For the best experience, open
https://m.punjabitribuneonline.com
on your mobile browser.
Advertisement

ਰੁਕਣਾ ਵੀ ਜ਼ਰੂਰੀ ਹੈ

08:44 AM Jan 06, 2024 IST
ਰੁਕਣਾ ਵੀ ਜ਼ਰੂਰੀ ਹੈ
Advertisement

ਕਮਲ ਸਰਾਵਾਂ

Advertisement

ਹਵਾ ਚੱਲਦੀ ਚੱਲਦੀ ਰੁਕ ਜਾਂਦੀ ਹੈ, ਪਾਣੀ ਵਹਿੰਦੇ ਵਹਿੰਦੇ ਖੜ੍ਹ ਜਾਂਦੇ ਹਨ। ਚੱਲਣਾ ਵੀ ਜ਼ਰੂਰੀ ਹੈ, ਰੁਕਣਾ ਵੀ ਜ਼ਰੂਰੀ ਹੈ। ਸਾਹ ਵੀ ਚੱਲਦੇ-ਚੱਲਦੇ ਰੁਕ ਜਾਂਦੇ ਹਨ, ਰੁਕ ਜਾਣਗੇ। ਸਭ ਕੁਝ ਕਦੇ ਵੀ ਕਿਸੇ ਦਾ ਵੀ ਠੀਕ ਨਹੀਂ ਹੁੰਦਾ। ਕੀ ਜ਼ਰੂਰੀ ਏ, ਕਿੰਨਾ ਕੁ ਜ਼ਰੂਰੀ ਏ, ਜਦ ਇਹ ਤੈਅ ਹੋ ਜਾਵੇ ਤਾਂ ਜ਼ਿੰਦਗੀ ਤਰਤੀਬ ਵਿੱਚ ਆ ਜਾਂਦੀ ਹੈ। ਬਿਨਾਂ ਨਿਸ਼ਾਨੇ ਤੋਂ ਛੱਡੇ ਤੀਰ ਕਿਤੇ ਵੀ ਜਾ ਕੇ ਲੱਗਣ, ਪਰ ਨਿਸ਼ਾਨੇ ’ਤੇ ਕਦੇ ਨਹੀਂ ਲੱਗਦੇ। ਬਿਨਾਂ ਮੰਜ਼ਿਲ ਤੋਂ ਘਰੋਂ ਨਿਕਲੇ ਮਨੁੱਖ ਕਿਤੇ ਵੀ ਪਹੁੰਚਣ, ਪਰ ਮੰਜ਼ਿਲ ’ਤੇ ਨਹੀਂ ਪਹੁੰਚਦੇ। ਦੌੜ ਭੱਜ ਕਰਦੇ ਰਹਿਣਾ ਜ਼ਿੰਦਗੀ ਨਹੀਂ ਹੁੰਦਾ। ਜ਼ਿੰਦਗੀ ਦੌੜ ਨਹੀਂ, ਮੌਕਾ ਹੈ। ਕੁਝ ਅਜਿਹਾ ਕਰਨ ਦਾ ਕਿ ਆਖ਼ਰੀ ਲਮਹੇ ਮਾਣਯੋਗ ਮਹਿਸੂਸ ਹੋਣ ਅਤੇ ਪਿੱਛੇ ਰਹਿ ਗਏ ਲੋਕ ਆਪਣੀਆਂ ਯਾਦਾਂ ਵਿੱਚ ਵਸਾ ਕੇ ਰੱਖਣ। ਜਦ ਦੂਸਰਿਆਂ ਦੇ ਦਿਲ ਵਿੱਚ ਜਗ੍ਹਾ ਬਣਾਉਣਾ ਮਨੁੱਖ ਦਾ ਮਕਸਦ ਨਹੀਂ ਰਹਿੰਦਾ, ਉਹ ਬੰਦਾ ਬੰਦਿਆਈ ਤੋਂ ਸੱਖਣਾ ਹੋ ਜਾਂਦਾ ਹੈ। ਬੰਦਿਆਈ ਤੋਂ ਸੱਖਣੇ ਬੰਦੇ ਮਾਰੂ ਹਥਿਆਰਾਂ ਤੋਂ ਵੱਧ ਖ਼ਤਰਨਾਕ ਹੁੰਦੇ ਹਨ, ਖ਼ੁਦ ਲਈ ਵੀ, ਪਰਿਵਾਰ ਲਈ ਵੀ ਤੇ ਕੁੱਲ ਦੁਨੀਆ ਲਈ ਵੀ।
ਗੱਲਾਂ ਨਾਲ ਕੋਈ ਨਹੀਂ ਸਮਝਦਾ। ਸਮਝਣ ਲਈ ਸਭ ਨੂੰ ਇੱਕ ਹਾਦਸਾ ਜ਼ਰੂਰੀ ਹੈ। ਮਨੁੱਖ ਨੂੰ ਨੁਕਸਾਨ ਕਰਾਏ ਬਿਨਾਂ ਫਾਇਦਾ ਸਮਝ ’ਚ ਨਹੀਂ ਆਉਂਦਾ। ਕਿਸੇ ਦੇ ਗੈਰ-ਹਾਜ਼ਰ ਹੋਏ ਬਿਨਾਂ ਉਸ ਦੀ ਹਾਜ਼ਰੀ ਨਹੀਂ ਮਹਿਸੂਸ ਹੁੰਦੀ। ਕਿਸੇ ਦੇ ਦੂਰ ਹੋਏ ਬਿਨਾਂ ਉਸ ਦੀ ਨੇੜਤਾ ਦਾ ਅਹਿਸਾਸ ਨਹੀਂ ਹੁੰਦਾ। ਸਾਂਭਣ ਵਾਲੇ ਤਸਵੀਰਾਂ ਦੇ ਟੁਕੜੇ ਤੱਕ ਸਾਂਭ ਲੈਂਦੇ ਹਨ ਤੇ ਗਵਾਉਣ ਵਾਲੇ ਤਸਵੀਰਾਂ ਤਾਂ ਕੀ ਇਨਸਾਨ ਵੀ ਗਵਾ ਲੈਂਦੇ ਹਨ।
ਦੁਨੀਆ ਦੇ ਸਭ ਤੋਂ ਬਿਹਤਰੀਨ ਇਨਸਾਨ ਉਹ ਹੁੰਦੇ ਹਨ, ਜਿਨ੍ਹਾਂ ਦਾ ਆਪਣਾ ਇੱਕ ਅੰਦਾਜ਼ ਅਤੇ ਆਪਣੀ ਇੱਕ ਅਦਾ ਹੁੰਦੀ ਹੈ। ਉਹ ਅੰਦਾਜ਼ ਜੋ ਉਨ੍ਹਾਂ ਦੇ ਨਾਲ ਹੀ ਜਨਮ ਲੈਂਦਾ ਹੈ, ਉਹ ਅਦਾ ਜੋ ਕਿਸੇ ਦੀ ਨਕਲ ਕਰਨ ਨਾਲ ਨਹੀਂ ਆਉਂਦੀ। ਦੇਖਣ ’ਚ ਬਹੁਤ ਲੋਕ ਬਹੁਤ ਆਮ ਲੱਗਦੇ ਹਨ, ਬਹੁਤ ਸਾਦੇ ਜਿਹੇ ਦਿਸਦੇ ਹਨ, ਪਰ ਉਹ ਵੀ ਬਹੁਤ ਖ਼ਾਸ ਹੁੰਦੇ ਹਨ। ਉਹ ਸਾਦਗੀ ਵੀ ਖੂਬਸੂਰਤੀ ਦੀ ਬੁਲੰਦੀ ਲੱਗਦੀ ਹੈ, ਉਹ ਹੱਸਦੇ ਹਨ ਤਾਂ ਹਾਸਾ ਬਹੁਤ ਕੁਦਰਤੀ ਜਿਹਾ ਲੱਗਦਾ ਹੈ, ਬਿਲਕੁਲ ਓਵੇਂ ਜਿਵੇਂ ਕੁਦਰਤੀ ਫੁੱਲ ਖਿਲਦੇ ਨੇ। ਕਿਸੇ ਧੂੜ ਭਰੇ ਰਸਤੇ ’ਤੇ ਖਿੜ ਕੇ ਫੁੱਲ ਆਮ ਨਹੀਂ ਹੋ ਜਾਂਦੇ, ਸਗੋਂ ਓਸ ਧੂੜ ਨੂੰ ਵੀ ਖੁਸ਼ਬੂਦਾਰ ਅਤੇ ਉਸ ਕੱਚੇ ਰਸਤੇ ਨੂੰ ਵੀ ਮਹਿਕਾਂ ਦੀ ਮਜ਼ਬੂਤੀ ਬਖ਼ਸ਼ ਦਿੰਦੇ ਹਨ। ਫਿਰ ਉਹ ਸਾਦਾ ਜਿਹਾ ਰਸਤਾ ਆਪਣੇ-ਆਪ ਵਿੱਚ ਖੁਸ਼ਬੋਆਂ ਦੀ ਤਾਜ਼ਾ-ਤਰੀਨ ਆਮਦ ਲੱਗਦਾ ਹੈ। ਖ਼ੁਦ ਨੂੰ ਬਹੁਤ ਹਸੀਨ ਦਿਖਾਉਣ ਲਈ ਇਨਸਾਨ ਜੋ ਕਰਦਾ ਹੈ, ਉਹ ਸਭ ਉਸ ਨੂੰ ਬਹੁਤ ਬਣਾਉਟੀ ਜਿਹਾ ਬਣਾ ਕੇ ਰੱਖ ਦਿੰਦਾ ਹੈ। ਕੁਦਰਤੀ ਤੌਰ ’ਤੇ ਅਸੀਂ ਜਿਵੇਂ ਹਾਂ ਉਸ ਕਾਇਨਾਤ ਦੇ ਬੇਸ਼ੁਮਾਰ ਹਸੀਨ ਫੁੱਲ ਵਰਗੇ ਹਾਂ, ਜੋ ਠੰਢੀਆਂ-ਮਿੱਠੀਆਂ ਪੌਣਾਂ ’ਚ ਝੂਮ ਕੇ, ਬਾਰਿਸ਼ਾਂ ਦੇ ਵਿੱਚ ਇਸ਼ਨਾਨ ਕਰ, ਚਾਨਣੀਆਂ ਅਤੇ ਸਿਆਹ ਰਾਤਾਂ ਨੂੰ ਮਾਣਨ ਤੋਂ ਬਾਅਦ ਇੱਕ ਕਲਮ ਦੇ ਹਿਰਦੇ ਵਿੱਚੋਂ ਕਲੀ ਬਣ ਕੇ ਤੇ ਫਿਰ ਕਲੀ ਤੋਂ ਖੁਸ਼ਬੂਦਾਰ ਅਤੇ ਹਸੀਨ ਫੁੱਲ ਬਣ ਕੇ ਲੋਕਾਂ ਦੇ ਸਾਹਮਣੇ ਪੇਸ਼ ਹੁੰਦਾ ਹੈ।
ਜੋ ਹੋ ਓਹੀ ਦਿਸੋ..ਜੋ ਨਹੀਂ ਹੋ...ਉਹ ਹੋਣ ਦਾ ਦਿਖਾਵਾ ਕਰ ਕੇ ਖ਼ੁਦ ਦੀ ਨਜ਼ਰ ’ਚ ਫਾਲਤੂ ਨਾ ਬਣੋ।
ਤੁਸੀਂ ਏਨੇ ਗਰੀਬ ਨਹੀਂ, ਜਿੰਨਾ ਤੁਹਾਨੂੰ ਸੋਸ਼ਲ ਮੀਡੀਆ ਨੇ ਬਣਾ ਦਿੱਤਾ ਹੈ। ਲੋਕਾਂ ਦੀਆਂ ਦਿਖਾਵੇ ਦੀਆਂ ਗੱਡੀਆਂ ਅਤੇ ਬੰਗਲਿਆਂ ਨੇ ਤੁਹਾਨੂੰ ਤੁਹਾਡੇ ਕੋਲ ਕਿੰਨਾ ਕੁਝ ਹੁੰਦੇ ਹੋਏ ਵੀ ਸੜਕ ’ਤੇ ਬੈਠਾ ਭਿਖਾਰੀ ਬਣਾ ਦਿੱਤਾ ਹੈ। ਹੁਣ ਤੁਹਾਡੀ ਜ਼ਿੰਦਗੀ ਦੇ ਸਾਰੇ ਸੁਪਨੇ ਸਾਰੇ ਮਕਸਦ ਖ਼ਤਮ ਹੋ ਚੁੱਕੇ ਹਨ। ਤੁਹਾਨੂੰ ਕੋਈ ਕਾਮਯਾਬੀ ਨਹੀਂ ਚਾਹੀਦੀ। ਤੁਸੀਂ ਬੱਸ ਪੈਸਾ ਕਮਾਉਣਾ ਹੈ। ਉਹ ਹੁਣ ਸੱਟੇ ਤੋਂ ਕਮਾਓ ਜਾਂ ਜੂਏ ਤੋਂ। ਸੋਸ਼ਲ ਮੀਡੀਆ ਨੇ ਪੈਸੇ ਨੂੰ ਹੀ ਇੱਕੋ-ਇੱਕ ਕਾਮਯਾਬੀ ਬਣਾ ਦਿੱਤਾ ਹੈ। ਖ਼ਾਹਿਸ਼ਾਂ ਦਾ ਕੋਈ ਅੰਤ ਨਹੀਂ। ਅਮੀਰ ਸਿਰਫ਼ ਉਹੀ ਹੈ ਜਿਸ ਦੇ ਕੋਲ ਜੋ ਕੁਝ ਹੈ, ਉਸੇ ’ਚ ਉਹ ਖੁਸ਼ ਰਹੇ। ਸੋ ਤੁਸੀਂ ਅਮੀਰ ਹੋ। ਦਿਮਾਗ਼ ਨੂੰ ਜ਼ਿਆਦਾ ਵਰਤਣਾ ਬੰਦ ਕਰ ਦਿਓ। ਆਪਣੇ ਲਾਲਚ ਤੇ ਆਪਣੀਆਂ ਖ਼ਾਹਿਸ਼ਾਂ ਨੂੰ ਕਾਬੂ ’ਚ ਰੱਖੋ ਕਿਉਂਕਿ ਦੁਨੀਆ ’ਚ ਇੰਨੀ ਤਾਕਤ ਜਾਂ ਦੌਲਤ ਹੈ ਹੀ ਨਹੀਂ ਕਿ ਕਿਸੇ ਦੇ ਲਾਲਚ ਨੂੰ ਪੂਰਾ ਕਰ ਸਕੇ। ਕੁਦਰਤ ਕੋਲ ਸਾਡੀਆਂ ਜ਼ਰੂਰਤਾਂ ਲਈ ਸਭ ਕੁਝ ਹੈ, ਪਰ ਲਾਲਚ ਲਈ ਕੁਝ ਵੀ ਨਹੀਂ। ਵੈਸੇ ਵੀ ਜ਼ਰੂਰਤਾਂ ਬਾਦਸ਼ਾਹਾਂ ਦੀਆਂ ਵੀ ਪੂਰੀਆਂ ਹੋ ਜਾਂਦੀਆਂ ਹਨ ਤੇ ਖ਼ਾਹਿਸ਼ਾਂ ਫ਼ਕੀਰਾਂ ਦੀਆਂ ਵੀ ਅਧੂਰੀਆਂ ਰਹਿ ਜਾਂਦੀਆਂ ਹਨ।
ਘੱਟ ਪੈਸਿਆਂ ’ਚ ਖ਼ੁਸ਼ ਰਹਿਣਾ ਮੁਸ਼ਕਿਲ ਹੈ, ਪਰ ਜ਼ਿਆਦਾ ਪੈਸਿਆਂ ’ਚ ਖੁਸ਼ ਰਹਿਣਾ ਨਾਮੁਮਕਿਨ ਹੈ। ਹਰ ਚੀਜ਼ ਦੀ ਆਪਣੀ ਅਹਿਮੀਅਤ ਹੁੰਦੀ ਹੈ। ਲੋੜ ਤੋਂ ਜ਼ਿਆਦਾ ਰੌਸ਼ਨੀ ਬੰਦੇ ਨੂੰ ਦਿਸਣਾ ਬੰਦ ਕਰ ਦਿੰਦੀ ਹੈ। ਲਾਲਚ ਅਜਿਹੀ ਚੀਜ਼ ਹੈ ਜੋ ਜ਼ਿੰਦਗੀ ਨੂੰ ਅਜਿਹੀ ਦਲਦਲ ਬਣਾ ਦਿੰਦਾ ਹੈ ਕਿ ਜਿਸ ’ਚੋਂ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ। ਆਪਣੀ ਯਾਤਰਾ ਦਾ ਆਨੰਦ ਮਾਣੋ, ਮੰਜ਼ਿਲ ਦਾ ਨਹੀਂ। ਬਹੁਤੇ ਲੋਕ ਆਪਣੀ ਖੁਸ਼ੀ ਨੂੰ ਉਦੋਂ ਤੱਕ ਅੱਗੇ ਪਾਉਂਦੇ ਰਹਿੰਦੇ ਹਨ ਕਿ ਜਦੋਂ ਮੈਂ ਆਪਣੇ ਸੋਚੇ ਹੋਏ ਮੁਕਾਮ ’ਤੇ ਪਹੁੰਚ ਗਿਆ, ਜਦੋਂ ਡਿਗਰੀ ਮਿਲ ਜਾਵੇਗੀ, ਜਦੋਂ ਵਿਆਹ ਹੋ ਜਾਵੇਗਾ, ਜਦੋਂ ਬੱਚੇ ਹੋ ਜਾਣਗੇ, ਉਦੋਂ ਮੈਂ ਖੁਸ਼ੀ ਮਨਾਉਂਗਾ। ਆਪਣੀ ਯਾਤਰਾ ਦਾ ਆਨੰਦ ਮਾਣੋ, ਜ਼ਿੰਦਗੀ ’ਚ ਅੱਗੇ ਵੱਲ ਪੁੱਟੇ ਹਰ ਕਦਮ ਨੂੰ ਮਾਣੋ। ਸਾਡੇ ਕੋਲ ਦੋ ਜੀਵਨ ਹਨ ਅਤੇ ਦੂਜਾ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਸਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਸਾਡੇ ਕੋਲ ਸਿਰਫ਼ ਇੱਕ ਹੈ। ਕੁਝ ਲੋਕ ਏਸ ਕਰਕੇ ਕਾਮਯਾਬ ਹੋ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਕੋਈ ਇਹ ਨਹੀਂ ਕਹਿਣ ਵਾਲਾ ਹੁੰਦਾ ਕਿ ਤੇਰੇ ਤੋਂ ਇਹ ਨਹੀਂ ਹੋਣਾ, ਤੇਰੇ ਲਈ ਇਹ ਨਾਮੁਮਕਿਨ ਹੈ।
ਕੋਈ ਮਰਨਾ ਨਹੀਂ ਚਾਹੁੰਦਾ। ਇੱਥੋਂ ਤੱਕ ਕਿ ਜਿਹੜੇ ਲੋਕ ਸਵਰਗ ਵੀ ਜਾਣਾ ਚਾਹੁੰਦੇ ਹਨ ਉੱਥੇ ਪਹੁੰਚਣ ਲਈ ਮਰਨਾ ਨਹੀਂ ਚਾਹੁੰਦੇ। ਫਿਰ ਵੀ ਮੌਤ ਉਹ ਮੰਜ਼ਿਲ ਹੈ ਜਿੱਥੇ ਅਸੀਂ ਸਭ ਨੇ ਪਹੁੰਚਣਾ ਹੀ ਹੈ। ਕੋਈ ਵੀ ਇਸ ਤੋਂ ਬਚ ਨਹੀਂ ਸਕਦਾ। ਇਹ ਇਸ ਕਰਕੇ ਹੈ ਕਿਉਂਕਿ ਮੌਤ ਜ਼ਿੰਦਗੀ ਦੀ ਇਸ ਤਰ੍ਹਾਂ ਦੀ ਕਾਢ ਹੈ ਜਿਸ ਦੇ ਅਸਰ ਵਿੱਚ ਜ਼ਿੰਦਗੀ ਆਪਣਾ ਰੰਗ-ਰੂਪ ਬਦਲਦੀ ਹੈ। ਇਹ ਨਵੇਂ ਲਈ ਰਾਹ ਬਣਾਉਣ ਲਈ ਪੁਰਾਣੇ ਰਸਤੇ ਨੂੰ ਸਾਫ਼ ਕਰਦੀ ਹੈ। ਇਸ ਸਮੇਂ ਨਵੇਂ ਤੁਸੀਂ ਹੋ, ਪਰ ਕੋਈ ਤੁਹਾਡੇ ਤੋਂ ਬਹੁਤ ਜ਼ਿਆਦਾ ਦੂਰ ਨਹੀਂ ਹੈ। ਤੁਸੀਂ ਵੀ ਹੌਲੀ-ਹੌਲੀ ਪੁਰਾਣੇ ਹੋ ਜਾਓਗੇ ਅਤੇ ਸਾਫ਼ ਕਰ ਦਿੱਤੇ ਜਾਓਗੇ। ਵੈਸੇ ਇਹ ਬਹੁਤ ਨਾਟਕੀ ਜਿਹਾ ਲੱਗਦੈ, ਪਰ ਇਹ ਬਿਲਕੁਲ ਸੱਚ ਹੈ ਕਿ ਤੁਹਾਡੇ ਕੋਲ ਸਮਾਂ ਸੀਮਤ ਹੈ। ਇਸ ਲਈ ਕਿਸੇ ਹੋਰ ਦੀ ਜ਼ਿੰਦਗੀ ਜਿਉਣ ਲਈ ਇਸ ਨੂੰ ਬਰਬਾਦ ਨਾ ਕਰੋ। ਕਿਸੇ ਅਜਿਹੇ ਫ਼ਲਸਫ਼ੇ ਵਿੱਚ ਨਾ ਫਸੋ ਜੋ ਦੂਜੇ ਲੋਕਾਂ ਦੀ ਸੋਚ ਅਤੇ ਕੰਮਾਂ ਦਾ ਨਤੀਜਾ ਹੈ। ਦੂਜਿਆਂ ਦੀਆਂ ਰਾਵਾਂ ਦਾ ਸ਼ੋਰ ਨਾ ਸੁਣੋ। ਦੂਜੇ ਸਿਰਫ਼ ਸਲਾਹਾਂ ਦਿੰਦੇ ਹਨ, ਸਾਥ ਨਹੀਂ। ਆਪਣੀ ਆਤਮਾ ਦੀ ਆਵਾਜ਼ ਨੂੰ ਸੁਣੋ। ਸਭ ਤੋਂ ਮਹੱਤਵਪੂਰਨ ਹੈ ਤੁਹਾਡੇ ਅੰਦਰ ਇੰਨੀ ਹਿੰਮਤ ਹੋਣੀ ਚਾਹੀਦੀ ਹੈ ਕਿ ਤੁਸੀਂ ਆਪਣੇ ਦਿਲ ਅਤੇ ਆਤਮਾ ਦੇ ਅਨੁਸਾਰ ਚੱਲ ਸਕੋਂ ਕਿਉਂਕਿ ਇਹ ਦੋਵੇਂ ਜਾਣਦੇ ਹਨ ਕਿ ਤੁਸੀਂ ਅਸਲ ਵਿੱਚ ਕੀ ਬਣਨਾ ਚਾਹੁੰਦੇ ਹੋ, ਕਿੱਥੇ ਪਹੁੰਚਣਾ ਚਾਹੁੰਦੇ ਹੋ।
ਇੱਕ ਡੱਡੂ ਨੂੰ ਕਿਸੇ ਬਰਤਨ ਵਿੱਚ ਪਾ ਕੇ ਪਾਣੀ ਨੂੰ ਗਰਮ ਕਰਨਾ ਸ਼ੁਰੂ ਕਰੋ। ਤੁਸੀਂ ਦੇਖੇਗੇ ਕਿ ਜਿਵੇਂ-ਜਿਵੇਂ ਪਾਣੀ ਦਾ ਤਾਪਮਾਨ ਵਧੂਗਾ ਤਾਂ ਡੱਡੂ ਆਪਣੇ ਸਰੀਰ ਨੂੰ ਪਾਣੀ ਦੇ ਵੱਧ ਰਹੇ ਤਾਪਮਾਨ ਦੇ ਅਨੁਕੂਲ ਕਰਦਾ ਰਹੇਗਾ, ਪਰ ਮਰੂਗਾ ਨਹੀਂ। ਡੱਡੂ ਉਦੋਂ ਤੱਕ ਇਵੇਂ ਕਰਦਾ ਰਹੂਗਾ ਕਿ ਜਦੋਂ ਤੱਕ ਪਾਣੀ ਉਬਲਣ ਨਹੀਂ ਲੱਗ ਜਾਂਦਾ। ਜਦੋਂ ਉਸ ਦੀ ਸਹਿਣਸ਼ੀਲਤਾ ਖਤਮ ਹੋ ਜਾਵੇਗੀ ਉਦੋਂ ਉਹ ਪਾਣੀ ’ਚੋਂ ਬਾਹਰ ਛਾਲ ਮਾਰੂਗਾ। ਪਰ ਬਦਕਿਸਮਤੀ ਕਿ ਉਹ ਪਾਣੀ ’ਚੋਂ ਬਾਹਰ ਨਹੀਂ ਆ ਸਕੂਗਾ...ਕਿਉਂਕਿ ਉਹ ਆਪਣੀ ਸਾਰੀ ਊਰਜਾ ਆਪਣੇ ਸਰੀਰ ਨੂੰ ਪਾਣੀ ਦੇ ਵੱਧ ਰਹੇ ਤਾਪਮਾਨ ਦੇ ਅਨੁਕੂਲ ਕਰਨ ’ਚ ਖਤਮ ਕਰ ਬੈਠਾ ਹੈ। ਆਖਿਰ ਉਹ ਮਰ ਜਾਵੇਗਾ... ਸੋਚੋ ਜ਼ਰਾ ਕਿ ਡੱਡੂ ਦੀ ਮੌਤ ਦਾ ਜ਼ਿੰਮੇਵਾਰ ਕੌਣ ਹੈ? ਜ਼ਿਆਦਾਤਰ ਜਵਾਬ ਏਹੀ ਮਿਲੂਗਾ ਕਿ ਗਰਮ ਪਾਣੀ, ਪਰ ਨਹੀਂ...ਡੱਡੂ ਆਪਣੀ ਮੌਤ ਦਾ ਜ਼ਿੰਮੇਵਾਰ ਖ਼ੁਦ ਹੈ ਕਿਉਂਕਿ ਉਹ ਸਹੀ ਵਕਤ ’ਤੇ ਫੈਸਲਾ ਨਹੀਂ ਲੈ ਸਕਿਆ ਕਿ ਪਾਣੀ ਤੋਂ ਬਾਹਰ ਛਾਲ ਕਦੋਂ ਮਾਰਨੀ ਹੈ। ਉਹ ਸਿਰਫ਼ ਪਾਣੀ ਦੀ ਵਧ ਰਹੀ ਤਪਸ਼ ਨੂੰ ਸਹਿਣ ਕਰਨ ਦੀ ਕੋਸ਼ਿਸ਼ ’ਚ ਹੀ ਲੱਗਾ ਰਿਹਾ। ਸੋ ਇਸ ਲਈ ਵਕਤ ਰਹਿੰਦਿਆਂ ਫ਼ੈਸਲੇ ਕਰ ਲੈਣੇ ਚਾਹੀਦੇ ਹਨ। ਨਹੀਂ ਤਾਂ ਦੇਰ, ਬਹੁਤ ਦੇਰ ਹੋ ਜਾਂਦੀ ਹੈ।
ਰਿਸਰਚ ਸਕਾਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਰਕ: 99156-81496

Advertisement
Author Image

joginder kumar

View all posts

Advertisement
Advertisement
×