For the best experience, open
https://m.punjabitribuneonline.com
on your mobile browser.
Advertisement

ਇਸਰੋ ਨੇ ਆਦਿੱਤਿਆ-ਐੱਲ1 ਸਫ਼ਲਤਾਪੂਰਵਕ ਦਾਗ਼ਿਆ

07:46 AM Sep 03, 2023 IST
ਇਸਰੋ ਨੇ ਆਦਿੱਤਿਆ ਐੱਲ1 ਸਫ਼ਲਤਾਪੂਰਵਕ ਦਾਗ਼ਿਆ
‘ਆਦਿੱਤਿਆ-ਐੱਲ1’ ਨੂੰ ਲੈ ਕੇ ਉਡਾਣ ਭਰਦਾ ਹੋਇਆ ਪੀਐੱਸਐੱਲਵੀ-ਸੀ57 ਰਾਕੇਟ। -ਫੋਟੋ: ਪੀਟੀਆਈ
Advertisement

ਸ੍ਰੀਹਰੀਕੋਟਾ, 2 ਸਤੰਬਰ
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਕੁਝ ਦਿਨ ਪਹਿਲਾਂ ਚੰਦ ’ਤੇ ਸਫ਼ਲ ਲੈਂਡਿੰਗ ਮਗਰੋਂ ਹੁਣ ਮੁੜ ਇਤਿਹਾਸ ਸਿਰਜਣ ਦੇ ਉਦੇਸ਼ ਨਾਲ ਸ਼ਨਿਚਰਵਾਰ ਨੂੰ ਦੇਸ਼ ਦੇ ਪਹਿਲੇ ਸੂਰਜੀ ਮਿਸ਼ਨ ਆਦਿੱਤਿਆ-ਐੱਲ1 ਨੂੰ ਇਥੋਂ ਦੇ ਪੁਲਾੜ ਕੇਂਦਰ ਤੋਂ ਸਫ਼ਲਤਾਪੂਰਵਕ ਦਾਗ਼ਿਆ। ਇਸਰੋ ਨੇ ਦੱਸਿਆ ਕਿ ਆਦਿੱਤਿਆ-ਐੱਲ1 ਪੀਐੱਸਐੱਲਵੀ ਰਾਕੇਟ ਤੋਂ ਸਫ਼ਲਤਾਪੂਰਵਕ ਵੱਖ ਹੋ ਗਿਆ ਹੈ। ਭਾਰਤ ਦਾ ਇਹ ਮਿਸ਼ਨ ਸੂਰਜ ਨਾਲ ਸਬੰਧਤ ਭੇਤਾਂ ਤੋਂ ਪਰਦਾ ਹਟਾਉਣ ’ਚ ਸਹਾਇਤਾ ਕਰੇਗਾ। ਇਸਰੋ ਮੁਖੀ ਐੱਸ ਸੋਮਨਾਥ ਨੇ ਕਿਹਾ ਕਿ ਪੁਲਾੜ ਵਾਹਨ ਸਟੀਕ ਪੰਧ ’ਤੇ ਪੈ ਗਿਆ ਹੈ। ਉਨ੍ਹਾਂ ਨਾਲ ਪ੍ਰਾਜੈਕਟ ਡਾਇਰੈਕਟਰ ਨਿਗਾਰ ਸ਼ਾਜੀ ਅਤੇ ਮਿਸ਼ਨ ਡਾਇਰੈਕਟਰ ਬੀਜੂ ਵੀ ਮੌਜੂਦ ਸਨ। ਸ਼ਾਜੀ ਨੇ ਕਿਹਾ ਕਿ ਆਦਿੱਤਿਆ-ਐੱਲ1 ਨੇ ਸੂਰਜ ਵੱਲ 125 ਦਿਨਾਂ ਦਾ ਲੰਬਾ ਸਫ਼ਰ ਆਰੰਭ ਕਰ ਦਿੱਤਾ ਹੈ। ਇਸ ਮੌਕੇ ਹਾਜ਼ਰ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਅੱਜ ਦੀ ਪ੍ਰਾਪਤੀ ਨੂੰ ‘ਸਨਸ਼ਾਈਨ ਪਲ’ ਕਰਾਰ ਦਿੱਤਾ।

Advertisement

ਸ੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਦਾਗ਼ੇ ਗਏ ਰਾਕੇਟ ਨੂੰ ਦੇਖਣ ਪੁੱਜੇ ਲੋਕ। -ਫੋਟੋ: ਏਐੱਨਆਈ

ਇਸਰੋ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਿਵੇਂ ਹੀ 23.40 ਘੰਟੇ ਦੀ ਪੁੱਠੀ ਗਿਣਤੀ ਖ਼ਤਮ ਹੋਈ ਤਾਂ 44.4 ਮੀਟਰ ਲੰਬਾ ਪੋਲਰ ਸੈਟੇਲਾਈਟ ਲਾਂਚ ਵਹੀਕਲ (ਪੀਐੱਸਐੱਲਵੀ) ਚੇਨੱਈ ਤੋਂ ਕਰੀਬ 135 ਕਿਲੋਮੀਟਰ ਦੂਰ ਸ੍ਰੀਹਰੀਕੋਟਾ ਸਥਿਤ ਪੁਲਾੜ ਕੇਂਦਰ ਤੋਂ ਸਵੇਰੇ 11.50 ਵਜੇ ਨਿਰਧਾਰਿਤ ਸਮੇਂ ’ਤੇ ਸ਼ਾਨਦਾਰ ਢੰਗ ਨਾਲ ਆਸਮਾਨ ਵੱਲ ਰਵਾਨਾ ਹੋਇਆ। ਇਸਰੋ ਮੁਤਾਬਕ ਆਦਿੱਤਿਆ-ਐੱਲ1 ਸੂਰਜ ਦਾ ਅਧਿਐਨ ਕਰਨ ਵਾਲੀ ਪਹਿਲੀ ਪੁਲਾੜ ਆਧਾਰਿਤ ਅਬਜ਼ਰਵੇਟਰੀ ਹੈ। ਇਹ ਪੀਐੱਸਐੱਲਵੀ ਦੀ ਕਰੀਬ 63 ਮਿੰਟਾਂ ਦੀ ਸੱਭ ਤੋਂ ਲੰਬੀ ਉਡਾਣ ਹੈ। ਇਹ ਸਪੇਸਕ੍ਰਾਫਟ 125 ਦਿਨ ’ਚ ਪ੍ਰਿਥਵੀ ਤੋਂ ਕਰੀਬ 15 ਲੱਖ ਕਿਲੋਮੀਟਰ ਲੰਬੀ ਯਾਤਰਾ ਕਰਨ ਮਗਰੋਂ ਲੈਗਰੇਂਜੀਅਨ ਪੁਆਇੰਟ ਐੱਲ1 ਦੇ ਆਲੇ-ਦੁਆਲੇ ਇਕ ਹਾਲੋ ਪੰਧ ’ਤੇ ਸਥਾਪਿਤ ਹੋਵੇਗਾ ਜਿਸ ਨੂੰ ਸੂਰਜ ਦੇ ਸੱਭ ਤੋਂ ਕਰੀਬ ਮੰਨਿਆ ਜਾਂਦਾ ਹੈ। ਇਹ ਉਥੋਂ ਹੀ ਸੂਰਜ ’ਤੇ ਹੋਣ ਵਾਲੀਆਂ ਵੱਖ ਵੱਖ ਘਟਨਾਵਾਂ ਦਾ ਅਧਿਐਨ ਕਰੇਗਾ ਅਤੇ ਵਿਗਿਆਨਕ ਤਜਰਬਿਆਂ ਲਈ ਸੂਰਜ ਦੀਆਂ ਤਸਵੀਰਾਂ ਵੀ ਭੇਜੇਗਾ। ਵਿਗਿਆਨੀਆਂ ਮੁਤਾਬਕ ਪ੍ਰਿਥਵੀ ਅਤੇ ਸੂਰਜ ਵਿਚਕਾਰ ਪੰਜ ਲੈਗਰੇਂਜੀਅਨ ਪੁਆਇੰਟ (ਪਾਰਕਿੰਗ ਖੇਤਰ) ਹਨ ਜਿਥੇ ਪੁੱਜਣ ’ਤੇ ਕੋਈ ਵਸਤੂ ਉਥੇ ਹੀ ਰੁਕ ਜਾਂਦੀ ਹੈ। ਇਥੇ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਰਵਾਨਾ ਹੋਏ ਪੁਲਾੜ ਵਾਹਨ ਨੂੰ ਵਿਗਿਆਨੀ ਸ਼ੁਰੂ ’ਚ ਪ੍ਰਿਥਵੀ ਦੇ ਹੇਠਲੇ ਪੰਧ ’ਚ ਰਖਣਗੇ। ਇਸਰੋ ਨੇ ਕਿਹਾ ਕਿ ਆਦਿੱਤਿਆ-ਐੱਲ1 ਨੂੰ ਦਾਗ਼ਣ ਤੋਂ ਲੈ ਕੇ ਐੱਲ1 ਪੁਆਇੰਟ ਤੱਕ ਪੁੱਜਣ ’ਚ ਕਰੀਬ ਚਾਰ ਮਹੀਨੇ ਲੱਗਣਗੇ। ਸੂਰਜ ਦਾ ਅਧਿਐਨ ਕਰਨ ਦਾ ਕਾਰਨ ਦੱਸਦਿਆਂ ਇਸਰੋ ਨੇ ਕਿਹਾ ਕਿ ਇਹ ਵੱਖ ਵੱਖ ਊਰਜਾ ਕਣਾਂ ਅਤੇ ਚੁੰਬਕੀ ਖੇਤਰਾਂ ਦੇ ਨਾਲ ਨਾਲ ਤਕਰੀਬਨ ਸਾਰੀਆਂ ਵੇਵਲੈਂਥ ’ਚ ਰੇਡੀਏਸ਼ਨ ਦੀ ਨਿਕਾਸੀ ਕਰਦਾ ਹੈ। ਪ੍ਰਿਥਵੀ ਦਾ ਵਾਤਾਵਰਨ ਅਤੇ ਉਸ ਦਾ ਚੁੰਬਕੀ ਖੇਤਰ ਇਕ ਸੁਰੱਖਿਆ ਢਾਲ ਵਜੋਂ ਕੰਮ ਕਰਦਾ ਹੈ ਅਤੇ ਹਾਨੀਕਾਰਕ ਵੇਵਲੈਂਥ ਰੇਡੀਏਸ਼ਨ ਨੂੰ ਰੋਕਦਾ ਹੈ। ਅਜਿਹੇ ਰੇਡੀਏਸ਼ਨ ਦਾ ਪਤਾ ਲਾਉਣ ਲਈ ਪੁਲਾੜ ਤੋਂ ਸੂਰਜ ਦਾ ਅਧਿਐਨ ਕੀਤਾ ਜਾਂਦਾ ਹੈ। ਮਿਸ਼ਨ ਦੇ ਪ੍ਰਮੁੱਖ ਉਦੇਸ਼ਾਂ ’ਚ ਸੂਰਜ ਦੀ ਗਰਮੀ ਅਤੇ ਸੌਰ ਹਵਾ, ਸੂਰਜ ’ਤੇ ਆਉਣ ਵਾਲੇ ਭੂਚਾਲ ਜਾਂ ਕੋਰੋਨਲ ਮਾਸ ਇਜੈਕਸ਼ਨ, ਪ੍ਰਿਥਵੀ ਨੇੜੇ ਪੁਲਾੜ ਮੌਸਮ ਆਦਿ ਦਾ ਅਧਿਐਨ ਕਰਨਾ ਸ਼ਾਮਲ ਹੈ। ਅਧਿਐਨ ਲਈ ਆਦਿੱਤਿਆ-ਐੱਲ1 ਮਿਸ਼ਨ ਆਪਣੇ ਨਾਲ ਸੱਤ ਸਾਇੰਟਿਫਿਕ ਪੇਅਲੋਡ ਲੈ ਕੇ ਗਿਆ ਹੈ। -ਪੀਟੀਆਈ

ਪ੍ਰਧਾਨ ਮੰਤਰੀ ਨੇ ਸੂਰਜ ਮਿਸ਼ਨ ਦੀ ਲਾਂਚਿੰਗ ਲਈ ਇਸਰੋ ਨੂੰ ਵਧਾਈ ਦਿੱਤੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਪਹਿਲੇ ਸੂਰਜੀ ਮਿਸ਼ਨ ਨੂੰ ਸਫ਼ਲਤਾਪੂਰਵਕ ਦਾਗ਼ੇ ਜਾਣ ਲਈ ਇਸਰੋ ਅਤੇ ਉਸ ਦੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ‘ਐਕਸ’ ’ਤੇ ਲਿਖਿਆ,‘‘ਸੰਪੂਰਨ ਮਾਨਵਤਾ ਦੀ ਭਲਾਈ ਲਈ ਪੁਲਾੜ ਦੀ ਬਿਹਤਰ ਸਮਝ ਵਿਕਸਤ ਕਰਨ ਵਾਸਤੇ ਸਾਡੀਆਂ ਅਣਥੱਕ ਵਿਗਿਆਨਕ ਕੋਸ਼ਿਸ਼ਾਂ ਜਾਰੀ ਰਹਿਣਗੀਆਂ।’’ ਉਧਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਆਦਿੱਤਿਆ-ਐੱਲ1 ਦੀ ਸਫ਼ਲ ਲਾਂਚਿੰਗ ’ਤੇ ਦੇਸ਼ ਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਭਾਰਤੀ ਵਿਗਿਆਨੀਆਂ ਨੇ ਹਰ ਵਾਰ ਆਪਣੀ ਤਾਕਤ ਅਤੇ ਅਕਲਮੰਦੀ ਦਾ ਲੋਹਾ ਮਨਵਾਇਆ ਹੈ। -ਪੀਟੀਆਈ

