹਰਵਿੰਦਰ ਸਿੰਘ ਭੱਟੀ, ਸਾਬਕਾ ਸਰਪੰਚ ਮਨਜੀਤ ਕੁਮਾਰ, ਮਹਿੰਦਰ ਝੜੋਲੀ, ਹਰਜਿੰਦਰ ਸਿੰਘ ਪੱਪੂ, ਸੁਰੇਸ਼ ਕੁਮਾਰ ਬਾਲਾਪਿੰਡੀ, ਬਲਦੇਵ ਰਾਜ ਸੁਲਤਾਨੀ, ਜਨਕ ਰਾਜ ਬੱਬੂ, ਕੈਪਟਨ ਸ਼ੇਰ ਸਿੰਘ, ਦਿੱਗਵਿਜੇ ਸਿੰਘ, ਪ੍ਰਸ਼ੋਤਮ ਸਿੰਘ ਚੌਂਤਾ ਅਤੇ ਕਰਨ ਸਿੰਘ ਸਮੇਤ ਉਕਤ ਪਿੰਡਾਂ ਦੇ ਸਾਬਕਾ ਸਰਪੰਚ, ਪੰਚ ਅਤੇ ਕਾਂਗਰਸੀ ਵਰਕਰ ਹਾਜ਼ਰ ਸਨ।

Advertisement

Advertisement
Author Image

Advertisement
Advertisement
×