ਇਸਤਰੀ ਜਾਗ੍ਰਿਤੀ ਮੰਚ ਨੇ ਔਰਤਾਂ ਦੀ ਖੱਜਲ-ਖੁਆਰੀ ਦਾ ਨੋਟਿਸ ਲਿਆ
ਪੱਤਰ ਪ੍ਰੇਰਕ
ਪਟਿਆਲਾ, 24 ਜੂਨ
ਇਸਤਰੀ ਜਾਗ੍ਰਿਤੀ ਮੰਚ ਦੀ ਜਨਰਲ ਸਕੱਤਰ ਅਮਨਦੀਪ ਕੌਰ ਦਿਓਲ ਅਤੇ ਜਸਬੀਰ ਕੌਰ ਜੱਸੀ ਨੇ ਕਿਹਾ ਕਿ ਸਰਕਾਰ ਦੀ ਨਿੱਜੀਕਰਨ ਦੀ ਨੀਤੀ ਤਹਿਤ ਸਰਕਾਰੀ ਬੱਸਾਂ ਦੀ ਗਿਣਤੀ ਵਿੱਚ ਲਗਾਤਾਰ ਕਟੌਤੀ ਕੀਤੀ ਜਾ ਰਹੀ ਹੈ ਅਤੇ ਦੂਜੇ ਪਾਸੇ ਔਰਤਾਂ ਔਰਤਾਂ ਨਾਲ ਬੱਸਾਂ ਵਿਚ ਮਾੜਾ ਵਿਵਹਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਔਰਤਾਂ ਨੂੰ ਦੇਖ ਕੇ ਬੱਸਾਂ ਨੂੰ ਭਜਾ ਲਿਆ ਜਾਂਦਾ ਹੈ, ਜਿਸ ਕਾਰਨ ਬਹੁਤ ਸਾਰੀਆਂ ਔਰਤਾਂ ਦੇ ਸੱਟਾਂ ਲੱਗਣ ਦੀਆਂ ਖ਼ਬਰਾਂ ਵੀ ਆਈਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸ ਸਮੱਸਿਆ ਦਾ ਹੱਲ ਕਰਨ ਦੀ ਬਜਾਏ ਲਗਾਤਾਰ ਇਸ ਖੱਜਲ-ਖ਼ੁਆਰੀ ‘ਤੇ ਚੁੱਪ ਧਾਰੀ ਹੋਈ ਹੈ। ਨਾਭਾ-ਪਟਿਆਲਾ ਰਾਹ ‘ਤੇ ਪੂਰੀ ਤਰ੍ਹਾਂ ਸਰਕਾਰੀ ਬੱਸਾਂ ਦਾ ਰੂਟ ਹੈ ਪਰ ਜਾਣਬੁੱਝ ਕੇ ਸਰਕਾਰੀ ਬੱਸਾਂ ਘਟਾ ਕੇ ਪ੍ਰਾਈਵੇਟ ਬੱਸਾਂ ਨੂੰ ਪਾਉਣ ਦੀ ਤਿਆਰੀ ਲੱਗ ਰਹੀ ਹੈ। ਇਸ ਸਭ ਦੀ ਗਾਜ ਔਰਤਾਂ ਸਿਰ ਸੁੱਟੀ ਜਾ ਰਹੀ ਹੈ।
ਆਗੂਆਂ ਨੇ ਮੰਗ ਕੀਤੀ ਕਿ ਸਾਰਿਆਂ ਰੂਟਾਂ ‘ਤੇ ਨਵੀਆਂ ਬੱਸਾਂ ਪਾਈਆਂ ਜਾਣ, ਹਰੇਕ ਅੱਡੇ ਉੱਤੇ ਬੱਸ ਰੁਕਣੀ ਯਕੀਨੀ ਬਣਾਈ ਜਾਵੇ ਅਤੇ ਬੱਸਾਂ ਅੰਦਰ ਨਿੱਤ ਦਿਨ ਹੁੰਦੀ ਖੱਜਲਖੁਆਰੀ ਨੂੰ ਸੁਚੱਜੇ ਢੰਗ ਨਾਲ ਹੱਲ ਕੀਤਾ ਜਾਵੇ।