ਕਾਂਗਰਸ ਨੇ ਆਦਿੱਤਿਆ-ਐੱਲ1 ਦੀ ਲਾਂਚਿੰਗ ਨੂੰ ਕਈ ਵਰ੍ਹਿਆਂ ਦੀ ਸ਼ਾਨਦਾਰ ਉਪਲੱਬਧੀ ਦੱਸਿਆ

ਨਵੀਂ ਦਿੱਲੀ: ਕਾਂਗਰਸ ਨੇ ਆਦਿੱਤਿਆ-ਐੱਲ1 ਮਿਸ਼ਨ ਨੂੰ ਦੇਸ਼ ਲਈ ਸ਼ਾਨਦਾਰ ਉਪਲੱਬਧੀ ਕਰਾਰ ਦਿੱਤਾ ਅਤੇ ਇਸ ਦੇ ਇਤਿਹਾਸਕ ਪਿਛੋਕੜ ਦਾ ਜ਼ਿਕਰ ਕਰਦਿਆਂ ਕਿਹਾ ਕਿ ਪ੍ਰਾਜੈਕਟ ਨੂੰ ਸਾਲ 2006 ’ਚ ਇਸਰੋ ਦੀ ਮਨਜ਼ੂਰੀ ਮਿਲੀ ਸੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ‘ਐਕਸ’ ’ਤੇ ਪੋਸਟ ਕੀਤਾ,‘‘ਤਮਸੋ ਮਾ ਜਯੋਤਿਰਗਮਿਆ ਯਾਨੀ ਮੈਨੂੰ ਹਨੇਰੇ ਤੋਂ ਰੌਸ਼ਨੀ ਵੱਲ ਲੈ ਚੱਲੋ। ਅਸੀਂ ਆਪਣੇ ਵਿਗਿਆਨੀਆਂ, ਪੁਲਾੜ ਇੰਜਨੀਅਰਾਂ, ਖੋਜੀਆਂ ਅਤੇ ਸਖ਼ਤ ਮਿਹਨਤ ਕਰਨ ਵਾਲੇ ਮੁਲਾਜ਼ਮਾਂ ਦੇ ਕਰਜ਼ਦਾਰ ਹਾਂ। ਅਸੀਂ ਸਾਰੇ ਮਿਲ ਕੇ ਉਨ੍ਹਾਂ ਦੀ ਸਫ਼ਲਤਾ ਦਾ ਜਸ਼ਨ ਮਨਾਉਂਦੇ ਹਾਂ ਅਤੇ ਉਨ੍ਹਾਂ ਦਾ ਸਨਮਾਨ ਕਰਦੇ ਹਾਂ।’’ ਉਨ੍ਹਾਂ ਕਿਹਾ ਕਿ ਭਾਰਤ ਨੇ ਸੂਰਜ ਦੀ ਯਾਤਰਾ 2006 ’ਚ ਸ਼ੁਰੂ ਕੀਤੀ ਸੀ ਜਦੋਂ ਵਿਗਿਆਨੀਆਂ ਨੇ ਸੂਰਜ ਲਈ ਇਕ ਹੀ ਉਪਕਰਣ ਦੇ ਨਾਲ ਅਬਜ਼ਰਵੇਟਰੀ ਦੀ ਤਜਵੀਜ਼ ਰੱਖੀ ਸੀ। ‘ਜੁਲਾਈ 2013 ’ਚ ਇਸਰੋ ਨੇ ਆਦਿੱਤਿਆ-1 ਮਿਸ਼ਨ ਲਈ ਸੱਤ ਪੇਅਲੋਡ ਦੀ ਚੋਣ ਕੀਤੀ ਸੀ ਜਿਸ ਨੂੰ ਹੁਣ ਆਦਿੱਤਿਆ-ਐੱਲ1 ਮਿਸ਼ਨ ਦਾ ਨਾਮ ਦਿੱਤਾ ਗਿਆ ਹੈ। ਨਵੰਬਰ 2015 ’ਚ ਇਸਰੋ ਨੇ ਰਸਮੀ ਤੌਰ ’ਤੇ ਆਦਿੱਤਿਆ-ਐੱਲ1 ਨੂੰ ਮਨਜ਼ੂਰੀ ਦਿੱਤੀ ਸੀ।’ ਉਨ੍ਹਾਂ ਕਿਹਾ ਕਿ ਵਿਗਿਆਨ, ਤਕਨਾਲੋਜੀ ਅਤੇ ਖੋਜ ਦੀ ਸਮਰੱਥਾ ਦਾ ਨਿਰਮਾਣ ਸਿਰਫ਼ ਕੁਝ ਸਾਲਾਂ ’ਚ ਨਹੀਂ ਸਗੋਂ ਪੂਰੇ ਦਹਾਕਿਆਂ ’ਚ ਹੁੰਦਾ ਹੈ ਅਤੇ ਪੁਲਾੜ ਖੋਜ ’ਚ ਭਾਰਤ ਦੀ ਸਫ਼ਲਤਾ ਉਸ ਹੌਸਲੇ ਅਤੇ ਵਚਨਬੱਧਤਾ ਦੀ ਮਿਸਾਲ ਹੈ। ਖੜਗੇ ਨੇ ਕਿਹਾ ਕਿ ਵਿਗਿਆਨੀ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਰਹਿਣਗੇ। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ‘ਐਕਸ’ ’ਤੇ ਪੋਸਟ ਕਰਕੇ ਕਿਹਾ ਕਿ ਇਸਰੋ ਨੇ ਮੁੜ ਇਤਿਹਾਸ ਸਿਰਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸਰੋ ਨੇ ਪੁਲਾੜ ’ਚ ਭਾਰਤ ਦੀ ਤਾਕਤ ਨੂੰ ਸਥਾਪਿਤ ਕੀਤਾ ਹੈ। ਪੂਰੀ ਟੀਮ ਅਤੇ ਦੇਸ਼ਵਾਸੀਆਂ ਨੂੰ ਵਧਾਈਆਂ। ਕਾਂਗਰਸ ਦੇ ਇਕ ਹੋਰ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਭਾਰਤ ਨੇ ਆਦਿੱਤਿਆ-ਐੱਲ1 ਦਾਗ਼ ਕੇ ਇਕ ਹੋਰ ਸਫ਼ਲਤਾ ਹਾਸਲ ਕਰ ਲਈ ਹੈ। -ਪੀਟੀਆਈ

