‘ਬਲੈਕ ਹੋਲਜ਼’ ਦੇ ਅਧਿਐਨ ਲਈ ਇਸਰੋ ਅੱਜ ਲਾਂਚ ਕਰੇਗਾ ਸੈਟੇਲਾਈਟ
ਸ੍ਰੀਹਰੀਕੋਟਾ: ਇਸਰੋ ਭਲਕੇ ਪਹਿਲੇ ਐਕਸ-ਰੇਅ ਪੋਲਰੀਮੀਟਰ ਸੈਟੇਲਾਈਟ ਦੇ ਲਾਂਚ ਨਾਲ ਨਵੇਂ ਸਾਲ ਦਾ ਸਵਾਗਤ ਕਰਨ ਲਈ ਤਿਆਰ ਹੈ ਜੋ ਕਿ ‘ਬਲੈਕ ਹੋਲਜ਼’ ਜਿਹੀਆਂ ਖਗੋਲੀ ਰਚਨਾਵਾਂ ਦੇ ਭੇਤ ਤੋਂ ਪਰਦਾ ਚੁੱਕੇਗਾ। ਅਕਤੂਬਰ ਵਿਚ ਗਗਨਯਾਨ ਟੈਸਟ ਵਹੀਕਲ ਡੀ1 ਮਿਸ਼ਨ ਦੀ ਸਫਲਤਾ ਤੋਂ ਬਾਅਦ ਇਹ ਲਾਂਚ ਕੀਤਾ ਜਾ ਰਿਹਾ ਹੈ। ਪੀਐੱਸਐਲਵੀ-ਸੀ58 ਰਾਕੇਟ ਆਪਣੀ 60ਵੀਂ ਮੁਹਿੰਮ ਉਤੇ ਪ੍ਰਮੁੱਖ ਪੇਅਲੋਡ ‘ਐਕਸਪੋਸੈਟ’ ਤੇ 10 ਹੋਰ ਸੈਟੇਲਾਈਟ ਲੈ ਕੇ ਜਾਵੇਗਾ ਜਿਨ੍ਹਾਂ ਨੂੰ ਧਰਤੀ ਦੇ ਹੇਠਲੇ ਪੰਧ ਉਤੇ ਪਾਇਆ ਜਾਵੇਗਾ। ਚੇਨਈ ਤੋਂ ਕਰੀਬ 135 ਕਿਲੋਮੀਟਰ ਦੂਰ ਸਥਿਤ ਪੁਲਾੜ ਕੇਂਦਰ ਤੋਂ ਨਵੇਂ ਸਾਲ ਦੇ ਪਹਿਲੇ ਦਿਨ ਸਵੇਰੇ 9 ਵੱਜ ਕੇ 10 ਮਿੰਟ ਉਤੇ ਹੋਣ ਵਾਲੇ ਲਾਂਚ ਲਈ 25 ਘੰਟੇ ਪਹਿਲਾਂ ਉਲਟੀ ਗਿਣਤੀ ਐਤਵਾਰ ਨੂੰ ਸ਼ੁਰੂ ਹੋ ਗਈ। ਇਸਰੋ ਦੇ ਸੂਤਰਾਂ ਨੇ ਦੱਸਿਆ ਕਿ ਇਹ ਖਗੋਲੀ ਸਰੋਤਾਂ ਤੋਂ ਐਕਸ-ਰੇਅ ਨਿਕਾਸੀ ਦਾ ਪੁਲਾੜ ਅਧਾਰਿਤ ਧਰੁਵੀਕਰਨ ਮਾਪ ਵਿਚ ਅਧਿਐਨ ਕਰਨ ਲਈ ਪੁਲਾੜ ਏਜੰਸੀ ਦਾ ਪਹਿਲਾ ਸਮਰਪਿਤ ਵਿਗਿਆਨਕ ਉਪਗ੍ਰਹਿ ਹੈ। ਭਾਰਤ ਦੀ ਪੁਲਾੜ ਏਜੰਸੀ ਇਸਰੋ ਤੋਂ ਇਲਾਵਾ ਅਮਰੀਕੀ ਏਜੰਸੀ ‘ਨਾਸਾ’ ਨੇ ਦਸੰਬਰ 2021 ਵਿਚ ਸੁਪਰਨੋਵਾ ਧਮਾਕਿਆਂ ਦੇ ਬਚੇ ਕਣਾਂ, ਬਲੈਕ ਹੋਲ ਤੋਂ ਨਿਕਲਣ ਵਾਲੇ ਕਣਾਂ ਦੀਆਂ ਧਾਰਾਵਾਂ ਤੇ ਹੋਰ ਖਗੋਲੀ ਘਟਨਾਵਾਂ ਦਾ ਅਜਿਹਾ ਹੀ ਅਧਿਐਨ ਕੀਤਾ ਸੀ। ਇਸਰੋ ਨੇ ਕਿਹਾ ਕਿ ਐਕਸ-ਰੇਅ ਧਰੁਵੀਕਰਨ ਦਾ ਪੁਲਾੜ ਅਧਾਰਿਤ ਅਧਿਐਨ ਕੌਮਾਂਤਰੀ ਪੱਧਰ ਉਤੇ ਮਹੱਤਵਪੂਰਨ ਹੈ ਤੇ ਇਸ ਸੰਦਰਭ ਵਿਚ ਐਕਸਪੋਸੈਟ ਮਿਸ਼ਨ ਮਹੱਤਵਪੂਰਨ ਭੂਮਿਕਾ ਨਿਭਾਏਗਾ। -ਪੀਟੀਆਈ