ਗ਼ੈਰ-ਮੁਮਕਿਨ ਹੈ ਕਿ ਹਾਲਾਤ ਕੀ ਗੁੱਥੀ ਸੁਲਝੇ
ਐਤਵਾਰ ਨੂੰ ਪੰਜਾਬੀ ਦੇ ਸਾਰੇ ਅਖ਼ਬਾਰ ਹੀ ਆਉਂਦੇ ਹਨ। ਅਖ਼ਬਾਰ ਘਰ ਘਰ ਪਹੁੰਚਾਉਣ ਵਾਲਾ, ਬਾਹਰਲੇ ਬੂਹੇ ਦੇ ਹੇਠੋਂ ਦੀ ਅਖ਼ਬਾਰ ਸਰਕਾਉਣ ਦੀ ਥਾਂ ਘਰ ਦੀ ਚਾਰਦੀਵਾਰੀ ਦੇ ਉੱਪਰੋਂ ਦੀ ਸੁੱਟਦਾ ਹੈ। ਘੰਟੀ ਜਾਂ ਦਰਵਾਜ਼ਾ ਵੀ ਨਹੀਂ ਖੜਕਾਉਂਦਾ। ਜਿਸ ਦਿਨ ਮੀਂਹ ਪੈਂਦਾ ਹੋਵੇ ਜਾਂ ਪੈ ਕੇ ਹਟਿਆ ਹੋਵੇ, ਉਸ ਦਿਨ ਤਾਂ ਅਖ਼ਬਾਰਾਂ ਦੀ ਦਸ਼ਾ ਭਿੱਜੇ ਅਮਲੀ ਤੇ ਭਿੱਜੀ ਬੱਕਰੀ ਵਰਗੀ ਹੋਈ ਹੁੰਦੀ ਹੈ।
ਇਸ ਐਤਵਾਰ ਨੂੰ ਅਖ਼ਬਾਰ ਚੁੱਕਣ ਲਈ ਤਿੰਨ ਕੁ ਗੇੜੇ ਪਹਿਲਾਂ ਮਾਰੇ। ਅਗਲੇ ਗੇੜੇ ਦੇਖਣ ਗਿਆ ਤਾਂ ਇਹ ਡੇਢ ਕੁ ਮਰਲੇ ਥਾਂ ਵਿੱਚ ਖਿੱਲਰੇ ਪਏ ਸਨ। ਇਕੱਠੇ ਕਰਦਿਆਂ ਕਰਦਿਆਂ ਮੁੱਖ ਪੰਨੇ ਦੀਆਂ ਸੁਰਖ਼ੀਆਂ ਉੱਪਰ ਵੀ ਨਜ਼ਰ ਪੈਂਦੀ ਰਹੀ।
ਮਨੀਪੁਰ ਵਿੱਚ ਫਿਰ ਹਿੰਸਾ ਭੜਕੀ।
ਬਾਰਾਮੂਲਾ ਵਿੱਚ ਫਾਇਰਿੰਗ। ਇੱਕ ਅਤਿਵਾਦੀ ਢੇਰ।
ਗੁਜਰਾਤ ਦੀ ਬੰਦਰਗਾਹ ਤੋਂ 20 ਕਰੋੜ ਦੀ ਹੈਰੋਇਨ ਬਰਾਮਦ।
ਸਕੂਲ ਬੱਸ ਹਾਦਸੇ ਦਾ ਸ਼ਿਕਾਰ, 13 ਬੱਚਿਆਂ ਦੀ ਮੌਤ।
ਨਾਬਾਲਗ ਲੜਕੀ ਨਾਲ ਸਮੂਹਿਕ ਬਲਾਤਕਾਰ।
ਛੇੜਖਾਨੀ ਤੋਂ ਤੰਗ ਵਿਦਿਆਰਥਣ ਨੇ ਖ਼ੁਦ ਨੂੰ ਲਾਈ ਅੱਗ।
ਵਿਰੋਧੀ ਪੱਖ ਨੇ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਨੂੰ ਘੇਰਿਆ।
ਪ੍ਰਧਾਨ ਮੰਤਰੀ ਨੇ ਦੱਸਿਆ, ਚੋਣਾਂ ਵਿੱਚ ਜਿੱਤ ਦਾ ਫਾਰਮੂਲਾ।
ਇਹ ਕੁਝ ਤਾਂ ਤਰਦੀ ਨਜ਼ਰ ਨਾਲ ਮੁੱਖ ਪੰਨੇ ਤੋਂ ਪੜ੍ਹਿਆ ਹੈ। ਅਜੇ ਹੋਰ ਪੰਨੇ ਪੜ੍ਹਨੇ ਹਨ। ਅਖ਼ਬਾਰਾਂ ਦੀਆਂ ਸੰਪਾਦਕੀਆਂ ਵੇਖਣੀਆਂ ਹਨ। ਬੜਾ ਕੁਝ ਹੋਰ ਹੈ। ਸਰਕਾਰੀ ਫੰਡਾਂ ਵਿੱਚ ਘਪਲੇ, ਰਿਸ਼ਵਤ ਲੈਂਦਾ ਅਫ਼ਸਰ ਰੰਗੇ ਹੱਥੀਂ ਗ੍ਰਿਫ਼ਤਾਰ, ਪੰਜਾਬ ਦੀ ਵਿਧਾਨ ਸਭਾ ਵਿੱਚੋਂ ਵਿਰੋਧੀ ਧਿਰਾਂ ਵੱਲੋਂ ਵਾਕ ਆਊਟ। ਸਾਬਕਾ ਮੰਤਰੀ ਨੂੰ ਈ.ਡੀ. ਵੱਲੋਂ ਸੰਮਨ, ਧਮਕੀਆਂ, ਧੌਂਸ, ਡਰਾਵੇ, ਕਿਸੇ ਗੈਂਗ ਵੱਲੋਂ ਫਿਰੌਤੀ ਮੰਗੀ; ਬੜਾ ਕੁਝ ਹੈ। ਹੁਣ ਪਾਠਕਾਂ ਉੱਪਰ ਅਜਿਹੀਆਂ ਖ਼ਬਰਾਂ ਦਾ ਅਸਰ ਨਹੀਂ ਹੁੰਦਾ। ਮਨ ਵਿਚਲਿਤ ਨਹੀਂ ਹੁੰਦਾ। ਬਹੁਤੀ ਵਾਰ ਸੁਰਖ਼ੀ ਪੜ੍ਹਕੇ ਹੀ ਅਗਲੀ ਖ਼ਬਰ ਦੀ ਸੁਰਖ਼ੀ ਵੇਖਣ ਲੱਗਦੇ ਹਾਂ। ਸੋਚਦੇ ਹਾਂ, ਇਹ ਤਾਂ ਹੁੰਦਾ ਹੀ ਰਹਿਣਾ ਹੈ। ਇਹ ਸਭ ਤੋਂ ਭੈੜੀ ਤੇ ਖ਼ਤਰਨਾਕ ਸਥਿਤੀ ਹੈ।
ਆਪਣੇ ਬਜ਼ੁਰਗ ਆਉਂਦੇ ਹਨ। ਉਹ ਪਿਛਲੇ ਸਮਿਆਂ ਨੂੰ ਝੂਰਦੇ ਤੁਰ ਗਏ। ਅਸੀਂ ਉਨ੍ਹਾਂ ਉੱਪਰ ਹੱਸਦੇ ਰਹੇ। ਸਮੇਂ ਦੇ ਹਾਣ ਦਾ ਨਾ ਹੋਣ ਕਰਕੇ ਉਨ੍ਹਾਂ ਦੀ ਹਰ ਗੱਲ ਦਾ ਮਜ਼ਾਕ ਉਡਾਉਂਦੇ ਰਹੇ, ਪਰ ਹੁਣ ਕੀ ਹੋ ਰਿਹਾ ਹੈ। ਕੀ ਇਹ ਪ੍ਰੋ. ਪੂਰਨ ਸਿੰਘ ਅਤੇ ਪ੍ਰੋ. ਮੋਹਣ ਸਿੰਘ ਦਾ ਪੰਜਾਬ ਹੈ? ਕੀ ਇਹ ਪੰਜਾਬ ਗੁਰਾਂ ਦੇ ਨਾਮ ’ਤੇ ਵੱਸਦਾ ਹੈ, ਕੀ ਇਹ ਪੰਜਾਬ ਭਾਰਤ ਮੁੰਦਰੀ ਵਿੱਚ ਇੱਕ ਨਗ਼ ਵਾਂਗ ਹੈ?
