ਵਿਕਾਸ ਦੇ ਨਾਲ-ਨਾਲ ਭਾਈਚਾਰਕ ਸਾਂਝ ਕਾਇਮ ਰੱਖਣਾ ਜ਼ਰੂਰੀ: ਕੁਲਵੰਤ ਸਿੰਘ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 21 ਨਵੰਬਰ
ਮੁਹਾਲੀ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਪਿੰਡ ਜਗਤਪੁਰ ਤੋਂ ਕੰਡਾਲਾ ਤੱਕ ਲਿੰਕ ਸੜਕ ਬਣਾਉਣ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਡੀਸੀ ਸ੍ਰੀਮਤੀ ਆਸ਼ਿਕਾ ਜੈਨ ਦੀ ਮੌਜੂਦਗੀ ਵਿੱਚ ਕਹੀ ਦਾ ਟੱਕ ਲਗਾ ਕੇ ਸੜਕ ਦਾ ਕੰਮ ਸ਼ੁਰੂ ਕਰਵਾਇਆ। ਇਸ ਮੌਕੇ ਐੱਸਡੀਐੱਮ ਦਮਨਦੀਪ ਕੌਰ ਵੀ ਮੌਜੂਦ ਸਨ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪੀਡਬਲਿਊਡੀ ਵਿਭਾਗ ਵੱਲੋਂ ਇੱਕ ਕਰੋੜ ਦੀ ਲਾਗਤ ਨਾਲ ਇਹ ਸੜਕ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਬਣਾਈ ਜਾਵੇਗੀ। ਵਿਧਾਇਕ ਨੇ ਕਿਹਾ ਕਿ ਬਰਮ ਸਣੇ 22 ਫੁੱਟ ਚੌੜੀ ਇਹ ਸੜਕ ਬਣਨ ਨਾਲ ਲੋਕਾਂ ਨੂੰ ਹਵਾਈ ਅੱਡੇ ਜਾਣ-ਆਉਣ ਵਿੱਚ ਫ਼ਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਸਰਬਪੱਖੀ ਵਿਕਾਸ ਦੇ ਨਾਲ-ਨਾਲ ਭਾਈਚਾਰਕ ਸਾਂਝ ਨੂੰ ਕਾਇਮ ਰੱਖਣਾ ਵੀ ਜ਼ਰੂਰੀ ਹੈ। ਇਸ ਲਈ ਗਰਾਮ ਪੰਚਾਇਤਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵਿਕਾਸ ਨੂੰ ਤਰਜੀਹ ਦੇਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਪਿੰਡ ਕੰਡਾਲਾ ਦੇ ਸਰਪੰਚ ਹਰਪ੍ਰੀਤ ਸਿੰਘ ਨੇ ਵਿਧਾਇਕ ਕੁਲਵੰਤ ਸਿੰਘ ਦਾ ਸਵਾਗਤ ਕੀਤਾ ਅਤੇ ਭਰੋਸਾ ਦਿੱਤਾ ਕਿ ਸਰਕਾਰ ਵੱਲੋਂ ਜਿਸ ਕੰਮ ਲਈ ਗਰਾਂਟ ਦਿੱਤੀ ਜਾਵੇਗੀ, ਉਸੇ ਕੰਮ ’ਤੇ ਪੈਸਾ ਖ਼ਰਚਿਆ ਜਾਵੇਗਾ।
ਇਸ ਮੌਕੇ ਕਾਰਜਕਾਰੀ ਇੰਜੀਨੀਅਰ ਸ਼ਿਵਪ੍ਰੀਤ ਸਿੰਘ, ‘ਆਪ’ ਵਲੰਟੀਅਰ ਕੁਲਦੀਪ ਸਿੰਘ ਸਮਾਣਾ, ਡਾ. ਕੁਲਦੀਪ ਸਿੰਘ, ਰਣਜੀਤ ਸਿੰਘ ਰਾਣਾ, ਸਾਬਕਾ ਕੌਂਸਲਰ ਹਰਪਾਲ ਸਿੰਘ ਚੰਨਾ ਹਾਜ਼ਰ ਸਨ।