ਫ਼ਿਲਮ ‘ਬਰੇਲੀ ਕੀ ਬਰਫੀ’ ਦੀ ਰਿਲੀਜ਼ ਦੇ ਸੱਤ ਸਾਲ ਮੁਕੰਮਲ
ਮੁੰਬਈ: ਫ਼ਿਲਮ ‘ਬਰੇਲੀ ਕੀ ਬਰਫੀ’ ਨੂੰ ਰਿਲੀਜ਼ ਹੋਇਆਂ ਅੱਜ ਸੱਤ ਸਾਲ ਹੋ ਗਏ ਹਨ ਜਿਸ ਵਿੱਚ ਅਦਾਕਾਰ ਆਯੂਸ਼ਮਾਨ ਖੁਰਾਣਾ, ਰਾਜਕੁਮਾਰ ਰਾਓ ਅਤੇ ਅਦਾਕਾਰਾ ਕ੍ਰਿਤੀ ਸੈਨਨ ਨੇ ਅਹਿਮ ਭੂਮਿਕਾ ਨਿਭਾਈ ਸੀ। ਅੱਜ ਅਦਾਕਾਰ ਆਯੂਸ਼ਮਾਨ ਖੁਰਾਣਾ ਨੇ ਇੰਸਟਾਗ੍ਰਾਮ ’ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਦੀ ਕੈਪਸ਼ਨ ਵਿੱਚ ਉਸ ਨੇ ‘ਬਰੇਲੀ ਕੀ ਬਰਫੀ ਦੇ ਸੱਤ’ ਲਿਖਿਆ ਹੈ। ਇਸ ਵੀਡੀਓ ਨੂੰ ਫ਼ਿਲਮ ਦੀ ਡਾਇਰੈਕਟਰ ਤੇ ਪ੍ਰੋਡਿਊਸਰ ਅਸ਼ਵਨੀ ਅਈਅਰ ਤਿਵਾੜੀ ਨੇ ਅੱਗੇ ਸਾਂਝਾ ਕਰਦਿਆਂ ਕੁਝ ਪੁਰਾਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਿਵਾੜੀ ਨੇ ਆਖਿਆ, ‘‘ਅੱਜ ਫ਼ਿਲਮ ‘ਬਰੇਲੀ ਕੀ ਬਰਫੀ’ ਦੀ ਰਿਲੀਜ਼ ਨੂੰ ਸੱਤ ਸਾਲ ਹੋ ਗਏ। ਫ਼ਿਲਮ ਨੂੰ ਪਸੰਦ ਕਰਨ ਲਈ ਸ਼ੁਕਰੀਆ... ਸਿਨੇਮਾ ਨੂੰ ਪਿਆਰ ਕਰਨ ਵਾਲੀ ਅੰਮਾ ਤੁਹਾਡਾ ਖਾਸ ਤੌਰ ’ਤੇ ਧੰਨਵਾਦ... ਤੁਸੀਂ ਮੇਰੇ ਵਿੱਚ ਭਰੋਸਾ ਪ੍ਰਗਟਾਇਆ ਅਤੇ ਮੈਨੂੰ ਤੁਹਾਡੇ ਨਕਸ਼ੇ ਕਦਮਾਂ ’ਤੇ ਚੱਲਣ ਵਿੱਚ ਕੋਈ ਦਿੱਕਤ ਨਹੀਂ ਹੈ। ਤੁਹਾਡੇ ਸ਼ਬਦ ਮੈਨੂੰ ਅਜਨਬੀ ਰਾਹ ’ਤੇ ਚੱਲਣ ਦਾ ਹੌਸਲਾ ਦਿੰਦੇ ਹਨ ਜਿਸ ਸਦਕਾ ਮੈਂ ਫ਼ਿਲਮਾਂ ਬਣਾ ਰਹੀ ਹਾਂ। ਮੈਨੂੰ ਉਮੀਦ ਹੈ ਕਿ ਮੈਂ ਫ਼ਿਲਮਾਂ ਬਣਾਉਣੀਆਂ ਜਾਰੀ ਰੱਖਾਂਗੀ ਅਤੇ ਮੈਨੂੰ ਤੁਹਾਡੇ ’ਤੇ ਮਾਣ ਹੈ।’’ ਇਹ ਫ਼ਿਲਮ ਲੇਖਕ ਨਿਕੋਲਸ ਬਰੇਊ ਦੇ ਪ੍ਰਸਿੱਧ ਨਾਵਲ ‘ਦਿ ਇਨਗ੍ਰੀਡੀਐਂਟਸ ਆਫ ਲਵ’ ਉੱਤੇ ਬਣਾਈ ਗਈ ਹੈ। ਇਸ ਰੋਮਾਂਟਿਕ ਫ਼ਿਲਮ ਵਿੱਚ ਪੰਕਜ ਤ੍ਰਿਪਾਠੀ ਅਤੇ ਸੀਮਾ ਪਾਹਵਾ ਵੀ ਅਹਿਮ ਭੂਮਿਕਾਵਾਂ ਵਿੱਚ ਸਨ। -ਏਐੱਨਆਈ