ਕੁਝ ਅਖ਼ਬਾਰਾਂ ਦੀਆਂ ਸੰਪਾਦਕੀਆਂ ਪੜ੍ਹਕੇ ਅਜੇ ਵੀ ਮਹਿਸੂਸ ਹੁੰਦਾ ਹੈ, ਘੋੜੇ ਵਾਲਾ ਸਾਰੇ ਹੀ ਨਹੀਂ ਫਿਰ ਗਿਆ। ਅਜੇ ਕੁਝ ਬਚਿਆ ਹੋਇਆ ਹੈ, ਪਰ ਕਿੰਨਾ ਕੁ ਚਿਰ ਬਚੇਗਾ। ਗਾਹੇ ਬਗਾਹੇ, ਮੌਜੂਦਾ ਹਾਲਾਤ ਵੇਖ ਕੇ ਫ਼ਿਕਰਮੰਦ ਝੋਰਾ ਕਰਦੇ ਹਨ। ਕੀ ਬਣੂੰ ਪੰਜਾਬ ਦਾ? ਪਰ ਵਧੇਰੇ ਫ਼ਿਕਰ ਹੈ, ਕੀ ਹੋਵੇਗਾ ਪੰਜਾਬ ਦਾ ਭਵਿੱਖ? ਪੰਜਾਬ ਦੀ ਜਵਾਨੀ ਪਲਾਇਨ ਕਰੀ ਜਾ ਰਹੀ ਹੈ। ਬਹੁਤੇ ਗੱਭਰੂਆਂ ਉੱਪਰ ਤਾਂ ਜਵਾਨੀ ਆਉਂਦੀ ਹੀ ਨਹੀਂ, ਉਹ ਬਚਪਨ ਤੋਂ ਹੀ ਸਿੱਧੇ ਬੁਢਾਪੇ ਵਿੱਚ ਸ਼ਾਮਲ ਹੋ ਰਹੇ ਹਨ। 18-20 ਸਾਲਾਂ ਦੇ ਗੱਭਰੂ, ਸਿਰੋਂ ਗੰਜੇ ਹੋ ਰਹੇ ਹਨ ਜਾਂ ਵਾਲ ਸਫ਼ੈਦ ਹੋ ਰਹੇ ਹਨ। 25-30 ਸਾਲਾਂ ਦੀ ਉਮਰ ਵਿੱਚ ਗੋਡੇ ਦਰਦ ਕਰਨ ਲੱਗਦੇ ਹਨ। ਬਹੁਤੇ ਬੱਚਿਆਂ ਦੇ ਤਾਂ ਬਚਪਨ ਵਿੱਚ ਹੀ ਨਜ਼ਰ ਦੀਆਂ ਐਨਕਾਂ ਲੱਗ ਗਈਆਂ, ਮੋਬਾਈਲਾਂ ਦੀ ਬਿਮਾਰੀ ਤਪਦਿਕ ਵਾਂਗ ਚਿੰਬੜੀ ਹੋਈ ਹੈ। ਨਸ਼ਿਆਂ ਕਾਰਨ ਜਵਾਨੀ ਵਿੱਚ ਹੀ ਬੁੱਢਿਆਂ ਵਾਂਗ ਸਰੀਰ ਕੰਬਣ ਲੱਗੇ ਹਨ। ਵਧੇਰੇ ਨੌਜਵਾਨਾਂ ਵਿੱਚ ਨਾ ਕੋਈ ਭਵਿੱਖ ਲਈ ਯੋਜਨਾ ਹੈ ਨਾ ਸੁਪਨੇ ਹਨ। ਚਾਰ ਮਾਰਗੀ ਜਾਂ ਛੇ ਮਾਰਗੀ ਕੌਮੀ ਪ੍ਰਾਜੈਕਟਾਂ ਵਿੱਚ ਜਿਨ੍ਹਾਂ ਦੀ ਜ਼ਮੀਨ ਐਕੁਆਇਰ ਹੋਣੀ ਹੈ, ਉਹ ਇਸ ਲਈ ਧਰਨੇ ਜਾਂ ਅੰਦੋਲਨ ਨਹੀਂ ਕਰ ਰਹੇ ਕਿ ਅਸੀਂ ਜ਼ਮੀਨਾਂ ਨਹੀਂ ਦੇਵਾਂਗੇ, ਖਾਵਾਂਗੇ ਕਿੱਥੋਂ? ਉਹ ਇਸ ਲਈ ਅੰਦੋਲਨ ਕਰ ਰਹੇ ਹਨ, ਜੋ ਸਰਕਾਰ ਮੁਆਵਜ਼ਾ ਦੇ ਰਹੀ ਹੈ, ਉਹ ਬਹੁਤ ਘੱਟ ਦੇ ਰਹੀ ਹੈ, ਉਹ ਵੱਧ ਮੁਆਵਜ਼ੇ ਲਈ ਧਰਨੇ ਦੇ ਰਹੇ ਹਨ।
