ਇਸਰੋ ਵੱਲੋਂ ਸੀਈ20 ਕ੍ਰਾਇਓਜੈਨਿਕ ਇੰਜਣ ਦਾ ਸਫ਼ਲ ਪ੍ਰੀਖਣ
ਬੰਗਲੂਰੂ, 12 ਦਸੰਬਰ
ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਅੱਜ ਕਿਹਾ ਕਿ ਉਸ ਦਾ ਸੀਈ20 ਕ੍ਰਾਇਓਜੈਨਿਕ ਇੰਜਣ ਆਮ ਵਾਤਾਵਰਨ ਹਾਲਾਤ ਵਿੱਚ ਇਕ ਅਹਿਮ ਪਰੀਖਣ ’ਚ ਸਫ਼ਲ ਰਿਹਾ ਹੈ ਅਤੇ ਇਸ ਤਰ੍ਹਾਂ ਉਸ ਨੂੰ ਇਕ ਵੱਡੀ ਸਫਲਤਾ ਹਾਸਲ ਹੋਈ ਹੈ। ਇਸਰੋ ਮੁਤਾਬਕ ਇਹ ਸਫਲਤਾ ਭਵਿੱਖ ਦੇ ਮਿਸ਼ਨ ਲਈ ਇਕ ਅਹਿਮ ਕਦਮ ਹੈ।
ਭਾਰਤੀ ਪੁਲਾੜ ਏਜੰਸੀ ਨੇ ਇਕ ਬਿਆਨ ਵਿੱਚ ਕਿਹਾ, ‘‘ਇਸਰੋ ਨੇ 29 ਨਵੰਬਰ ਨੂੰ ਤਾਮਿਲਨਾਡੂ ਦੇ ਮਹੇਂਦਰਗਿਰੀ ਸਥਿਤ ‘ਇਸਰੋ ਪ੍ਰੋਪਲਸ਼ਨ ਕੰਪਲੈਕਸ’ ਵਿੱਚ 100 ਨੋਜ਼ਲ ਖੇਤਰ ਅਨੁਪਾਤ ਵਾਲੇ ਆਪਣੇ ਸੀਈ20 ਕ੍ਰਾਇਓਜੈਨਿਕ ਇੰਜਣ ਦਾ ਸਮੁੰਦਰ ਤਲ ’ਤੇ ਸਫ਼ਲ ਪਰੀਖਣ ਕੀਤਾ।’’
ਇਸਰੋ ਨੇ ਦੱਸਿਆ ਕਿ ‘ਲਿਕੁਇਡ ਪ੍ਰੋਪਲਸ਼ਨ ਸਿਸਟਮ ਸੈਂਟਰ’ ਵੱਲੋਂ ਵਿਕਸਤ ਸਵਦੇਸ਼ੀ ਸੀਈ20 ਕ੍ਰਾਇਓਜੈਨਿਕ ਇੰਜਣ ‘ਲਾਂਚ ਵਹੀਕਲ ਮਾਰਕ-3’ (ਐੱਲਵੀਐੱਮ-3) ਦੇ ਉੱਪਰੀ ਪੜਾਅ ਨੂੰ ਤਾਕਤ ਪ੍ਰਦਾਨ ਕਰ ਰਿਹਾ ਹੈ ਅਤੇ ਇਸ ਨੂੰ 19 ਟਨ ਦੇ ‘ਥਰੱਸਟ’ ਪੱਧਰ ’ਤੇ ਸੰਚਾਲਿਤ ਕਰਨ ਲਈ ਯੋਗ ਬਣਾਇਆ ਗਿਆ ਹੈ। ਇਸਰੋ ਨੇ ਕਿਹਾ, ‘‘ਸਮੁੰਦਰ ਤਲ ’ਤੇ ਸੀਈ20 ਇੰਜਣ ਦਾ ਪਰੀਖਣ ਕਰਨਾ ਕਾਫੀ ਚੁਣੌਤੀਪੂਰਨ ਹੈ, ਮੁੱਖ ਤੌਰ ’ਤੇ ਉੱਚ ਖੇਤਰ ਅਨੁਪਾਤ ਨੋਜ਼ਲ ਕਰ ਕੇ, ਜਿਸ ਦਾ ਨਿਕਾਸ ਦਬਾਅ ਲਗਪਗ 50 ਐੱਮਬਾਰ ਹੈ।’’ -ਪੀਟੀਆਈ