ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੱਲ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ

08:42 AM Sep 08, 2024 IST
ਹਰੀਸ਼ ਜੈਨ

ਮਨਮੋਹਨ ਪੰਜਾਬੀ ਦਾ ਬਹੁ-ਵਿਧਾਈ ਅਤੇ ਵਿਦਵਾਨ ਲੇਖਕ ਹੈ। ‘ਪੰਜਾਬ ਜਿਹਾ ਮੁਲਖ ਕੋਈ ਹੋਰ ਨਾਂਹ’ ਉਸ ਦੇ ਇੱਕ ਦਹਾਕੇ ਤੋਂ ਵੱਧ ਸਮੇਂ ਦੌਰਾਨ ਲਿਖੇ ਲੇਖਾਂ ਦਾ ਸੰਗ੍ਰਿਹ ਹੈ। ਪੁਸਤਕ ਪਾਠਕਾਂ ਨੂੰ ਭੇਂਟ ਕਰਨ ਲਈ ਉਹ ਪ੍ਰੋ. ਪੂਰਨ ਸਿੰਘ ਦੀਆਂ ਕਵਿਤਾਵਾਂ ਨੂੰ ਯਾਦ ਕਰਦਿਆਂ ਦੱਸਦਾ ਹੈ ਕਿ ‘ਇਨ੍ਹਾਂ ਕਵਿਤਾਵਾਂ ਵਿੱਚ ਜਾਂ ਤਾਂ ਪੰਜਾਬ ਦੀਆਂ ਸਿਫ਼ਤਾਂ ਹਨ ਜਾਂ ਹੇਰਵਾ ਪਰੰਤੂ ‘ਪੰਜਾਬ ਦੀ ਅਹੀਰਨ ਇੱਕ ਗੋਹੇ ਥੱਪਦੀ’ ਦੀ ਸਤਰ ‘ਮੈਨੂੰ ਪੰਜਾਬ ਜਿਹਾ ਮੁਲਖ ਕੋਈ ਨਾਂਹ ਦਿਸਦਾ’ ਨੇ ਹੱਥ ਫੜ ਕੇ ਰੋਕ ਲਿਆ।’ ਉਸ ਨੂੰ ਪ੍ਰੋ. ਪੂਰਨ ਸਿੰਘ ਦੇ ਤਸੱਵਰ ਕੀਤੇ ਪੰਜਾਬ ਅਤੇ ਅਜੋਕੇ ਪੰਜਾਬ ਵਿੱਚ ਡੂੰਘਾ ਭੇਦ ਜਾਪਿਆ। ਮਨਮੋਹਨ ਨੇ ਪੂਰਨ ਸਿੰਘ ਦੀ ਸਤਰ ਨੂੰ ਅੱਜ ਦੇ ਹਾਣ ਦਾ ਕਰਨ ਲਈ ਉਸ ਵਿੱਚੋਂ ‘ਮੈਨੂੰ’ ਅਤੇ ‘ਦਿਸਦਾ’ ਸ਼ਬਦ ਹਟਾ ਦਿੱਤੇ ਅਤੇ ਬਾਕੀ ਬਚਦੀ ਸਤਰ ਨੂੰ ਮੌਜੂਦਾ ਪੰਜਾਬ ਦੇ ਨਿਆਈਂ ਮੰਨ ਲਿਆ। ਪੂਰਨ ਸਿੰਘ ਦੀ ਇਸ ਸਤਰ ਵਿੱਚੋਂ ਔਬਜੈਕਟੀਵਿਟੀ ਦੀ ਭਾਲ ਜਾਇਜ਼ ਨਹੀਂ। ਜੇ ਤੁਸੀਂ ਪ੍ਰੋ. ਪੂਰਨ ਸਿੰਘ ਦਾ ‘ਪੰਜਾਬ’ ਦੇਖਣਾ ਹੈ ਤਾਂ ਉਸ ਦੀ ਨਜ਼ਰ ਨਾਲ ਹੀ ਵੇਖਿਆ ਜਾ ਸਕਦਾ ਹੈ। ਉਸ ਦੀ ਦ੍ਰਿਸ਼ਟੀ ਵਿੱਚ ਰੂਹ ਦਾ ਆਲਮ ਹੈ, ਸੂਹੇ ਗੁਲਾਬ ’ਤੇ ਡਿੱਗੀ ਸੱਜਰੀ ਤ੍ਰੇਲ ਦੀ ਬੂੰਦ ਵਾਂਗ। ਇਹ ਸੁਪਨਿਆਂ ਦਾ ਪੰਜਾਬ ਹੈ, ਇੱਕ ਯੁਟੋਪੀਆ ਜੋ ਪ੍ਰੋ. ਪੂਰਨ ਸਿੰਘ ਦੇ ਧੁਰ ਅੰਦਰ ਰੋਸ਼ਨ ਹੈ।
ਪੂਰਨ ਸਿੰਘ ਨੂੰ ਉਸ ਦੇ ਪੰਜਾਬ ਇਸ ਵਰਗਾ ਹੋਰ
ਕੋਈ ਨਹੀਂ ਦਿਸਦਾ। ਇਹ ਪੂਰਨ ਸਿੰਘ ਦੇ ਮਨ
ਵਿੱਚ ਖਿੜੇ ਵਿਚਾਰਾਂ ਦਾ ਮੁਜੱਸਮਾ ਹੈ, ਕਿਸੇ ਵੀ ਸਮੇਂ
ਦਾ ਯਥਾਰਥ ਨਹੀਂ। ਪਰ ਐਬਸਟਰੈਕਸ਼ਨ ਯਥਾਰਥ
ਨਾਲੋਂ ਕਿਤੇ ਨਿੱਗਰ ਹੁੰਦੀ ਹੈ।
ਪ੍ਰੋ. ਪੂਰਨ ਸਿੰਘ ਆਪਣੇ ਦਿਲ ਦੇ ਬੂਹੇ ਵਾਂਗ ਦੇਸ਼ ਨੂੰ ਵੀ ਦਿਲ ਦਾ ਬੂਹਾ ਖੋਲ੍ਹਣ ਨੂੰ ਕਹਿੰਦਾ ਹੈ। ਉਸ ਲਈ ਸਾਰੀ ਗੱਲ ਭਾਵਾਂ ਦੀ ਹੈ, ਦਿਲ ਵਿੱਚ ਜ਼ਲਜ਼ਲੇ ਵਾਂਗ ਉੱਠਦੇ ਵਲਵਲਿਆਂ ਦੀ। ਉਹ ਸਵਾਲ ਕਰਦਾ ਗੱਲ ਨੂੰ ਇੱਥੇ ਹੀ ਨਹੀਂ ਛੱਡਦਾ। ਸਵਾਲ ਦੀ ਤੰਦ ਫੜਦਾ ਅਤੇ ਇਸ ਹੋਣੀ ਦੀ ਪਿੱਠਭੂਮੀ ’ਤੇ ਵਾਪਰ ਰਹੇ ਘਟਨਾ ਸੰਸਾਰ ਦਾ ਅਵਲੋਕਨ ਕਰਦਾ ਹੈ। ਉਨ੍ਹੀਵੀਂ ਸਦੀ ਦੇ ਅਖੀਰਲੇ ਦਹਾਕਿਆਂ ਤੋਂ ਪੰਜਾਬ ਦੀਆਂ ਰਗਾਂ ਵਿੱਚ ਪ੍ਰਵੇਸ਼ ਕਰ ਰਹੀ ਆਧੁਨਿਕਤਾ ਉਸ ਨੂੰ ਵਾਰਾ ਨਹੀਂ ਖਾਂਦੀ। ਆਧੁਨਿਕਤਾ ਦੀ ਹਨੇਰੀ ਵਿੱਚੋਂ ਉਸ ਨੂੰ ‘ਉਸ ਦੇ ਪੰਜਾਬ’ ਦਾ ਸਭ ਕੁਝ ਰੁੜ੍ਹਦਾ ਮਹਿਸੂਸ ਹੁੰਦਾ ਹੈ। ਉਸ ਲਈ ‘ਉਸ ਦਾ ਪੰਜਾਬ’ ਸਾਰੀਆਂ ਖ਼ਾਮੀਆਂ, ਤੰਗੀਆਂ-ਤੁਰਸ਼ੀਆਂ, ਅੰਧ-ਵਿਸ਼ਵਾਸਾਂ ਦੇ ਬਾਵਜੂਦ ਆਧੁਨਿਕ ਪੰਜਾਬ ਤੋਂ ਕਿਤੇ ਮੀਰੀ ਹੈ। ਉਸ ਦਾ ਦ੍ਰਿਸ਼ ਕੁਲ ਪੰਜਾਬੀ ਸਮਾਜ ਨੂੰ ਗਡਵਡ ਦੇਖਦਾ ਹੈ। ਪਰ ਆਧੁਨਿਕਤਾ ਵਿੱਚ ‘ਪੁਰਾਣਾ ਅਦਬ’ ਅਤੇ ‘ਹਿਰਸ’ ਨਹੀਂ ਹੈ ਅਤੇ ਨਾ ਹੀ ਪ੍ਰੀਤ ਦੀਆਂ ਗੰਢਾਂ ਰਹੀਆਂ ਹਨ।
ਪੂਰਨ ਸਿੰਘ ਆਪਣੇ ਸਮੇਂ ਦੇ ਕਰੂਰ ਯਥਾਰਥ ਨੂੰ ਭੁੱਲ ਆਪਣੇ ਸਿਰਜੇ ਯੁਟੋਪੀਆ ਵਿੱਚ ਗਮਨ ਕਰਦਾ ਰਹਿੰਦਾ ਹੈ। ਉਸ ਨੂੰ ਲੱਗਦਾ ਹੈ ਪੰਜਾਬ ਅਜੇ ਗੁਰਾਂ ਦੇ ਨਾਂ ’ਤੇ ਜਿਊਂਦਾ ਹੈ। ਪੂਰਨ ਸਿੰਘ ਇਹ ਸੁਪਨ-ਦ੍ਰਿਸ਼ ਉਸ ਸਮੇਂ ਸਿਰਜ ਰਿਹਾ ਸੀ ਜਦੋਂ ਦੋਵੇਂ ਧਿਰਾਂ ਤਲਵਾਰਾਂ ਲੈ ਕੇ ਸ਼ਹਿਰਾਂ ਦੀਆਂ ਗਲੀਆਂ ਵਿੱਚ ਨਿੱਤ ਇੱਕ ਦੂਜੇ ਨੂੰ ਵੱਢਣ ਲਈ ਜੂਝਦੀਆਂ ਰਹਿੰਦੀਆਂ ਸਨ। ਉਸ ਦਾ ‘ਸਾਰਾ ਪੰਜਾਬ’ ਗੁਰਾਂ ਦੇ ਨਾਂ ’ਤੇ ਜਿਊਂਦਾ ਹੈ। ਇਹ ਪ੍ਰਤੀਕ ਉਸ ਦੇ ਸੁਪਨ-ਦ੍ਰਿਸ਼ ਦਾ ਧੁਰਾ ਹੈ। ਗੁਰਾਂ ਦੇ ਨਾਂ ਦੀ ਗੂੰਦ ਬਿਨਾਂ ‘ਕਰੋੜਾਂ ਪੰਜਾਬ’ ਸਮਦ੍ਰਿਸ਼ਟੀ ਨਹੀਂ ਹੋ ਸਕਦੇ। ਪੂਰਨ ਸਿੰਘ ਦੀ ਪੁਕਾਰ ਗੁਰਾਂ ਦੇ ਨਾਂ ’ਤੇ ਹੈ ਜਿਸ ਦੀ ਕੂਲੀ ਛਾਂ ਹੇਠ ਉਸ ਨੂੰ ‘ਕਰੋੜਾਂ ਪੰਜਾਬ’ ਇੱਕ ਦਿਸਦੇ ਹਨ। ਉਹ ਕਿਸੇ ਪਰਿਭਾਸ਼ਾ ਦੇ ਰਾਹ ਨਹੀਂ ਪੈਂਦਾ। ਨਾ ਬੋਲੀ, ਨਾ ਮਜ਼ਹਬ, ਨਾ ਨਸਲ, ਨਾ ਜਾਤ, ਨਾ ਫਿਰਕਾ ਅਤੇ ਨਾ ਖੇਤਰ, ਨਾ ਕਿੱਤਾ, ਨਾ ਗੁਰਬਤ ਅਤੇ ਨਾ ਹੀ ਅਮੀਰੀ ਉਸ ਦੇ ਪੰਜਾਬੀ ਮਾਨਸ ਨੂੰ ਵਖਰਿਆਉਂਦੀ ਹੈ। ਨਾ ਹੀ ਉਹ ਕਿਸੇ ਪੁਰਾਤਨਤਾ ਦੀ ਭਾਲ ਕਰਦਾ ਹੈ। ਉਸ ਦਾ ਸਾਰਾ ਲੇਖਾ ਮਨੁੱਖ ਦੇ ਵਿਹਾਰ ਦਾ ਹੈ। ਆਧੁਨਿਕਤਾ ਦੀ ਹੋੜ ਵਿੱਚ ਉਹ ਵਿਹਾਰ ਸੋਚ ਦੀਆਂ ਬੁਲੰਦੀਆਂ ਤੋਂ ਡਿੱਗ, ਮਨੁੱਖੀ ਲਾਲਸਾਵਾਂ ਦੇ ਭੰਵਰ ਵਿੱਚ ਜਾ ਡਿੱਗਿਆ ਹੈ। ਇਹੋ ਪੰਜਾਬੀਅਤ ਹੈ ਜਿਹੜੀ ਕਾਲ ਦੇ ਵੱਖ ਵੱਖ ਦਿਸਹੱਦਿਆਂ ਤੇ ਵਿਭਿੰਨ ਰੂਪਾਂ ਵਿੱਚ ਪ੍ਰਗਟ ਹੈ।
ਮਨਮੋਹਨ ਦਾ ਵੀ ਇਹ ਸਰੋਕਾਰ ਹੈ। ਲਿਖਦਾ ਹੈ ਕਿ ਪੰਜਾਬ ਦੀਆਂ ‘‘ਸਿਫ਼ਤਾਂ ਇਸ ਨੁਕਤੇ ਤੋਂ ਮਨਫ਼ੀ ਮਹਿਸੂਸ ਹੁੰਦੀਆਂ ਨੇ। ਜਿਨ੍ਹਾਂ ਗੰਭੀਰ ਤੇ ਚਿੰਤਾਜਨਕ ਸਮਿਆਂ ’ਚ ਪੰਜਾਬੀ ਅੱਜ ਜੀਅ ਥੀਅ ਰਿਹਾ ਹੈ। ਉਨ੍ਹਾਂ ’ਚ ਜੀਣ ਜੋਗਾ ਜ਼ਰਾ ਮਾਸਾ ਹੀ ਬਚਿਆ ਪ੍ਰਤੀਤ ਹੁੰਦਾ ਹੈ।’’ ਪੂਰਨ ਸਿੰਘ ਨੂੰ ਸਦੀ ਪਹਿਲਾਂ ਵੀ ਇੰਝ ਹੀ ਮਹਿਸੂਸ ਹੁੰਦਾ ਸੀ।
ਤਿੰਨ ਸੌ ਤੋਂ ਵੱਧ ਪੰਨਿਆਂ ’ਤੇ ਫੈਲੀ ਇਸ ਪੁਸਤਕ ਵਿੱਚ ਚੌਵੀ ਲੇਖ ਸ਼ਾਮਿਲ ਹਨ। ਪੰਜਾਬ ਦੇ ਇਤਿਹਾਸਕ-ਰਾਜਨੀਤਕ ਜੁਗਰਾਫ਼ੀਏ ਤੋਂ ਲੈ ਕੇ ਸਾਹਿਤ, ਸੱਭਿਆਚਾਰ, ਦਰਿਆ, ਨਹਿਰਾਂ, ਪੰਜਾਬੀ ਪਛਾਣ ਅਤੇ ਪੰਜਾਬ ਦੀ ਵੰਡ ਆਦਿ ਵਿਸ਼ਿਆਂ ਨੂੰ ਵਿਸਤਾਰ ਵਿੱਚ ਛੂੰਹਦੇ ਹਨ। ਲੇਖਕ ਪੰਜਾਬ ਦੇ ਅਤਿਵਾਦ ਦੇ ਕਾਲੇ ਦੌਰ ਦਾ ਕਾਰਨ ‘ਹਰੀ ਕ੍ਰਾਂਤੀ’ ਵਿੱਚੋਂ ਲੱਭਦਾ ਹੈ। ਵਧਦਾ ਨਸ਼ੇ ਦਾ ਰੁਝਾਨ, ਬੇਰੁਜ਼ਗਾਰੀ, ਦਕੀਆਨੂਸੀ ਸਿੱਖਿਆ ਤੰਤਰ, ਵਿਦੇਸ਼ ਵੱਲ ਹਿਜਰਤ ਦਾ ਰੁਝਾਨ ਪੰਜਾਬੀ ਮਨੁੱਖ ਦੇ ਸਨਮੁਖ ਗੰਭੀਰ ਚੁਣੌਤੀਆਂ ਹਨ। ਮਨਮੋਹਨ ਲਿਖਦਾ ਹੈ ਕਿ ਪੰਜਾਬੀ ਬੋਲੀ ਨਾਲ ਮਤਰੇਇਆਂ ਵਾਲਾ ਵਿਹਾਰ ਹੋ ਰਿਹਾ ਹੈ। ਉਸ ਦਾ ਮੰਨਣਾ ਹੈ ਕਿ ‘‘ਪੰਜ ਹਜ਼ਾਰ ਸਾਲ ਦੇ ਕਈ ਇਤਿਹਾਸਕ ਦੌਰਾਂ ’ਚ ਵਾਪਰੀਆਂ ਘਟਨਾਵਾਂ ਦੇ ਨਤੀਜੇ ਅਤੇ ਵਰਤਮਾਨ ਹਾਲਾਤ ਵਿੱਚ ਆਏ ਨਿਘਾਰ ਅਤੇ ਨਿਰਾਸ਼ਾ’’’ ਚਿੰਤਾਜਨਕ ਹਨ ਜਿਸ ਦੇ ਪ੍ਰਗਟਾਵੇ ਲਈ ਉਸ ਨੇ ਇਹ ਸ਼ਿਅਰ ਦੁਹਰਾਇਆ ਹੈ:
ਮੇਰੀ ਬੁਨਿਆਦ ਮੇਂ ਹੀ ਕੋਈ ਟੇਢ ਥੀ,
ਗਿਰਤੀ ਦੀਵਾਰੋਂ ਸੇ ਕਯਾ ਗਿਲਾ ਕਰੂੰ।
ਪਰ ਬੁਨਿਆਦ ਕਦੋਂ ਤੋਂ ਟੇਢੀ ਸੀ? ਪ੍ਰੋ. ਪੂਰਨ ਸਿੰਘ ਨੂੰ ਤਾਂ ਪੁਰਾਤਨ ਪੰਜਾਬ, ਉਸ ਦੇ ਸੁਪਨਿਆਂ ਦਾ ਪੰਜਾਬ ਪੂਰਾ ਨਿੱਗਰ ਅਤੇ ਦਰਿਆ ਵਾਂਗ ਅਠਖੇਲੀਆਂ ਕਰਦਾ ਵਿਖਾਈ ਦਿੰਦਾ ਹੈ। ਢਹਿੰਦੀਆਂ ਦੀਵਾਰਾਂ ਦਾ ਫ਼ਿਕਰ ਉਸ ਨੂੰ ਵੀ ਹੈ, ਪਰ ਉਹ ਉਸ ਜ਼ਲਜ਼ਲੇ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਹੜਾ ਉਸ ਦੇ ਪੰਜਾਬ ਦੀਆਂ ਦੀਵਾਰਾਂ ਨੂੰ ਤ੍ਰੇੜ ਰਿਹਾ ਹੈ।
ਉਸ ਦੇ ‘ਪੰਜਾਬ’ ਦੀ ਨੀਂਹ ਟੇਢੀ ਨਹੀਂ, ਪਰ ਉਸਾਰ ਡਗਮਗਾ ਰਿਹਾ ਹੈ।
ਅਸੀਂ ਹਜ਼ਾਰਾਂ ਕੌਮਾਂ, ਕਬੀਲਿਆਂ ਵਿੱਚ ਵੰਡੇ ਹੋਏ ਸਾਂ ਅਤੇ ਅੱਜ ਵੀ। ਤਾਂ ਹੀ ਪੂਰਨ ਸਿੰਘ ਕਰੋੜਾਂ ਪੰਜਾਬਾਂ ਨੂੰ ਸੱਦਾ ਦੇ ਰਿਹਾ ਹੈ। ਉਸ ਨੂੰ ਆਪਣੀ ਧਰਤੀ ਦਾ ਯਥਾਰਥ ਵੀ ਪਤਾ ਹੈ ਅਤੇ ਆਪਣਾ ਸੁਪਨਾ ਵੀ। ਉਹ ਦੋਵਾਂ ਦੇ ਦਵੰਦ ਵਿੱਚ ਕੋਈ ਤਵਾਜ਼ਨ ਲੱਭਦਾ ਦਿਸਦਾ ਹੈ। ਉਸੇ ਤਵਾਜ਼ਨ ਦੀ ਸਾਨੂੰ ਅੱਜ ਲੋੜ ਹੈ। ਉਸ ਨੇ ਟੇਕ ਗੁਰਾਂ ਦੇ ਨਾਂ ’ਤੇ ਰੱਖ ਲਈ ਸੀ ਜਿਸ ਦੀ ਓਟ ਵਿੱਚ ਉਸ ਅਨੁਸਾਰ ਹੀ ਬਰਕਤ ਪੈ ਸਕਦੀ ਸੀ। ਬਿਨ ਭਰੋਸਿਉਂ ਜੁਗ ਨਹੀਂ ਉਸਾਰ ਹੁੰਦੇ। ਭਰੋਸਾ ਭਾਵੇਂ ਕਾਲ ’ਤੇ ਹੋਵੇ ਜਾਂ ਅਕਾਲ ’ਤੇ ਬਿਰਤੀ ਦਾ ਕਿਤੇ ਟਿਕਣਾ ਜ਼ਰੂਰੀ ਹੈ। ਪੂਰਨ ਸਿੰਘ ਦਾ ਕਦੀਮੀ ਪੰਜਾਬ ਆਪਣੀ ਲੈਅ, ਚਾਲ, ਭਰੋਸੇ ਦੀ ਓਟ ਲੈ ਤੁਰਿਆ ਆਉਂਦਾ ਸੀ ਜਿਸ ਨੂੰ ਆਧੁਨਿਕਤਾ ਦੀ ਲਿਸ਼ਕ ਨੇ ਠਠੰਬਰ ਦਿੱਤਾ। ਉਸ ਦੀ ਪਛਾਣ ਗੁੰਮ ਗਈ। ਆਪਣੇ ਆਪ ਨੂੰ ਕਿਸ ਨਾਲ ਜੋੜੇ, ਜੜ੍ਹਾਂ ਤਾਂ ਰਹੀਆਂ ਨਾ। ਪਛਾਣ ਦੇ ਇਸ ਸੰਕਟ ਨੂੰ ਪਿਛਲੀ ਡੇਢ ਸਦੀ ਵਿੱਚ ਵੀ ਕਿਸੇ ਨੇ ਮੁਖ਼ਾਤਬ ਨਹੀਂ ਕੀਤਾ।
ਪਰ ਟੇਢ ਦੀ ਨਿਸ਼ਾਨਦੇਹੀ ਕੀਤੇ ਬਿਨਾਂ ਨੀਂਹ ਦੁਬਾਰਾ ਕਿਵੇਂ ਉਸਰ ਸਕਦੀ ਹੈ। ਟੇਢ ਦ੍ਰਿਸ਼ਟੀ ਅਤੇ ਸੋਚ ਦੋਵਾਂ ਵਿੱਚ ਹੈ। ਇਸ ਦਾ ਨਿਤਾਰਾ ਕਰਨਾ ਜ਼ਰੂਰੀ ਹੈ। ਮਨਮੋਹਨ ਇੱਕ ਹੋਰ ਹਵਾਲਾ ਪ੍ਰਸਿੱਧ ਪੱਤਰਕਾਰ ਰਾਜਿੰਦਰ ਪੁਰੀ ਦਾ ਦਿੰਦਾ ਹੈ, ‘‘ਵੰਡ ਤੋਂ ਬਾਅਦ ਪੰਜਾਬੀ ਗਾਇਬ ਹੋ ਗਏ। ਪੱਛਮੀ ਪੰਜਾਬ ਵਿੱਚ ਉਹ ਪਾਕਿਸਤਾਨੀ ਬਣ ਗਏ। ਪੂਰਬੀ ਪੰਜਾਬ ਵਿੱਚ ਸਿੱਖ ਅਤੇ ਹਿੰਦੂ ਬਣ ਗਏ। ਉਹ ਅਕਾਲੀ, ਕਾਂਗਰਸੀ, ਆਰੀਆ ਸਮਾਜੀ, ਜਨਸੰਘੀ ਬਣ ਗਏ। ਪੰਜਾਬੀ ਕਦੇ ਨਾ ਬਣੇ।’’ ਪਰ ਕਿਉਂ? ਮਨਮੋਹਨ ਭਾਈ ਵੀਰ ਸਿੰਘ ਦੇ ਪੰਜਾਬੀ ਭਾਸ਼ਾ ਬਾਰੇ 1902 ਵਿੱਚ ਲਿਖੇ ਲੇਖ ਦਾ ਹਵਾਲਾ ਦਿੰਦਾ ਹੈ, ‘‘ਹਾਲਾਤ ਬੜੇ ਮਾੜੇ ਨੇ। ਘਰਾਂ ’ਚ ਪੰਜਾਬੀ ’ਚ ਗੱਲ ਨਹੀਂ ਕੀਤੀ ਜਾਂਦੀ।’’ ਅੱਜ ਸਦੀ ਬਾਅਦ ਵੀ ਹਾਲਾਤ ਉਹੋ ਜਿਹੇ ਹੀ ਹਨ। ਘਰਾਂ ’ਚ ਪੰਜਾਬੀ ’ਚ ਗੱਲ ਨਹੀਂ ਕੀਤੀ ਜਾਂਦੀ। ਇਹ ਇੱਕ ਹੀ ਸਮੱਸਿਆ ਦੇ ਵੱਖ ਵੱਖ ਪਹਿਲੂ ਹਨ ਜਾਂ ਵੱਖ ਵੱਖ ਸਮੱਸਿਆਵਾਂ ਇੱਕ ਪਹਿਲੂ ’ਚ ਪ੍ਰਗਟ ਹੁੰਦੀਆਂ ਹਨ। ਇੱਕ ਸਵਾਲ ਹੋਰ ਵੀ ਹੈ ਕਿ ਕੀ ਘਰਾਂ ਵਿੱਚ ਪੰਜਾਬੀ ਬੋਲਣ ਵਾਲਾ ਬੰਦਾ ਹੀ ਪੰਜਾਬੀ ਹੈ? ਕੀ ਪੰਜਾਬੀ ਭਾਸ਼ਾ ਤੋਂ ਉੱਕਾ ਹੀ ਅਣਭਿੱਜ ਬੰਦਾ ਪੰਜਾਬੀ ਨਹੀਂ ਹੋ ਸਕਦਾ? ਕੀ ਪੰਜਾਬੀ ਬੰਦੇ ਨੂੰ ਕਿਸੇ ਵਲਗਣ ਵਿੱਚ ਬੰਨ੍ਹਣਾ ਉਸ ਨਾਲ ਸਭ ਤੋਂ ਵੱਡਾ ਧਰੋਹ ਨਹੀਂ ਹੈ।
ਜੇਕਰ ਸਾਡਾ ‘ਪੰਜਾਬੀ ਬੰਦੇ’ ਦਾ ਸੰਕਲਪ ਨਿਗੂਣਾ ਅਤੇ ਸੀਮਤ ਹੈ ਅਤੇ ਪ੍ਰੋ. ਪੂਰਨ ਸਿੰਘ ਵਾਂਗ ਕਰੋੜਾਂ ਪੰਜਾਬਾਂ ਨੂੰ ਆਪਣੇ ਕਲਾਵੇ ਵਿੱਚ ਲੈਣ ਦੇ ਸਮਰੱਥ ਨਹੀਂ ਤਾਂ ਸਾਨੂੰ ਢੋਈ ਮਿਲਣੀ ਔਖੀ ਹੈ। ਪਰ ਪੰਜਾਬੀ ਬੰਦੇ ਦੀ ਪਛਾਣ ਜਾਤ, ਨਸਲ, ਕਬੀਲਾ, ਧਰਮ, ਬੋਲੀ ਅਤੇ ਅਜਿਹੀ ਕਿਸੇ ਵੀ ਹੋਰ ਸ਼੍ਰੇਣੀ ਨਾਲ ਨਹੀਂ ਬੱਝੀ। ਇਹ ਤਾਂ ਉਸ ਦੀ ਜਨਮਜਾਤ ਸੌਗਾਤ, ਉਸ ਨੂੰ ਪੁਰਖਿਆਂ ਦਾ ਸੌਂਪਿਆ ਵਿਰਸਾ ਹੈ। ਸਿਫ਼ਤ ਸਲਾਹ ਇਸੇ ਦੀ ਹੈ। ਪ੍ਰੋ. ਪੂਰਨ ਸਿੰਘ ਨੇ ਆਪਣੇ ਕਾਵਿ ਪ੍ਰਵਚਨ ਵਿੱਚ ਪੰਜਾਬੀ ਬੰਦੇ ਦੀਆਂ ਹਜ਼ਾਰਾਂ ਸਾਂਝਾਂ ਸਿਰਜੀਆਂ ਹਨ, ਗੱਲ ਸਿਰਫ਼ ਉਸ ਤੰਦ ਨੂੰ ਫੜਣ ਦੀ ਹੈ। ਇਸ ਕਮੀ ਵਿੱਚ ਪੰਜਾਬੀ ਬੰਦੇ ਦੀ ਪਛਾਣ ਰੁਲ ਰਹੀ ਹੈ, ਕੁਝ ਨੁਕਤਿਆਂ ’ਤੇ ਸੀਮਤ ਕਰ ਕੇ ਅਸਲ ਗੌਣ ਹੋ ਰਿਹਾ ਹੈ। ਪਛਾਣ ਦੇ ਸੰਕਟ ਵਿੱਚ ਫਸੇ ਬੰਦੇ ਨੂੰ ਪੰਜਾਬ ਛੋਟਾ, ਕੱਟਿਆ ਵੱਢਿਆ, ਅੱਧ-ਅਧੂਰਾ, ਗੁਣਹੀਣ ਅਤੇ ਭਵਿੱਖਹੀਣ ਮਹਿਸੂਸ ਹੁੰਦਾ ਹੈ ਅਤੇ ਆਪੂੰ ਸਿਰਜੇ ਡਾਇਸਟੋਪੀਆ ਵਿੱਚ ਉਲਝਿਆ ਉਹ ਨਿਰਾਸ਼ਾ ਦੇ ਹਨੇਰੇ ਵਿੱਚ ਗੁੰਮ ਜਾਂਦਾ ਹੈ। ਉਹ ਉਸ ਵਿਸ਼ਾਲ ਪੰਜਾਬ ਦਾ ਦ੍ਰਿਸ਼ ਸਿਰਜਣ ਦੇ ਸਮਰੱਥ ਨਹੀਂ ਰਿਹਾ ਜਿਸ ਦਾ ਉਹ ਵਾਰਿਸ ਹੈ। ਮਨਮੋਹਨ ਵੀ ਸਾਨੂੰ ਇਹ ਸੋਚਣ ’ਤੇ ਮਜਬੂਰ ਕਰਨਾ ਚਾਹੁੰਦਾ ਹੈ। ਉਸ ਦੀ ਪੁਸਤਕ ਬਹੁਤ ਵੱਡੀ ਹੈ ਅਤੇ ਵਿਸ਼ੇ ਵੀ ਬਹੁਤ ਹਨ, ਪਰ ਇੱਕ ਸਿਰਾ ਜਿਹੜਾ ਸਾਰੀ ਪੁਸਤਕ ਵਿੱਚੋਂ ਫੜਿਆ ਜਾ ਸਕਦਾ ਹੈ ਉਹ ਹੈ ਪੰਜਾਬੀ ਬੰਦੇ ਲਈ ਮੁੜ ਯੁਟੋਪੀਆ ਸਿਰਜਣਾ ਤਾਂ ਜੋ ਉਸ ਨੂੰ ਧਰੂ ਤਾਰਾ ਇੱਥੋਂ ਦੇ ਗਗਨ ਵਿੱਚੋਂ ਹੀ ਦਿਖਾਈ ਦੇਣ ਲੱਗ ਪਵੇ। ਪੰਜਾਬ ਕਹਿਣ ਜਾਂ ਨਾਅਰਾ ਲਗਾਉਣ ਨੂੰ ਨਹੀਂ, ਯਥਾਰਥ ਵਿੱਚ ਵੀ ਉਸ ਨੂੰ ਰੰਗਲਾ ਮਹਿਸੂਸ ਹੋਵੇ, ਪ੍ਰੋ. ਪੂਰਨ ਸਿੰਘ ਦੇ ਕਰੋੜਾਂ ਪੰਜਾਬਾਂ ਨਾਲ ਵਸਦਾ-ਰਸਦਾ ਉਹ ਮਾਣ ਨਾਲ ਕਹੇ ਕਿ ‘ਮੈਨੂੰ ਪੰਜਾਬ ਜਿਹਾ ਮੁਲਖ ਕੋਈ ਹੋਰ ਨਾਂਹ ਦਿਸਦਾ।’ ਸਭ ਦੀ ਇਸ ਵਿੱਚ ਹੀ ਵਡਿਆਈ ਹੈ।
ਸੰਪਰਕ: 98150-00873

Advertisement

Advertisement