ਇਰਾਨ ਵੱਲੋਂ 17 ਭਾਰਤੀਆਂ ਵਾਲਾ ਇਜ਼ਰਾਇਲੀ ਬੇੜਾ ਜ਼ਬਤ
ਦੁਬਈ, 13 ਅਪਰੈਲ
ਪੱਛਮੀ ਏਸ਼ੀਆ ’ਚ ਤਣਾਅ ਦਰਮਿਆਨ ਇਰਾਨ ਦੇ ਨੀਮ ਫ਼ੌਜੀ ਬਲ ਰੈਵੋਲਿਊਸ਼ਨਰੀ ਗਾਰਡਜ਼ ਦੇ ਕਮਾਂਡੋਜ਼ ਨੇ ਹਾਰਮੂਜ਼ ਜਲਡਮਰੂ ਨੇੜੇ ਐੱਮਐੱਸੀਸੀ ਏਰੀਜ਼ ਕੰਪਨੀ ਦੇ ਇਜ਼ਰਾਈਲ ਨਾਲ ਸਬੰਧਤ ਜਹਾਜ਼ ਜ਼ੋਡੀਐਕ ਮੈਰੀਟਾਈਮ ’ਤੇ ਛਾਪਾ ਮਾਰ ਕੇ ਉਸ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਹੈ। ਜਾਣਕਾਰੀ ਮੁਤਾਬਕ ਜਹਾਜ਼ ’ਤੇ ਸਵਾਰ ਅਮਲੇ ਦੇ 25 ਮੈਂਬਰਾਂ ’ਚੋਂ 17 ਭਾਰਤੀ ਮੱਲਾਹ ਹਨ। ਇਰਾਨ ਵੱਲੋਂ ਬੇੜੇ ’ਤੇ ਕੀਤੇ ਗਏ ਕਬਜ਼ੇ ਮਗਰੋਂ ਉਸ ’ਤੇ ਸਵਾਰ 17 ਭਾਰਤੀਆਂ ਦੀ ਸੁਰੱਖਿਅਤ ਰਿਹਾਈ ਲਈ ਮੋਦੀ ਸਰਕਾਰ ਸਰਗਰਮ ਹੋ ਗਈ ਹੈ। ਸੂਤਰਾਂ ਨੇ ਕਿਹਾ ਕਿ ਭਾਰਤ ਆਪਣੇ ਨਾਗਰਿਕਾਂ ਦੀ ਸੁਰੱਖਿਅਤ ਅਤੇ ਫੌਰੀ ਰਿਹਾਈ ਲਈ ਤਹਿਰਾਨ ਅਤੇ ਦਿੱਲੀ ਸਥਿਤ ਡਿਪਲੋਮੈਟਿਕ ਚੈਨਲਾਂ ਰਾਹੀਂ ਇਰਾਨੀ ਅਧਿਕਾਰੀਆਂ ਦੇ ਸੰਪਰਕ ’ਚ ਹੈ। ਇਕ ਸੂਤਰ ਨੇ ਕਿਹਾ ਕਿ ਸਰਕਾਰ ਇਸ ਗੱਲ ਤੋਂ ਜਾਣੂ ਹੈ ਕਿ ਮਾਲਵਾਹਕ ਜਹਾਜ਼ ਐੱਮਐੱਸਸੀ ਏਰੀਜ਼ ’ਤੇ ਇਰਾਨ ਨੇ ਕਬਜ਼ਾ ਕਰ ਲਿਆ ਹੈ। ‘ਸਾਨੂੰ ਇਹ ਵੀ ਪਤਾ ਲੱਗਾ ਹੈ ਕਿ ਉਸ ’ਤੇ 17 ਭਾਰਤੀ ਨਾਗਰਿਕ ਸਵਾਰ ਹਨ। ਅਸੀਂ ਇਰਾਨ ਦੇ ਅਧਿਕਾਰੀਆਂ ਦੇ ਸੰਪਰਕ ’ਚ ਹਾਂ।’ ਉਨ੍ਹਾਂ ਕਿਹਾ ਕਿ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਉਨ੍ਹਾਂ ਦੀ ਫੌਰੀ ਰਿਹਾਈ ਦੇ ਯਤਨ ਕੀਤੇ ਜਾ ਰਹੇ ਹਨ। ਅਮਰੀਕਾ ਨੇ ਦਾਅਵਾ ਕੀਤਾ ਹੈ ਕਿ ਇਰਾਨ ਵੱਲੋਂ ਸੀਰੀਆ ’ਚ ਆਪਣੇ ਵਣਜ ਦੂਤਘਰ ’ਤੇ ਹੋਏ ਹਮਲੇ ਦਾ ਬਦਲਾ ਲੈਣ ਲਈ ਛੇਤੀ ਹੀ ਇਜ਼ਰਾਈਲ ’ਤੇ ਹਮਲਾ ਕੀਤਾ ਜਾ ਸਕਦਾ ਹੈ। ਇਸ ਹਮਲੇ ’ਚ ਇਕ ਕਮਾਂਡਰ ਸਣੇ 12 ਵਿਅਕਤੀ ਮਾਰੇ ਗਏ ਸਨ। ਜਹਾਜ਼ ’ਤੇ ਕਬਜ਼ੇ ਨਾਲ ਖ਼ਿੱਤੇ ’ਚ ਹੋਰ ਤਣਾਅ ਵਧ ਗਿਆ ਹੈ। ਜਾਣਕਾਰੀ ਮੁਤਾਬਕ ਇਰਾਨੀ ਰੈਵਸਲਿਊਸ਼ਨਰੀ ਗਾਰਡਜ਼ ਨੇ ਹੈਲੀਕਾਪਟਰ ਰਾਹੀਂ ਜਹਾਜ਼ ’ਤੇ ਛਾਪਾ ਮਾਰਿਆ। ਬੇੜਾ ਜ਼ੋਡੀਐਕ ਮੈਰੀਟਾਈਮ ਇਜ਼ਰਾਇਲੀ ਅਰਬਪਤੀ ਇਯਾਲ ਓਫਰ ਦੇ ਜ਼ੋਡੀਐਕ ਗਰੁੱਪ ਦਾ ਜਹਾਜ਼ ਹੈ। ਖ਼ਬਰ ਏਜੰਸੀ ਐਸੋਸੀਏਟਿਡ ਪ੍ਰੈੱਸ ਵੱਲੋਂ ਬੇੜੇ ’ਤੇ ਕਮਾਂਡੋਜ਼ ਵੱਲੋਂ ਛਾਪੇ ਦਾ ਵੀਡੀਓ ਦਿਖਾਏ ਜਾਣ ਮਗਰੋਂ ਇਰਾਨ ਦੀ ਸਰਕਾਰੀ ਖ਼ਬਰ ਏਜੰਸੀ ਇਰਨਾ ਨੇ ਜਹਾਜ਼ ਕਬਜ਼ੇ ’ਚ ਲਏ ਜਾਣ ਦੀ ਪੁਸ਼ਟੀ ਕੀਤੀ ਹੈ। ਬ੍ਰਿਟਿਸ਼ ਫ਼ੌਜ ਦੇ ‘ਯੂਨਾਈਟਿਡ ਕਿੰਗਡਮ ਮੈਰੀਟਾਈਮ ਟਰੇਡ ਅਪਰੇਸ਼ਨਸ’ ਨੇ ਸਭ ਤੋਂ ਪਹਿਲਾਂ ਹਮਲੇ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਜਹਾਜ਼ ’ਤੇ ਹਮਲਾ ਅਮੀਰਾਤੀ ਬੰਦਰਗਾਹ ਸ਼ਹਿਰ ਫੁਜੈਰਾਹ ਨੇੜੇ ਓਮਾਨ ਦੀ ਖਾੜੀ ’ਚ ਹੋਇਆ ਹੈ। ਹਮਲੇ ਦੇ ਨਸ਼ਰ ਹੋ ਰਹੇ ਵੀਡੀਓ ’ਚ ਇਰਾਨ ਦੇ ਕਮਾਂਡੋ ਜਹਾਜ਼ ਦੇ ਕੰਟੇਨਰਾਂ ’ਤੇ ਬੈਠੇ ਦਿਖਾਈ ਦੇ ਰਹੇ ਹਨ। ਜਹਾਜ਼ ਦੇ ਅਮਲੇ ਦਾ ਇਕ ਮੈਂਬਰ ਇਹ ਆਖਦਾ ਸੁਣਾਈ ਦੇ ਰਿਹਾ ਹੈ,‘‘ਬਾਹਰ ਨਾ ਆਇਓ।’’ ਹੋਰ ਕਮਾਂਡੋਜ਼ ਆਉਣ ਮਗਰੋਂ ਉਹ ਆਪਣੇ ਸਾਥੀਆਂ ਨੂੰ ਬੇੜੇ ਦੇ ਅੰਦਰਲੇ ਪਾਸੇ ਵੱਲ ਜਾਣ ਲਈ ਆਖਦਾ ਹੈ। ਇਰਾਨ ਦੇ ਕਮਾਂਡੋਜ਼ ਨੇ ਛਾਪੇ ਲਈ ਸੋਵੀਅਤ ਯੁਗ ਦੇ ਐੱਮਆਈ-17 ਹੈਲੀਕਾਪਟਰ ਦੀ ਵਰਤੋਂ ਕੀਤੀ ਹੈ। ਉਧਰ ਲੁਫਥਾਂਸਾ ਗਰੁੱਪ ਨੇ ਫਰੈਂਕਫਰਟ ਅਤੇ ਤਹਿਰਾਨ ਵਿਚਕਾਰ ਉਡਾਣਾਂ ਅਜੇ ਕੁਝ ਹੋਰ ਸਮੇਂ ਲਈ ਮੁਅੱਤਲ ਕਰ ਦਿੱਤੀਆਂ ਹਨ। ਡੱਚ ਏਅਰਲਾਈਨ ਕੇਐੱਲਐੱਮ ਨੇ ਵੀ ਕਿਹਾ ਕਿ ਉਨ੍ਹਾਂ ਦੇ ਜਹਾਜ਼ ਇਰਾਨ ਜਾਂ ਇਜ਼ਰਾਈਲ ਉਪਰੋਂ ਨਹੀਂ ਉਡਣਗੇ। -ਏਪੀ
ਇਰਾਨ ਡਕੈਤੀ ਦੇ ਹੱਥਕੰਡੇ ਅਪਣਾ ਰਿਹੈ: ਇਜ਼ਰਾਈਲ
ਯੇਰੂਸ਼ਲਮ: ਇਜ਼ਰਾਈਲ ਦੇ ਵਿਦੇਸ਼ ਮੰਤਰੀ ਇਸਰਾਈਲ ਕਾਟਜ਼ ਨੇ ਕਿਹਾ ਕਿ ਇਰਾਨ ਡਕੈਤੀ ਦੇ ਹੱਥਕੰਡੇ ਅਪਣਾ ਰਿਹਾ ਹੈ ਅਤੇ ਉਸ ’ਤੇ ਜਹਾਜ਼ਾਂ ਉਪਰ ਹਮਲੇ ਲਈ ਪਾਬੰਦੀਆਂ ਲਾਈਆਂ ਜਾਣੀਆਂ ਚਾਹੀਦੀਆਂ ਹਨ। ਹੋਰਮੁਜ਼ ਜਲਡਮਰੂ ’ਚ ਇਜ਼ਰਾਈਲ ਨਾਲ ਜੁੜੇ ਬੇੜੇ ’ਤੇ ਰਿਵੂਲਿਊਸ਼ਨਰੀ ਗਾਰਡਜ਼ ਦੇ ਕਬਜ਼ੇ ਮਗਰੋਂ ਇਹ ਬਿਆਨ ਆਇਆ ਹੈ। ਕਾਟਜ਼ ਨੇ ਕਿਹਾ ਕਿ ਖਮੇਨੇਈ ਦਾ ਅਯਾਤੁੱਲਾ ਰਾਜ ਹਮਾਸ ਦੀ ਹਮਾਇਤ ਨਾਲ ਅਪਰਾਧਿਕ ਗਤੀਵਿਧੀਆਂ ’ਚ ਜੁੜਿਆ ਹੋਇਆ ਹੈ ਅਤੇ ਹੁਣ ਉਹ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਕਰਕੇ ਡਕੈਤੀ ਵਾਲੀਆਂ ਕਾਰਵਾਈਆਂ ਕਰ ਰਿਹਾ ਹੈ। ਉਨ੍ਹਾਂ ਯੂਰੋਪੀਅਨ ਯੂਨੀਅਨ ਅਤੇ ਹੋਰ ਮੁਲਕਾਂ ਨੂੰ ਇਰਾਨ ਦੇ ਰੈਵਸਲਿਊਸ਼ਨਰੀ ਗਾਰਡਜ਼ ਨੂੰ ਅਤਿਵਾਦੀ ਜਥੇਬੰਦੀ ਐਲਾਨਣ ਦੇ ਨਾਲ ਨਾਲ ਇਰਾਨ ’ਤੇ ਪਾਬੰਦੀਆਂ ਲਾਉਣ ਦੀ ਮੰਗ ਕੀਤੀ ਹੈ। -ਰਾਇਟਰਜ਼
ਬਾਇਡਨ ਵੱਲੋਂ ਇਰਾਨ ਨੂੰ ਇਜ਼ਰਾਈਲ ’ਤੇ ਹਮਲਾ ਨਾ ਕਰਨ ਦੀ ਚਿਤਾਵਨੀ
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਇਰਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਇਜ਼ਰਾਈਲ ’ਤੇ ਹਮਲਾ ਨਾ ਕਰੇ। ਉਨ੍ਹਾਂ ਕਿਹਾ ਕਿ ਇਰਾਨ ਵੱਲੋਂ ਬਹੁਤ ਛੇਤੀ ਇਜ਼ਰਾਈਲ ’ਤੇ ਹਮਲਾ ਕੀਤਾ ਜਾ ਸਕਦਾ ਹੈ। ਬਾਇਡਨ ਨੇ ਕਿਹਾ ਕਿ ਇਰਾਨ ਵੱਲੋਂ ਹਮਲਾ ਕੀਤੇ ਜਾਣ ਦੀ ਸੂਰਤ ’ਚ ਅਮਰੀਕਾ, ਇਜ਼ਰਾਈਲ ਦੀ ਰਾਖੀ ਲਈ ਹਰਸੰਭਵ ਕੋਸ਼ਿਸ਼ ਕਰੇਗਾ। ਵ੍ਹਾਈਟ ਹਾਊਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਰਾਨ ਵੱਲੋਂ ਹਮਲੇ ਦੀ ਪੂਰੀ ਸੰਭਾਵਨਾ ਹੈ। ਬਾਇਡਨ ਨੇ ਕਿਹਾ ਕਿ ਉਹ ਆਪਣੀ ਕੌਮੀ ਸੁਰੱਖਿਆ ਟੀਮ ਤੋਂ ਪੱਛਮੀ ਏਸ਼ੀਆ ਦੇ ਹਾਲਾਤ ਬਾਰੇ ਪੂਰੀ ਜਾਣਕਾਰੀ ਲੈ ਰਹੇ ਹਨ। ਕੌਮੀ ਸੁਰੱਖਿਆ ਪਰਿਸ਼ਦ ਦੇ ਤਰਜਮਾਨ ਜੌਹਨ ਕਿਰਬੀ ਨੇ ਕਿਹਾ ਕਿ ਉਹ ਹਾਲਾਤ ’ਤੇ ਨਜ਼ਰ ਰੱਖ ਰਹੇ ਹਨ। -ਏਪੀ