ਚੰਦਰਯਾਨ-3: ਲੈਂਡਰ ਤੋਂ 100 ਮੀਟਰ ਦੂਰ ਹੋਇਆ ਰੋਵਰ

ਸ੍ਰੀਹਰੀਕੋਟਾ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਮੁਖੀ ਐੱਸ ਸੋਮਨਾਥ ਨੇ ਕਿਹਾ ਕਿ ਚੰਦ ’ਤੇ ਭੇਜੇ ਗਏ ਚੰਦਰਯਾਨ-3 ਦੇ ਰੋਵਰ ਅਤੇ ਲੈਂਡਰ ਠੀਕ ਢੰਗ ਨਾਲ ਕੰਮ ਕਰ ਰਹੇ ਹਨ ਪਰ ਚੰਦਰਮਾ ’ਤੇ ਹੁਣ ਰਾਤ ਹੋ ਜਾਵੇਗੀ, ਇਸ ਲਈ ਉਨ੍ਹਾਂ ਨੂੰ ਛੇਤੀ ‘ਸਲੀਪ ਮੋਡ’ ’ਤੇ ਰੱਖਿਆ ਜਾਵੇਗਾ। ਸੋਮਨਾਥ ਨੇ ਕਿਹਾ ਕਿ ਲੈਂਡਰ ਵਿਕਰਮ ਅਤੇ ਰੋਵਰ ਪ੍ਰਗਿਆਨ ਅਜੇ ਵੀ ਕੰਮ ਕਰ ਰਹੇ ਹਨ ਅਤੇ ‘ਸਾਡੀ ਟੀਮ ਹੁਣ ਵਿਗਿਆਨਕ ਸਾਜ਼ੋ-ਸਾਮਾਨ ਨਾਲ ਬਹੁਤ ਸਾਰਾ ਕੰਮ ਕਰ ਰਹੀ ਹੈ।’ ਉਨ੍ਹਾਂ ਕਿਹਾ,‘‘ਵਧੀਆ ਖ਼ਬਰ ਇਹ ਹੈ ਕਿ ਲੈਂਡਰ ਤੋਂ ਰੋਵਰ ਘੱਟੋ ਘੱਟ 100 ਮੀਟਰ ਦੂਰ ਹੋ ਗਿਆ ਹੈ ਅਤੇ ਅਸੀਂ ਆਉਣ ਵਾਲੇ ਇਕ ਜਾਂ ਦੋ ਦਿਨਾਂ ’ਚ ਉਨ੍ਹਾਂ ਨੂੰ ਸਲੀਪ ਮੋਡ ’ਤੇ ਰੱਖਣ ਦਾ ਅਮਲ ਸ਼ੁਰੂ ਕਰਨ ਜਾ ਰਹੇ ਹਾਂ ਕਿਉਂਕਿ ਚੰਦ ’ਤੇ ਰਾਤ ਹੋਣ ਵਾਲੀ ਹੈ।’’ ਇਸਰੋ ਮੁਖੀ ਨੇ ਸੂਰਜੀ ਮਿਸ਼ਨ ਆਦਿੱਤਿਆ-ਐੱਲ1 ਨੂੰ ਸਫ਼ਲਤਾਪੂਰਵਕ ਦਾਗ਼ਣ ਮਗਰੋਂ ਮਿਸ਼ਨ ਕੰਟਰੋਲ ਕੇਂਦਰ ਤੋਂ ਆਪਣੇ ਸੰਬੋਧਨ ਦੌਰਾਨ ਉਕਤ ਜਾਣਕਾਰੀ ਦਿੱਤੀ। -ਪੀਟੀਆਈ

Advertisement
Tags :
Author Image

Advertisement
Advertisement
×