ਇਜ਼ਰਾਇਲੀ ਟੈਂਕ ਸ਼ਿਫ਼ਾ ਹਸਪਤਾਲ ਅੰਦਰ ਦਾਖ਼ਲ
ਯੇਰੂਸ਼ਲਮ, 15 ਨਵੰਬਰ
ਕਈ ਦਿਨਾਂ ਦੀ ਘੇਰੇਬੰਦੀ ਮੰਗਰੋਂ ਇਜ਼ਰਾਇਲੀ ਫ਼ੌਜ ਅੱਜ ਸਵੇਰੇ ਗਾਜ਼ਾ ਦੇ ਸਭ ਤੋਂ ਵੱਡੇ ਸ਼ਿਫ਼ਾ ਹਸਪਤਾਲ ਅੰਦਰ ਦਾਖ਼ਲ ਹੋ ਗਈ। ਇਜ਼ਰਾਈਲ ਦਾ ਦਾਅਵਾ ਹੈ ਕਿ ਹਮਾਸ ਦੇ ਅਤਿਵਾਦੀਆਂ ਨੇ ਉਥੇ ਮੁੱਖ ਕਮਾਂਡ ਸੈਂਟਰ ਬਣਾਇਆ ਹੋਇਆ ਹੈ ਅਤੇ ਉਹ ਮਰੀਜ਼ਾਂ ਤੇ ਹਸਪਤਾਲ ’ਚ ਪਨਾਹ ਲੈਣ ਵਾਲੇ ਲੋਕਾਂ ਨੂੰ ਢਾਲ ਬਣਾ ਰਹੇ ਹਨ। ਹਮਾਸ ਅਤੇ ਸ਼ਿਫ਼ਾ ਹਸਪਤਾਲ ਦੇ ਹਮਲੇ ਨੇ ਇਜ਼ਰਾਈਲ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ। ਗਾਜ਼ਾ ’ਚ ਹਸਪਤਾਲਾਂ ਦੇ ਡਾਇਰੈਕਟਰ ਮੁਹੰਮਦ ਜ਼ਾਕੂਤ ਨੇ ਕਿਹਾ ਕਿ ਇਜ਼ਰਾਇਲੀ ਟੈਂਕ ਸ਼ਿਫ਼ਾ ਹਸਪਤਾਲ ਅੰਦਰ ਦਾਖ਼ਲ ਹੋ ਗਏ ਹਨ। ਫ਼ੌਜੀਆਂ ਵੱਲੋਂ ਐਮਰਜੈਂਸੀ ਅਤੇ ਸਰਜਰੀ ਸਮੇਤ ਹੋਰ ਕਈ ਵਿਭਾਗਾਂ ਅੰਦਰ ਤਲਾਸ਼ੀ ਲਈ ਜਾ ਰਹੀ ਹੈ। ਇਜ਼ਰਾਇਲੀ ਫ਼ੌਜ ਨੇ ਕਿਹਾ ਕਿ ਜਵਾਨਾਂ ਵੱਲੋਂ ਹਸਪਤਾਲ ਦੇ ਇਕ ਖਾਸ ਇਲਾਕੇ ’ਚ ਹਮਾਸ ਖ਼ਿਲਾਫ਼ ਸਟੀਕ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਹੋਰ ਵੇਰਵੇ ਤਾਂ ਨਹੀਂ ਦਿੱਤੇ ਪਰ ਇੰਨਾ ਜ਼ਰੂਰ ਕਿਹਾ ਕਿ ਉਹ ਆਮ ਨਾਗਰਿਕਾਂ ਨੂੰ ਨੁਕਸਾਨ ਤੋਂ ਬਚਾਉਣ ਲਈ ਕਦਮ ਚੁੱਕ ਰਹੇ ਹਨ। ਇਜ਼ਰਾਇਲੀ ਫ਼ੌਜ ਨੇ ਇਕ ਬਿਆਨ ’ਚ ਕਿਹਾ ਕਿ ਉਨ੍ਹਾਂ ਗਾਜ਼ਾ ’ਚ ਸਬੰਧਤ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਸੀ ਕਿ ਹਸਪਤਾਲ ’ਚ ਫ਼ੌਜ ਖ਼ਿਲਾਫ਼ ਚਲਾਈਆਂ ਜਾ ਰਹੀਆਂ ਗਤੀਵਿਧੀਆਂ 12 ਘੰਟੇ ਦੇ ਅੰਦਰ ਬੰਦ ਕਰ ਦਿੱਤੀਆਂ ਜਾਣ ਪਰ ਇੰਜ ਨਹੀਂ ਹੋਇਆ ਜਿਸ ਕਾਰਨ ਉਨ੍ਹਾਂ ਨੂੰ ਕਾਰਵਾਈ ਕਰਨੀ ਪਈ ਹੈ। ਇਸ ਦੌਰਾਨ ਸੰਯੁਕਤ ਰਾਸ਼ਟਰ ਦੇ ਹੰਗਾਮੀ ਰਾਹਤ ਬਾਰੇ ਅਧਿਕਾਰੀ ਮਾਰਟਿਨ ਗ੍ਰਿਫਿਥ ਨੇ ਸ਼ਿਫ਼ਾ ਹਸਪਤਾਲ ’ਚ ਫ਼ੌਜ ਦੇ ਦਾਖ਼ਲੇ ਦੀ ਨਿਖੇਧੀ ਕਰਦਿਆਂ ਹਮਾਸ ਨੂੰ ਕਿਹਾ ਹੈ ਕਿ ਉਹ ਆਮ ਲੋਕਾਂ ਨੂੰ ਢਾਲ ਵਜੋਂ ਨਾ ਵਰਤੇ। ਉਧਰ ਤੁਰਕੀ ਦੇ ਰਾਸ਼ਟਰਪਤੀ ਰੇਸਿਪ ਤੱਈਅਪ ਅਰਦੌਗਾਂ ਨੇ ਇਜ਼ਰਾਈਲ ਦੀ ਆਲੋਚਨਾ ਕਰਦਿਆਂ ਉਸ ਨੂੰ ਅਤਿਵਾਦੀ ਮੁਲਕ ਕਰਾਰ ਦਿੱਤਾ ਹੈ। -ਏਪੀ
