ਇਜ਼ਰਾਈਲ ਵੱਲੋਂ ਗਾਜ਼ਾ ਦੀ ਮੁਕੰਮਲ ਘੇਰਾਬੰਦੀ
ਯੇਰੂਸ਼ਲੱਮ, 9 ਅਕਤੂਬਰ
ਹਮਾਸ ਲੜਾਕਿਆਂ ਦੀ ਫ਼ੌਜੀ ਅਤੇ ਸ਼ਾਸਨ ਸਮਰੱਥਾ ਤਬਾਹ ਕਰਨ ਦੇ ਪ੍ਰਧਾਨ ਮੰਤਰੀ ਬੈਂਜਾਮਨਿ ਨੇਤਨਯਾਹੂ ਵੱਲੋਂ ਲਏ ਗਏ ਅਹਿਦ ਦਰਮਿਆਨ ਇਜ਼ਰਾਇਲੀ ਫ਼ੌਜ ਨੇ ਸੋਮਵਾਰ ਨੂੰ ਗਾਜ਼ਾ ਪੱਟੀ ’ਤੇ ਹਵਾਈ ਹਮਲੇ ਤੇਜ਼ ਕਰ ਦਿੱਤੇ। ਇਜ਼ਰਾਈਲ ਦੇ ਰੱਖਿਆ ਮੰਤਰੀ ਯੁਏਵ ਗੈਲੇਂਟ ਨੇ ਫ਼ੌਜ ਨੂੰ ਗਾਜ਼ਾ ਪੱਟੀ ਦੀ ਮੁਕੰਮਲ ਘੇਰਾਬੰਦੀ ਦੇ ਹੁਕਮ ਦਿੱਤੇ ਹਨ। ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗ ’ਚ ਮੌਤਾਂ ਦੀ ਗਿਣਤੀ ਵਧ ਕੇ 1300 ਹੋ ਗਈ ਹੈ। ਇਨ੍ਹਾਂ ’ਚੋਂ 800 ਇਜ਼ਰਾਇਲੀ ਅਤੇ ਗਾਜ਼ਾ ’ਚ ਕਰੀਬ 500 ਵਿਅਕਤੀ ਮਾਰੇ ਗਏ ਹਨ। ਹਮਲਿਆਂ ’ਚ ਪੰਜ ਹਜ਼ਾਰ ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਹੋਏ ਹਨ। ਫਲਸਤੀਨੀ ਦਹਿਸ਼ਤੀ ਗੁੱਟ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ 130 ਇਜ਼ਰਾਇਲੀਆਂ ਨੂੰ ਬੰਦੀ ਬਣਾਇਆ ਹੈ। ਇਜ਼ਰਾਇਲੀ ਫ਼ੌਜ ਨੇ ਸਰਹੱਦ ’ਤੇ ਲਗੀ ਕੰਡਿਆਲੀ ਤਾਰ ਰਾਹੀਂ ਸੰਨ੍ਹ ਲਾਉਣ ਦੇ ਖ਼ਦਸ਼ਿਆਂ ਨੂੰ ਟਾਲਣ ਲਈ ਉਥੇ ਟੈਂਕ ਤਾਇਨਾਤ ਕਰਦਿਆਂ ਹਮਾਸ ਲੜਾਕਿਆਂ ਦੀ ਭਾਲ ’ਚ ਆਪਣ ਜਵਾਨਾਂ ਨੂੰ ਦੱਖਣ ਵੱਲ ਰਵਾਨਾ ਕਰ ਦਿੱਤਾ ਹੈ। ਉਧਰ ਹਮਾਸ ਦੇ ਲੜਾਕਿਆਂ ਨੇ ਵੀ ਇਜ਼ਰਾਈਲ ’ਤੇ ਰਾਕੇਟ ਦਾਗ਼ਣੇ ਜਾਰੀ ਰੱਖੇ ਹਨ ਜਿਸ ਨਾਲ ਯੇਰੂਸ਼ਲੱਮ ਤੋਂ ਲੈ ਕੇ ਤਲ ਅਵੀਵ ਤੱਕ ਹਵਾਈ ਹਮਲਿਆਂ ਪ੍ਰਤੀ ਅਲਰਟ ਕਰਨ ਵਾਲੇ ਸਾਇਰਨ ਵਜ ਰਹੇ ਹਨ। ਇਜ਼ਰਾਇਲੀ ਰੱਖਿਆ ਮੰਤਰੀ ਯੁਏਵ ਗੈਂਲੇਂਟ ਨੇ ਗਾਜ਼ਾ ਦੀ ਮੁਕੰਮਲ ਘੇਰਾਬੰਦੀ ਦੇ ਹੁਕਮ ਦਿੰਦਿਆਂ ਕਿਹਾ ਕਿ ਅਧਿਕਾਰੀ ਖ਼ਿੱਤੇ ’ਚ ਬਿਜਲੀ ਸਪਲਾਈ ਠੱਪ ਕਰ ਦੇਣ ਅਤੇ ਉਥੇ ਭੋਜਨ ਅਤੇ ਈਂਧਣ ਦੀ ਸਪਲਾਈ ਰੋਕ ਦੇਣ। ਫ਼ੌਜ ਦੇ ਮੁੱਖ ਤਰਜਮਾਨ ਰੀਅਰ ਐਡਮਿਰਲ ਡੈਨੀਅਲ ਹੇਗਾਰੀ ਨੇ ਦੱਸਿਆ ਕਿ ਇਜ਼ਰਾਈਲ ਦਾ ਸਰਹੱਦੀ ਫਿਰਕਿਆਂ ’ਚ ਪੂਰਾ ਕੰਟਰੋਲ ਹੈ। ਉਨ੍ਹਾਂ ਕਿਹਾ ਕਿ ਸੋਮਵਾਰ ਤੜਕੇ ਕੁਝ ਮਾਮੂਲੀ ਘਟਨਾਵਾਂ ਵਾਪਰੀਆਂ ਹਨ ਪਰ ਖ਼ਿੱਤੇ ’ਚ ਕੁਝ ਅਤਵਿਾਦੀ ਅਜੇ ਵੀ ਹੋ ਸਕਦੇ ਹਨ। ਹੇਗਾਰੀ ਨੇ ਦੱਸਿਆ ਕਿ 24 ਸਰਹੱਦੀ ਫਿਰਕਿਆਂ ’ਚੋਂ 15 ਨੂੰ ਇਲਾਕੇ ’ਚੋਂ ਬਾਹਰ ਕੱਢਿਆ ਜਾ ਚੁੱਕਿਆ ਹੈ ਅਤੇ ਬਾਕੀਆਂ ਨੂੰ ਅਗਲੇ 24 ਘੰਟਿਆਂ ’ਚ ਉਥੋਂ ਬਾਹਰ ਕੱਢੇ ਜਾਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਹਮਾਸ ਦੇ ਤਰਜਮਾਨ ਅਬਦੇਲ-ਲਤੀਫ਼ ਅਲ-ਕਾਨੌਆ ਨੇ ਏਪੀ ਨੂੰ ਦੱਸਿਆ ਕਿ ਗਾਜ਼ਾ ਦੇ ਬਾਹਰ ਲੜਾਈ ਜਾਰੀ ਹੈ ਅਤੇ ਸੋਮਵਾਰ ਸਵੇਰੇ ਕੁਝ ਹੋਰ ਇਜ਼ਰਾਇਲੀਆਂ ਨੂੰ ਬੰਦੀ ਬਣਾ ਲਿਆ ਹੈ। ਉਸ ਨੇ ਕਿਹਾ ਕਿ ਗਰੁੱਪ ਦਾ ਨਿਸ਼ਾਨਾ ਇਨ੍ਹਾਂ ਬੰਦੀਆਂ ਦੇ ਬਦਲੇ ’ਚ ਇਜ਼ਰਾਈਲ ਦੀ ਹਿਰਾਸਤ ’ਚ ਮੌਜੂਦ ਸਾਰੇ ਫਲਸਤੀਨੀ ਕੈਦੀਆਂ ਨੂੰ ਮੁਕਤ ਕਰਾਉਣਾ ਹੈ। ਇਜ਼ਰਾਈਲ ਦੀ ਫ਼ੌਜ ਨੇ ਕਿਹਾ ਕਿ ਉਸ ਨੇ ਗਾਜ਼ਾ ਪੱਟੀ ’ਚ ਇਕ ਹਜ਼ਾਰ ਤੋਂ ਵੱਧ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ ਜਿਸ ਨਾਲ ਉੱਤਰ-ਪੂਰਬੀ ਹਿੱਸੇ ’ਚ ਮੌਜੂਦ ਬੇਤ ਹਨੂਨ ਕਸਬੇ ਦਾ ਜ਼ਿਆਦਾਤਰ ਹਿੱਸਾ ਜ਼ਮੀਨਦੋਜ਼ ਹੋ ਗਿਆ ਹੈ। ਹੇਗਾਰੀ ਨੇ ਕਿਹਾ ਕਿ ਹਮਾਸ ਇਸ ਕਸਬੇ ਦੀ ਵਰਤੋਂ ਇਜ਼ਰਾਈਲ ਖ਼ਿਲਾਫ਼ ਹਵਾਈ ਹਮਲਿਆਂ ਨੂੰ ਅੰਜਾਮ ਦੇਣ ਲਈ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਰਿਜ਼ਰਵ ’ਚ ਰੱਖੇ ਗਏ ਤਿੰਨ ਲੱਖ ਤੋਂ ਵਧੇਰੇ ਜਵਾਨਾਂ ਨੂੰ ਸੱਦ ਲਿਆ ਗਿਆ ਹੈ। ਇਜ਼ਰਾਇਲੀ ਫ਼ੌਜ ਦੇ ਇਕ ਤਰਜਮਾਨ ਜੌਨਾਥਨ ਕੌਨਰਿਕਨ ਨੇ ਇਕ ਵੀਡੀਓ ਸੁਨੇਹੇ ’ਚ ਕਿਹਾ ਕਿ ਹਮਾਸ ਕੋਲ ਇਜ਼ਰਾਈਲ ਨੂੰ ਨਿਸ਼ਾਨਾ ਬਣਾਉਣ ਲਈ ਫ਼ੌਜੀ ਅਤੇ ਗਾਜ਼ਾ ਪੱਟੀ ’ਚ ਰਾਜ ਕਰਨ ਦੀ ਕੋਈ ਸਮਰੱਥਾ ਨਾ ਬਚੇ। -ਏਪੀ
ਹਮਲੇਵਿੱਚ ਥਾਈਲੈਂਡ ਦੇ 12 ਅਤੇ 9 ਅਮਰੀਕੀ ਨਾਗਰਿਕਾਂ ਦੀ ਮੌਤ
ਵਾਸ਼ਿੰਗਟਨ: ਹਮਾਸ ਵੱਲੋਂ ਇਜ਼ਰਾਈਲ ’ਤੇ ਕੀਤੇ ਗਏ ਹਮਲੇ ’ਚ ਥਾਈਲੈਂਡ ਦੇ 12 ਅਤੇ ਅਮਰੀਕਾ ਦੇ 9 ਨਾਗਰਿਕਾਂ ਦੀ ਮੌਤ ਹੋ ਗਈ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਦੇ ਕੁਝ ਨਾਗਰਿਕ ਇਜ਼ਰਾਈਲ ’ਚ ਲਾਪਤਾ ਹੋ ਸਕਦੇ ਹਨ। ਤਰਜਮਾਨ ਮੈਥਿਊ ਮਿਲਰ ਨੇ ਕਿਹਾ ਕਿ ਮੰਤਰਾਲਾ ਪਰਿਵਾਰਾਂ ਦੇ ਸੰਪਰਕ ’ਚ ਹੈ ਉਨ੍ਹਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਬੀਬੀਸੀ ਨੇ ਹਮਲੇ ’ਚ ਬਰਤਾਨੀਆ ਦੇ 10 ਵਿਅਕਤੀਆਂ ਦੀ ਮੌਤ ਦਾ ਖ਼ਦਸ਼ਾ ਜਤਾਇਆ ਹੈ। ਇਸ ਤੋਂ ਪਹਿਲਾਂ ਨੇਪਾਲ ਆਪਣੇ 10 ਨਾਗਰਿਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਸੀ। -ਏਪੀ
ਇਜ਼ਰਾਈਲ ਨੇ ਹਮਾਇਤ ਦੇਣ ਲਈ ਭਾਰਤ ਦਾ ਧੰਨਵਾਦ ਕੀਤਾ
ਯੇਰੂਸ਼ਲੱਮ: ਇਜ਼ਰਾਈਲ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਵਿਰੋਧੀ ਧਿਰ ਦੇ ਆਗੂ ਯੇਅਰ ਲੈਪਿਡ ਨੇ ਯਹੂਦੀ ਮੁਲਕ ਨੂੰ ਹਮਾਇਤ ਦੇਣ ਲਈ ਭਾਰਤ ਦਾ ਧੰਨਵਾਦ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਹਿਸ਼ਤੀ ਹਮਲੇ ’ਤੇ ਦੁੱਖ ਜਤਾਉਂਦਿਆਂ ਇਜ਼ਰਾਈਲ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਸੀ। ਲੈਪਿਡ ਨੇ ਕਿਹਾ ਕਿ ਇਜ਼ਰਾਈਲ ਯਕੀਨੀ ਬਣਾਏਗਾ ਕਿ ਹਮਾਸ ਵੱਲੋਂ ਮੁੜ ‘ਕਤਲੇਆਮ’ ਨਾ ਦੁਹਰਾਇਆ ਜਾ ਸਕੇ। ਇਕ ਟੀਵੀ ਚੈਨਲ ਨਾਲ ਇੰਟਰਵਿਊ ਦੌਰਾਨ ਲੈਪਿਡ ਨੇ ਕਿਹਾ ਕਿ ਪ੍ਰਧਾਨ ਮੰਤਰੀ ਬੈਂਜਾਮਨਿ ਨੇਤਨਯਾਹੂ ਲਈ ਇਹ ਮੁਸ਼ਕਲਾਂ ਭਰਿਆ ਸਮਾਂ ਹੈ ਪਰ ਸਾਨੂੰ ਸਾਰਿਆਂ ਨੂੰ ਸੰਜਮ (ਪਹਿਲੇ ਸਫੇ ਤੋਂ) ਵਰਤਣਾ ਪਵੇਗਾ। ਇਜ਼ਰਾਈਲ ਖ਼ਿਲਾਫ਼ ਇਕਜੁੱਟ ਹੋਣ ਵਾਲੀਆਂ ਸਾਰੀਆਂ ਤਾਕਤਾਂ ਨੂੰ ਚਿਤਾਵਨੀ ਦਿੰਦਿਆਂ ਲੈਪਿਡ ਨੇ ਕਿਹਾ,‘‘ਉਹ ਸਮਝ ਲੈਣ ਕਿ ਸਾਨੂੰ ਇਕ ਵਾਰ ਹੈਰਾਨ ਕਰ ਦਿੱਤਾ ਹੈ ਪਰ ਦੂਜੀ ਵਾਰ ਸਾਡੇ ’ਤੇ ਚਾਣਚੱਕ ਹਮਲਾ ਨਹੀਂ ਕੀਤਾ ਜਾ ਸਕੇਗਾ।’’ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਲਮੀ ਦਹਿਸ਼ਤਗਰਦੀ ਹਰ ਕਿਸੇ ਦੀ ਦੁਸ਼ਮਣ ਹੈ ਅਤੇ ਦਹਿਸ਼ਤਗਰਦੀ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ ਹੈ। -ਪੀਟੀਆਈ
ਯੂਰੋਪੀਅਨ ਕਮਿਸ਼ਨ ਨੇ ਫਲਸਤੀਨੀਆਂ ਲਈ ਸਾਰੀਆਂ ਅਦਾਇਗੀਆਂ ਰੋਕੀਆਂ
ਬ੍ਰਸੱਲਜ਼: ਯੂਰੋਪੀਅਨ ਯੂਨੀਅਨ ਕਮਿਸ਼ਨਰ ਓਲੀਵਰ ਵਰਹੇਲੀ ਨੇ ਕਿਹਾ ਕਿ ਇਜ਼ਰਾਈਲ ਖ਼ਿਲਾਫ਼ ਹਮਾਸ ਵੱਲੋਂ ਕੀਤੇ ਗਏ ਦਹਿਸ਼ਤੀ ਹਮਲੇ ਮਗਰੋਂ ਫਲਸਤੀਨੀਆਂ ਲਈ ਸਾਰੀਆਂ ਅਦਾਇਗੀਆਂ ਫੌਰੀ ਰੋਕ ਦਿੱਤੀਆਂ ਗਈਆਂ ਹਨ। ਇਹ ਰਕਮ 69.1 ਕਰੋੜ ਯੂਰੋ ਬਣਦੀ ਹੈ। ਇਹ ਐਲਾਨ ਉਸ ਸਮੇਂ ਹੋਇਆ ਹੈ ਜਦੋਂ ਯੂਰੋਪੀਅਨ ਯੂਨੀਅਨ ਆਗੂਆਂ ਨੇ ਹਮਾਸ ਨੂੰ ਦਿੱਤੇ ਜਾਂਦੇ ਸਾਰੇ ਫੰਡਾਂ ਅਤੇ ਸੰਪਰਕਾਂ ’ਤੇ 16 ਸਾਲਾਂ ਲਈ ਰੋਕ ਲਾ ਦਿੱਤੀ ਹੈ। ਯੂਰੋਪੀਅਨ ਯੂਨੀਅਨ ਦੇ ਵਿਦੇਸ਼ ਮੰਤਰੀਆਂ ਦੀ ਮੰਗਲਵਾਰ ਨੂੰ ਮਸਕਟ (ਓਮਾਨ) ’ਚ ਮੀਟਿੰਗ ਹੋ ਰਹੀ ਹੈ ਜਿਸ ’ਚ ਹਾਲਾਤ ਦੀ ਸਮੀਖਿਆ ਕੀਤੀ ਜਾਵੇਗੀ। -ਏਪੀ
ਬੰਕਰ ’ਚ ਫਸੇ ਨੇਪਾਲੀ ਵਿਦਿਆਰਥੀਆਂ ਨੇ ਆਪਣੀ ਸਰਕਾਰ ਤੋਂ ਸਹਾਇਤਾ ਮੰਗੀ
ਕਾਠਮੰਡੂ: ਇਜ਼ਰਾਈਲ ’ਤੇ ਹਮਾਸ ਦੇ ਹਮਲੇ ਮਗਰੋਂ ਬੰਕਰ ’ਚ ਛੁਪੇ ਕੁਝ ਨੇਪਾਲੀ ਵਿਦਿਆਰਥੀਆਂ ਨੇ ਵੀਡੀਓ ਸੁਨੇਹੇ ਰਾਹੀਂ ਆਪਣੀ ਸਰਕਾਰ ਤੋਂ ਮਦਦ ਮੰਗਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਇਜ਼ਰਾਈਲ ’ਚੋਂ ਤੁਰੰਤ ਕੱਢਣ ਲਈ ਕਦਮ ਉਠਾਏ ਜਾਣ। ਆਨਲਾਈਨ ਨਿਊਜ਼ ਪੋਰਟਲ ਨੇ ਵਿਦਿਆਰਥੀਆਂ ਦਾ ਵੀਡੀਓ ਨਸ਼ਰ ਕੀਤਾ ਹੈ ਜਿਸ ’ਚ ਆਖ ਰਹੇ ਹਨ,‘‘ਅਸੀਂ ਬੰਕਰ ’ਚ ਸੁਰੱਖਿਅਤ ਨਹੀਂ ਹਾਂ ਕਿਉਂਕਿ ਸਾਡੇ ਕਈ ਦੋਸਤਾਂ ਨੂੰ ਹਮਾਸ ਦੇ ਲੋਕਾਂ ਨੇ ਬੰਕਰ ਅੰਦਰ ਦਾਖ਼ਲ ਹੋ ਕੇ ਮਾਰ ਦਿੱਤਾ ਅਤੇ ਅਸੀਂ ਉਹੋ ਜਿਹੀ ਮੌਤ ਨਹੀਂ ਮਰਨਾ ਚਾਹੁੰਦੇ ਹਾਂ।’’ ਨੇਪਾਲ ਦੇ 10 ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ। -ਪੀਟੀਆਈ
ਉਮਰ ਅਤੇ ਮਹਬਿੂਬਾ ਨੇ ਇਜ਼ਰਾਈਲ-ਫਲਸਤੀਨ ਜੰਗ ’ਤੇ ਚਿੰਤਾ ਜਤਾਈ
ਸ੍ਰੀਨਗਰ: ਨੈਸ਼ਨਲ ਕਾਨਫਰੰਸ ਆਗੂ ਉਮਰ ਅਬਦੁੱਲਾ ਅਤੇ ਪੀਪਲਜ਼ ਡੈਮੋਕਰੈਟਿਕ ਪਾਰਟੀ ਦੀ ਮੁਖੀ ਮਹਬਿੂਬਾ ਮੁਫ਼ਤੀ ਨੇ ਇਜ਼ਰਾਈਲ-ਫਲਸਤੀਨ ਜੰਗ ’ਤੇ ਚਿੰਤਾ ਜਤਾਈ ਹੈ। ਦੋਵੇਂ ਆਗੂਆਂ ਨੇ ਆਸ ਜਤਾਈ ਕਿ ਪੱਛਮੀ ਏਸ਼ੀਆ ’ਚ ਹਾਲਾਤ ਛੇਤੀ ਹੀ ਸੁਖਾਵੇਂ ਹੋਣਗੇ ਕਿਉਂਕਿ ਜੰਗ ਕਾਰਨ ਬੇਕਸੂਰ ਲੋਕਾਂ ਨੂੰ ਤਕਲੀਫ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਮਰ ਨੇ ਕਿਹਾ ਕਿ ਇਹ ਬਦਕਿਸਮਤੀ ਹੈ ਕਿ ਦੋਵੇਂ ਪਾਸੇ ਵੱਡੀ ਗਿਣਤੀ ’ਚ ਮੌਤਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਕਿਤੇ ਹਿੰਸਾ ਹੁੰਦੀ ਹੈ, ਉਹ ਭਾਵੇਂ ਜੰਮੂ ਕਸ਼ਮੀਰ ਹੋਵੇ ਜਾਂ ਹੋਰ ਕੋਈ ਥਾਂ, ਬੇਕਸੂਰ ਲੋਕ ਹੀ ਸਭ ਤੋਂ ਵੱਧ ਪੀੜਤ ਹੁੰਦੇ ਹਨ। -ਪੀਟੀਆਈ