ਇਜ਼ਰਾਈਲ ਪੁਲੀਸ ਵੱਲੋਂ ਯੇਰੂਸ਼ਲਮ ’ਚ ਕਿਤਾਬਾਂ ਦੀ ਦੁਕਾਨ ’ਤੇ ਛਾਪਾ
ਤਲ ਅਵੀਵ, 3 ਫਰਵਰੀ
ਇਜ਼ਰਾਈਲ ਪੁਲੀਸ ਨੇ ਪੂਰਬੀ ਯੇਰੂਸ਼ਲਮ ਵਿੱਚ ਕਿਤਾਬਾਂ ਦੀ ਇਕ ਦੁਕਾਨ ਦੇ ਮਾਲਕ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਦਾ ਕਹਿਣਾ ਹੈ ਕਿ ਦੁਕਾਨਦਾਰ ਅਤਿਵਾਦੀ ਯਾਹਯਾ ਸਿਨਵਾਰ, ਅਬਦੁੱਲਾ ਬਰਗੂਟੀ ਅਤੇ ਇਸਲਾਮਿਕ ਸਟੇਟ ਵੱਲੋਂ ਲਿਖੀਆਂ ਅਤੇ ਅਤਿਵਾਦ ਨੂੰ ਉਤਸ਼ਾਹਿਤ ਕਰਨ ਵਾਲੀਆਂ ਕਿਤਾਬਾਂ ਵੇਚਦਾ ਸੀ। ਪੁਲੀਸ ਨੇ 30 ਦਿਨਾਂ ਲਈ ਦੁਕਾਨ ਬੰਦ ਕਰ ਦਿੱਤੀ ਹੈ।
ਹਫ਼ਤੇ ਦੇ ਅਖ਼ੀਰ ਵਿੱਚ ਯੈਰੂਸ਼ਲਮ ਇਲਾਕੇ ਵਿੱਚ ਇਕ ਗੈਰ-ਰਸਮੀ ਪੁਲੀਸ ਕਾਰਵਾਈ ਦੌਰਾਨ ਇਕ ਮਹਿਲਾ ਦੀ ਤਲਾਸ਼ੀ ਲੈਣ ’ਤੇ ਉਸ ਦੇ ਥੈਲੇ ਵਿੱਚੋਂ ਭੜਕਾਹਟ ਪੈਦਾ ਕਰਨ ਵਾਲੀਆਂ ਕਿਤਾਬਾਂ ਬਰਾਮਦ ਕੀਤੀਆਂ ਗਈਆਂ। ਇਸ ਬਾਰੇ ਸਵਾਲ ਕਰਨ ’ਤੇ ਮਹਿਲਾ ਨੇ ਦੱਸਿਆ ਕਿ ਉਸ ਨੇ ਇਹ ਕਿਤਾਬਾਂ ਕੁਝ ਸਮਾਂ ਪਹਿਲਾਂ ਪੁਰਾਣੇ ਸ਼ਹਿਰ ਵਿੱਚ ਸਥਿਤ ਕਿਤਾਬਾਂ ਦੀ ਇਕ ਦੁਕਾਨ ਤੋਂ ਖਰੀਦੀਆਂ ਸਨ। ਦੁਕਾਨ ਵਿੱਚੋਂ ਪੁਲੀਸ ਨੂੰ ਯਾਹਯਾ ਸਿਨਵਾਰ ਤੇ ਹਸਨ ਨਸਰੱਲ੍ਹਾ ਸਣੇ ਹੋਰ ਅਤਿਵਾਦੀਆਂ ਵੱਲੋਂ ਲਿਖੀਆਂ ਅਤੇ ਅਤਿਵਾਦ ਨਾਲ ਸਬੰਧਤ ਕਈ ਕਿਤਾਬਾਂ ਮਿਲੀਆਂ। ਇਸ ਮਗਰੋਂ ਦੁਕਾਨ ਦੇ ਮਾਲਕ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ ਪੁੱਛ-ਪੜਤਾਲ ਕੀਤੀ ਗਈ। ਦੁਕਾਨ ਵਿੱਚੋਂ ਮਿਲੀਆਂ ਕਿਤਾਬਾਂ ’ਚ ਹਮਾਸ ਆਗੂ ਯਾਹਯਾ ਸਿਨਵਾਰ ਦੀਆਂ ਸਵੈਜੀਵਨੀਆਂ ਵੀ ਸ਼ਾਮਲ ਸਨ। ਸਿਨਵਾਰ 7 ਅਕਤੂਬਰ ਦੇ ਹਮਲਿਆਂ ਦਾ ਮੁੱਖ ਸਾਜ਼ਿਸ਼ਘਾੜਾ ਸੀ। ਇਸ ਦੌਰਾਨ ਹਮਾਸ ਦੇ ਅਤਿਵਾਦੀ ਅਬਦੁੱਲਾ ਬਰਗੂਟੀ ਵੱਲੋਂ ਲਿਖੀਆਂ ਕਈ ਕਿਤਾਬਾਂ ਵੀ ਮਿਲੀਆਂ। -ਏਐੱਨਆਈ