Israeli strikes across Gaza: ਗਾਜ਼ਾ ’ਚ ਇਜ਼ਰਾਇਲੀ ਹਮਲਿਆਂ ਵਿੱਚ 22 ਵਿਅਕਤੀਆਂ ਦੀ ਮੌਤ
ਦੀਰ ਅਲ-ਬਲਾ (ਗਾਜ਼ਾ ਪੱਟੀ), 22 ਦਸੰਬਰ
ਗਾਜ਼ਾ ਪੱਟੀ ਵਿੱਚ ਅੱਜ ਇਜ਼ਰਾਇਲੀ ਹਮਲਿਆਂ ਵਿੱਚ ਪੰਜ ਬੱਚਿਆਂ ਸਣੇ ਘੱਟੋ ਘੱਟ 22 ਵਿਅਕਤੀਆਂ ਦੀ ਮੌਤ ਹੋ ਗਈ। ਫਲਸਤੀਨੀ ਮੈਡੀਕਲ ਅਫ਼ਸਰਾਂ ਨੇ ਇਹ ਜਾਣਕਾਰੀ ਦਿੱਤੀ। ਉੱਧਰ, ਇਜ਼ਰਾਇਲੀ ਅਧਿਕਾਰੀਆਂ ਨੇ ਕੈਥੋਲਿਕ ਚਰਚ ਦੇ ਪਾਦਰੀ ਕਾਰਡੀਨਲ ਪੀਅਰਬਟਿਸਟਾ ਪਿਜ਼ਾਬੱਲਾ ਨੂੰ ਗਾਜ਼ਾ ਵਿੱਚ ਦਾਖ਼ਲ ਹੋਣ ਅਤੇ ਖੇਤਰ ਦੇ ਈਸਾਈ ਭਾਈਚਾਰੇ ਦੇ ਮੈਂਬਰਾਂ ਨਾਲ ਕ੍ਰਿਸਮਸ ਤੋਂ ਪਹਿਲਾਂ ਹੋਣ ਵਾਲੀ ਪ੍ਰਾਰਥਨਾ ਸਭਾ ਕਰਨ ਦੀ ਇਜਾਜ਼ਤ ਦੇ ਦਿੱਤੀ। ਹਮਾਸ ਸਰਕਾਰ ਨਾਲ ਸਬੰਧਤ ‘ਸਿਵਲ ਡਿਫੈਂਸ’ ਮੁਤਕਾਬ, ਗਾਜ਼ਾ ਸ਼ਹਿਰ ਵਿੱਚ ਬੇਘਰਾਂਨੂੰ ਸਹਾਰਾ ਦੇਣ ਵਾਲੇ ਇਕ ਸਕੂਲ ’ਤੇ ਹੋਏ ਹਮਲੇ ’ਚ ਘੱਟੋ ਘੱਟ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਜਿਨ੍ਹਾਂ ਵਿਚ ਤਿੰਨ ਬੱਚੇ ਵੀ ਸ਼ਾਮਲ ਸਨ।
ਅਲ ਅਕਸਾ ਸ਼ਹੀਦ ਹਸਪਤਾਲ ਮੁਤਾਬਕ, ਸ਼ਨਿਚਰਵਾਰ ਦੇ ਰਾਤ ਦੀਰ ਅਲ-ਬਲਾ ਵਿੱਚ ਇਕ ਘਰ ’ਤੇ ਹੋਏ ਹਮਲੇ ਵਿੱਚ ਤਿੰਨ ਔਰਤਾਂ ਤੇ ਦੋ ਬੱਚਿਆਂ ਸਣੇ ਅੱਠ ਲੋਕ ਮਾਰੇ ਗਏ। ਗਾਜ਼ਾ ਦੇ ਸਿਹਤ ਮੰਤਰਾਲੇ ਮੁਤਾਬਕ ਗਾਜ਼ਾ ਵਿੱਚ ਇਕ ਕਾਰ ’ਚ ਧਮਾਕੇ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। -ਏਪੀ