‘ਰਮਾਇਣ’ ’ਚ ਭਗਵਾਨ ਰਾਮ ਦੀ ਭੂਮਿਕਾ ਨਿਭਾਉਣਾ ਮੇਰਾ ਸੁਫ਼ਨਾ: ਰਣਬੀਰ ਕਪੂਰ
ਨਵੀਂ ਦਿੱਤੀ: ਅਦਾਕਾਰ ਰਣਬੀਰ ਕਪੂਰ ਨੇ ਨਿਤੇਸ਼ ਤਿਵਾੜੀ ਦੀ ਫਿਲਮ ‘ਰਮਾਇਣ’ ਵਿੱਚ ਭਗਵਾਨ ਰਾਮ ਦੀ ਭੂਮਿਕਾ ਅਦਾ ਕਰਨ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਦੀ ਸਭ ਤੋਂ ਵੱਡੀ ਮਹਾਕਥਾ ਨੂੰ ਵੱਡੇ ਪਰਦੇ ’ਤੇ ਦਿਖਾਉਣ ਵਾਲੀ ਇਸ ਫਿਲਮ ਦਾ ਹਿੱਸਾ ਬਣਨ ’ਤੇ ਉਸ ਨੂੰ ਬੇਹੱਦ ਖ਼ੁਸ਼ੀ ਹੈ। ‘ਰਮਾਇਣ’ ਫਿਲਮ ਦੋ ਭਾਗਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਇਸ ਦਾ ਪਹਿਲਾ ਭਾਗ ਸਾਲ 2026 ਅਤੇ ਦੂਜਾ 2027 ਨੂੰ ਦੀਵਾਲੀ ਮੌਕੇ ਰਿਲੀਜ਼ ਕੀਤਾ ਜਾਵੇਗਾ। ਇਸ ਫਿਲਮ ਦਾ ਨਿਰਮਾਣ ਪ੍ਰਾਈਮ ਫੋਕਸ ਸਟੂਡੀਓਜ਼ ਦੇ ਨਮਿਤ ਮਲਹੋਤਰਾ ਕਰ ਰਹੇ ਹਨ। ਇਹ ਵੀ ਚਰਚਾ ਸੀ ਕਿ ਰਣਬੀਰ ਅਤੇ ਪੱਲਵੀ ਇਸ ਫਿਲਮ ਵਿੱਚ ਰਾਮ ਅਤੇ ਸੀਤਾ ਦਾ ਕਿਰਦਾਰ ਨਿਭਾਉਣਗੇ। ਇੰਟਰਵਿਊ ਦੌਰਾਨ ਅਦਾਕਾਰ ਯਸ਼ ਨੇ ਕਿਹਾ ਕਿ ਉਹ ‘ਰਮਾਇਣ’ ਵਿੱਚ ਰਾਵਣ ਦਾ ਰੋਲ ਕਰਨਗੇ। ਨਿਰਮਾਤਾਵਾਂ ਨੇ ਹਾਲੇ ਤਕ ਫਿਲਮ ਦੇ ਕਲਾਕਾਰਾਂ ਬਾਰੇ ਖ਼ੁਲਾਸਾ ਨਹੀਂ ਕੀਤਾ ਹੈ। ਪਿਛਲੇ ਦਿਨੀਂ ਸਾਊਦੀ ਅਰਬ ਵਿੱਚ ‘ਰੈੱਡ ਸੀ ਇੰਟਰਨੈਸ਼ਨਲ ਫਿਲਮ ਫੈਸਟੀਵਲ 2024’ ਦੌਰਾਨ ਗੱਲਬਾਤ ਕਰਦਿਆਂ ਰਣਬੀਰ ਨੇ ਕਿਹਾ ਸੀ ਕਿ ਉਸ ਨੇ ‘ਰਮਾਇਣ’ ਦੇ ਪਹਿਲੇ ਭਾਗ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ, ਜਦੋਂਕਿ ਦੂਜੇ ਭਾਗ ਦੀ ਸ਼ੂਟਿੰਗ ਜਲਦੀ ਸ਼ੁਰੂ ਕੀਤੀ ਜਾਵੇਗੀ। ਉਸ ਨੇ ਕਿਹਾ ਕਿ ਉਹ ਇਸ ਫਿਲਮ ਵਿਚ ਰਾਮ ਦਾ ਰੋਲ ਕਰ ਕੇ ਬੇਹੱਦ ਖ਼ੁਸ਼ ਹੈ, ਇਹ ਮੇਰਾ ਸੁਫ਼ਨਾ ਸੀ। -ਪੀਟੀਆਈ