ਇਹ ਸਾਜ਼ਿਸ਼ ਹੋ ਸਕਦੀ ਹੈ: ਵਿਜੇਂਦਰ
ਨਵੀਂ ਦਿੱਲੀ:
ਭਾਰਤ ਦੇ ਦਿੱਗਜ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਦੋਸ਼ ਲਗਾਇਆ ਹੈ ਕਿ ਓਲੰਪਿਕ ਵਿੱਚ ਪਹਿਲਵਾਨ ਵਿਨੇਸ਼ ਫੋਗਾਟ ਨੂੰ ਅਯੋਗ ਕਰਾਰ ਦਿੱਤਾ ਜਾਣਾ ਸਾਜ਼ਿਸ਼ ਵੀ ਹੋ ਸਕਦੀ ਹੈ ਕਿਉਂਕਿ ਉਸ ਵਰਗੇ ਇਲੀਟ ਖਿਡਾਰੀਆਂ ਨੂੰ ਵੱਡੇ ਟੂਰਨਾਮੈਂਟਾਂ ਤੋਂ ਪਹਿਲਾਂ ਵਜ਼ਨ ਘੱਟ ਕਰਨ ਦੀ ਤਕਨੀਕ ਬਾਖੂਬੀ ਪਤਾ ਹੁੰਦੀ ਹੈ। ਓਲੰਪਿਕ ਤਗ਼ਮਾ ਜਿੱਤਣ ਵਾਲੇ ਭਾਰਤ ਦੇ ਪਹਿਲੇ ਅਤੇ ਇਕਲੌਤੇ ਮੁੱਕੇਬਾਜ਼ ਵਿਜੇਂਦਰ ਨੇ ਕਿਹਾ ਕਿ ਇਹ ਹੈਰਾਨ ਕਰਨ ਵਾਲਾ ਹੈ ਕਿ ਵਿਨੇਸ਼ (50 ਕਿਲੋ ਭਾਰ ਵਰਗ) ਦਾ ਵਜ਼ਨ ਓਲੰਪਿਕ ਫਾਈਨਲ ਤੋਂ ਪਹਿਲਾਂ 100 ਗ੍ਰਾਮ ਵੱਧ ਪਾਇਆ ਗਿਆ।
ਉਸ ਨੇ ਕਿਹਾ, ‘‘ਇਹ ਸਾਜ਼ਿਸ਼ ਹੋ ਸਕਦੀ ਹੈ। ਸੌ ਗਰਾਮ, ਮਤਲਬ ਕੋਈ ਮਜ਼ਾਕ ਹੈ। ਅਸੀਂ ਖਿਡਾਰੀ ਇੱਕ ਰਾਤ ਵਿੱਚ ਪੰਜ ਤੋਂ ਛੇ ਕਿਲੋ ਵਜ਼ਨ ਘਟਾ ਸਕਦੇ ਹਾਂ। ਸਾਨੂੰ ਪਤਾ ਹੁੰਦਾ ਹੈ ਕਿ ਆਪਣੀ ਭੁੱਖ ਅਤੇ ਪਿਆਸ ’ਤੇ ਕਿਵੇਂ ਕਾਬੂ ਪਾਉਣਾ ਹੈ।’’ ਉਸ ਨੇ ਕਿਹਾ, ‘‘ਸਾਜ਼ਿਸ਼ ਦਾ ਮਤਲਬ ਇਹ ਹੈ ਕਿ ਲੋਕ ਖੇਡਾਂ ਵਿੱਚ ਭਾਰਤ ਨੂੰ ਅੱਗੇ ਵਧਦਿਆਂ ਦੇਖ ਕੇ ਖੁਸ਼ ਨਹੀਂ ਹਨ। ਇਸ ਲੜਕੀ ਨੇ ਇੰਨਾ ਕੁੱਝ ਝੱਲਿਆ ਹੈ ਕਿ ਉਸ ਲਈ ਦੁੱਖ ਹੁੰਦਾ ਹੈ।’ ਵਿਜੇਂਦਰ ਨੇ ਕਿਹਾ, ‘‘ਮੈਨੂੰ ਯਕੀਨ ਨਹੀਂ ਹੁੰਦਾ ਕਿ ਵਿਨੇਸ਼ ਅਜਿਹੀ ਗਲਤੀ ਕਰੇਗੀ। ਉਹ ਇੰਨੇ ਲੰਬੇ ਸਮੇਂ ਤੋਂ ਇਲੀਟ ਖਿਡਾਰਨ ਹੈ ਅਤੇ ਉਸ ਨੂੰ ਪਤਾ ਹੈ ਕਿ ਇਸ ਵਿੱਚ ਕੁੱਝ ਹੋਰ ਵੀ ਹੈ। ਮੈਨੂੰ ਉਸ ਦਾ ਫਿਕਰ ਹੋ ਰਿਹਾ ਹੈ। ਉਮੀਦ ਹੈ ਕਿ ਉਹ ਠੀਕ ਹੈ। ਉਸ ਨਾਲ ਜੋ ਕੁੱਝ ਹੋਇਆ, ਉਹ ਠੀਕ ਨਹੀਂ ਹੈ।’’ -ਪੀਟੀਆਈ