ਮਿਸਰ ਤੋਂ ਈਂਧਣ ਦੀ ਪਹਿਲੀ ਖੇਪ ਗਾਜ਼ਾ ਪੱਟੀ ਅੰਦਰ ਦਾਖ਼ਲ
ਯੇਰੂਸ਼ਲਮ: ਮਿਸਰ ਦੇ ਰਾਫ਼ਾਹ ਲਾਂਘੇ ਤੋਂ ਈਂਂਧਣ ਦੀ ਪਹਿਲੀ ਖੇਪ ਅੱਜ ਪਹਿਲੀ ਵਾਰ ਗਾਜ਼ਾ ਪੱਟੀ ਅੰਦਰ ਦਾਖ਼ਲ ਹੋਈ। ਇਜ਼ਰਾਇਲੀ ਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਮਾਨਵੀ ਕਾਰਵਾਈਆਂ ਲਈ ਈਂਧਣ ਨਾਲ ਭਰੀ ਖੇਪ ਗਾਜ਼ਾ ਪੱਟੀ ਅੰਦਰ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਹੈ। ਫਲਸਤੀਨੀ ਸ਼ਰਨਾਰਥੀਆਂ ਬਾਰੇ ਸੰਯੁਕਤ ਰਾਸ਼ਟਰ ਏਜੰਸੀ ਨੇ ਚਿਤਾਵਨੀ ਦਿੱਤੀ ਸੀ ਕਿ ਗਾਜ਼ਾ ’ਚ ਉਨ੍ਹਾਂ ਦਾ ਈਂਧਣ ਭੰਡਾਰ ਖ਼ਤਮ ਹੋ ਗਿਆ ਹੈ ਅਤੇ ਉਸ ਨੂੰ ਛੇਤੀ ਹੀ ਆਪਣੀ ਮੁਹਿੰਮ ਬੰਦ ਕਰਨੀ ਪਵੇਗੀ। -ਏਪੀ
ਇਜ਼ਰਾਈਲ-ਹਮਾਸ ਜੰਗਬੰਦੀ ਬਾਰੇ ਯੂਐੱਨ ’ਚ ਮੁੜ ਮਤਾ
ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ਵੱਲੋਂ ਇਜ਼ਰਾਈਲ-ਹਮਾਸ ਜੰਗ ਬਾਰੇ ਮਤੇ ’ਤੇ ਸਹਿਮਤੀ ਬਣਾਉਣ ਲਈ ਪੰਜਵੀਂ ਵਾਰ ਕੋਸ਼ਿਸ਼ ਕਰੇਗੀ। ਮਤੇ ਦੇ ਮੌਜੂਦਾ ਖਰੜੇ ਤਹਿਤ ਗਾਜ਼ਾ ਪੱਟੀ ’ਚ ਫੌਰੀ ਜੰਗ ਰੋਕਣ ਦੀ ਮੰਗ ਕੀਤੀ ਜਾਵੇਗੀ ਤਾਂ ਜੋ ਆਮ ਲੋਕਾਂ ਨੂੰ ਸਹਾਇਤਾ ਪਹੁੰਚਾਈ ਜਾ ਸਕੇ। ਮਤੇ ਤਹਿਤ ਇਹ ਮੰਗ ਵੀ ਕੀਤੀ ਜਾਵੇਗੀ ਕਿ ਸਾਰੀਆਂ ਧਿਰਾਂ ਕੌਮਾਂਤਰੀ ਮਾਨਵੀ ਕਾਨੂੰਨ ਦੀ ਪਾਲਣਾ ਕਰਨ ਜਿਸ ਤਹਿਤ ਬੱਚਿਆਂ ਸਣੇ ਆਮ ਲੋਕਾਂ ਦੀ ਸੁਰੱਖਿਆ ਅਤੇ ਲੋਕਾਂ ਨੂੰ ਬੰਦੀ ਨਾ ਬਣਾਇਆ ਜਾਵੇ। ਪਰਿਸ਼ਦ ਮੈਂਬਰ ਮਾਲਟਾ ਵੱਲੋਂ ਪ੍ਰਸਤਾਵਿਤ ਖਰੜੇ ’ਚ ਜੰਗਬੰਦੀ ਦਾ ਕੋਈ ਜ਼ਿਕਰ ਨਹੀਂ ਹੈ। ਇਸ ’ਚ ਹਮਾਸ ਦੇ ਇਜ਼ਰਾਈਲ ’ਤੇ 7 ਅਕਤੂਬਰ ਨੂੰ ਅਚਾਨਕ ਕੀਤੇ ਗਏ ਹਮਲੇ ਅਤੇ ਇਜ਼ਰਾਈਲ ਦੀ ਜਵਾਬੀ ਕਾਰਵਾਈ ਦਾ ਵੀ ਜ਼ਿਕਰ ਨਹੀਂ ਹੈ। -ਏਪੀ