ਜਦੋਂ ਕਰੋੜਾਂ ਰੁਪਏ ਹੱਥ ਆ ਗਏ ਜਾਂ ਬੈਂਕ ਖਾਤਿਆਂ ਵਿੱਚ ਪੈ ਗਏ, ਉਨ੍ਹਾਂ ਨੂੰ ਕਿਸੇ ਕਾਰੋਬਾਰ ਵਿੱਚ ਜਾਂ ਵਪਾਰ ਵਿੱਚ ਲਾਉਣ ਦੀ ਥਾਂ ਵੱਡੀ ਕਾਰ, ਵੱਡੀ ਕੋਠੀ ਪਹਿਲਾਂ, ਅੱਧੀ ਅੱਧੀ ਰਾਤ ਤੱਕ ਪਾਰਟੀਆਂ ਜਾਂ ਇਹੋ ਜਿਹਾ ਹੀ ਲੱਲਾ ਭੱਬਾ ਕੋਈ ਹੋਰ। ਜਦੋਂ ਬੰਦੇ ਦੇ ਪਰਛਾਵੇਂ ਲੰਮੇ ਹੁੰਦੇ ਜਾਣ ਤਾਂ ਸਮਝ ਲਓ, ਸੂਰਜ ਡੁੱਬਣ ਵਾਲਾ ਹੈ।
ਬਾਹਰੋਂ ਵੇਖਿਆਂ ਪੰਜਾਬ ਹਰ ਸੂਬੇ ਤੋਂ ਮੋਹਰੀ ਜਾਪਦਾ ਹੈ ਪਰ ਵਿਤਕਰਾ ਇਸ ਨਾਲ ਦਹਾਕਿਆਂ ਤੋਂ ਹੁੰਦਾ ਆਇਆ ਹੈ। ਇੱਕ ਦੋ ਖ਼ਬਰਾਂ ਰੋਜ਼ ਪੜ੍ਹਨ ਨੂੰ ਮਿਲਦੀਆਂ ਹਨ:
ਪੁੱਤਰ ਨੇ ਆਪਣੇ ਪਿਉ ਨੂੰ ਇਸ ਲਈ ਵੱਢ ਦਿੱਤਾ, ਉਹ ਨਸ਼ਾ ਕਰਨ ਲਈ ਪੈਸੇ ਨਹੀਂ ਸੀ ਦਿੰਦਾ।
ਇੱਕ ਪੁੱਤਰ ਨੇ ਕਹੀ ਮਾਰ ਕੇ ਮਾਂ ਮਾਰ ਦਿੱਤੀ, ਉਹ ਪੁੱਤਰ ਨੂੰ ਨਸ਼ੇ ਕਰਨ ਤੋਂ ਵਰਜਦੀ ਸੀ।
ਸਹੀ ਅਰਥਾਂ ਵਿੱਚ ਵੇਖਿਆ ਜਾਵੇ ਤਾਂ ਪੰਜਾਬ ਦਾ ਭਵਿੱਖ ਬੇਹੱਦ ਹਨੇਰਾ ਦਿੱਸਦਾ ਹੈ। ਕਿਸੇ ਵੀ ਸਮਾਜ, ਸੂਬੇ ਜਾਂ ਦੇਸ਼ ਦਾ ਭਵਿੱਖ ਨੌਜਵਾਨਾਂ ਦੇ ਹੱਥਾਂ ਵਿੱਚ ਹੁੰਦਾ ਹੈ, ਪਰ ਦਿਸ਼ਾਹੀਣ ਪੜ੍ਹਾਈ ਸਿਰਫ਼ ਰੋਬੋਟ ਪੈਦਾ ਕਰ ਰਹੀ ਹੈ। ਪੜ੍ਹਾਈ ਸਮੇਂ ਕੰਪਿਊਟਰ ਅੱਗੇ ਬੈਠੇ ਰਹੇ, ਵਿਹਲੇ ਹੋਏ ਤਾਂ ਕੰਨਾਂ ਵਿੱਚ ਈਅਰ ਫੋਨ ਫਸਾ ਲਏ। ਚੈਟਿੰਗ ਕਰੋ ਜਾਂ ਗੀਤ ਸੁਣੋ। ਮੋਟਰਸਾਈਕਲ ’ਤੇ ਹੋਣ, ਬੱਸਾਂ ਵਿੱਚ ਹੋਣ, ਸੈਰ ਕਰ ਰਹੇ ਹੋਣ, ਕੰਨਾਂ ਵਿੱਚ ਈਅਰ ਫੋਨ ਜ਼ਰੂਰੀ। ਸੋਚਣਾ ਮਨ੍ਹਾ ਹੈ। ਸੋਚਣ ਨਾਲ ਚਿੰਤਾਵਾਂ ਵਧਦੀਆਂ ਹਨ। ਸੋਚਣ ਨਾਲ ਮਨੁੱਖ ਭਾਵਨਾ ਵਿੱਚ ਵਹਿ ਸਕਦਾ ਹੈ। ਸਿਰਫ਼ ਰੋਬੋਟ। ਬੈਂਡ ਕਿੰਨੇ, ਪੈਕੇਜ ਕਿੰਨੇ ਲੱਖ ਦਾ, ਇੱਕੋ ਇੱਕ ਮਕਸਦ, ਮਾਪੇ ਵੀ ਇਹੀ ਚਾਹੁੰਦੇ ਹਨ। ਇਹ ਮੁਕਾਬਲੇ ਦਾ ਯੁੱਗ ਹੈ।
ਮੋਗਾ ਤੋਂ ਰੇਲ ਰਾਹੀਂ ਚੰਡੀਗੜ੍ਹ ਜਾ ਰਿਹਾ ਸਾਂ। ਰਸਤੇ ’ਚ ਦੇਖਿਆ, ਰੇਲ ਡੱਬੇ ਵਿੱਚ ਲਗਭਗ 70-72 ਮੁਸਾਫ਼ਰ ਸਨ। ਉਮਰ ਦਾ ਹਰ ਵਰਗ ਬੈਠਾ ਸੀ। ਹਰ ਇੱਕ ਦੇ ਹੱਥ ਵਿੱਚ ਮੋਬਾਈਲ ਸੀ, ਬੱਚਿਆਂ ਕੋਲ ਵੀ, ਕੋਈ ਗੇਮ ਖੇਡ ਰਿਹਾ ਸੀ, ਕੋਈ ਚੈਟਿੰਗ ਕਰ ਰਿਹਾ ਸੀ, ਕੋਈ ਈਅਰ ਫੋਨ ਲਗਾ ਕੇ ਝੂਮ ਰਿਹਾ ਸੀ। ਪੂਰੇ ਡੱਬੇ ਵਿੱਚ ਕਿਸੇ ਇੱਕ ਦੇ ਵੀ ਹੱਥ ਵਿੱਚ ਅਖ਼ਬਾਰ ਜਾਂ ਕਿਤਾਬ ਨਹੀਂ ਸੀ। ਡੱਬੇ ਵਿੱਚ ਸਮੁੱਚੇ ਪੰਜਾਬੀ ਸਮਾਜ ਦਾ ਵਰਤਮਾਨ ਸਫ਼ਰ ਕਰ ਰਿਹਾ ਸੀ।
ਸੱਤਾ ਦੀ ਭਾਸ਼ਾ ਸਿੱਖੋ। ਆਪਣੀ ਮਾਤ ਭਾਸ਼ਾ ਨੂੰ ਨਫ਼ਰਤ ਕਰੋ। ਹਰ ਸੱਤਾ ਲੋਕਾਂ ਦੀ ਭਾਸ਼ਾ ਤੋਂ ਵਿੱਥ ਬਣਾ ਕੇ ਰੱਖਦੀ ਹੈ। ਵਾਹ ਲੱਗਦੀ ਉਹ ਲੋਕ ਭਾਸ਼ਾ ਨੂੰ ਰੁਜ਼ਗਾਰ ਦੀ ਭਾਸ਼ਾ ਬਣਨ ਨਹੀਂ ਦਿੰਦੀ। ਹੁਣ ਤਾਂ ਸਰਕਾਰੀ ਅਦਾਰਿਆਂ ਵਿੱਚ ਵੀ ਆਈਲੈਟਸ ਪੜ੍ਹਾਉਣ ਦਾ ਪ੍ਰਬੰਧ ਹੋਣ ਦੀ ਚਰਚਾ ਹੈ। ਚੇਤੰਨ ਨਹੀਂ ਹੋਣਾ, ਚੇਤੰਨ ਹੋਣਾ ਹੀ ਖ਼ਤਰਨਾਕ ਹੈ। ਤਾਣੀ ਬਹੁਤ ਹੀ ਉਲਝੀ ਹੋਈ ਹੈ ਤੇ ਉਲਝਾਈ ਵੀ ਹੋਈ ਹੈ।
ਗ਼ੈਰ-ਮੁਮਕਿਨ ਹੈ ਕਿ ਹਾਲਾਤ ਕੀ ਗੁੱਥੀ ਸੁਲਝੇ,
ਅਹਿਲੇ ਦਾਨਿਸ਼ ਨੇ ਬੜੀ ਸੋਚ ਕੇ ਉਲਝਾਈ ਹੈ।
ਸੰਪਰਕ: 98147-83069