ਇਜ਼ਰਾਇਲੀ ਰੱਖਿਆ ਮੰਤਰੀ ਨੇ ਹਮਾਸ ਆਗੂ ਦੀ ਹੱਤਿਆ ਦੀ ਗੱਲ ਕਬੂਲੀ
ਯੇਰੂਸ਼ਲਮ, 24 ਦਸੰਬਰ
ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕੈਟਜ਼ ਨੇ ਮੰਨਿਆ ਹੈ ਕਿ ਉਨ੍ਹਾਂ ਦੇ ਮੁਲਕ ਨੇ ਹਮਾਸ ਆਗੂ ਇਸਮਾਈਲ ਹਾਨੀਯੇਹ ਦੀ ਇਰਾਨ ’ਚ ਹੱਤਿਆ ਕੀਤੀ ਸੀ। ਉਨ੍ਹਾਂ ਯਮਨ ’ਚ ਹੂਤੀ ਬਾਗ਼ੀ ਆਗੂਆਂ ਖ਼ਿਲਾਫ਼ ਵੀ ਅਜਿਹੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਕੈਟਜ਼ ਨੇ ਸੋਮਵਾਰ ਨੂੰ ਇਕ ਭਾਸ਼ਣ ਦੌਰਾਨ ਕਿਹਾ ਕਿ ਹੂਤੀ ਬਾਗ਼ੀਆਂ ਦਾ ਵੀ ਉਹੋ ਹਸ਼ਰ ਹੋਵੇਗਾ ਜੋ ਹਾਨੀਯੇਹ ਸਮੇਤ ਖ਼ਿੱਤੇ ’ਚ ਇਰਾਨ ਦੀ ਹਮਾਇਤ ਪ੍ਰਾਪਤ ਦਹਿਸ਼ਤੀ ਜਥੇਬੰਦੀਆਂ ਦੇ ਹੋਰ ਮੈਂਬਰਾਂ ਦਾ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਜ਼ਰਾਈਲ ਨੇ ਹਮਾਸ ਅਤੇ ਹਿਜ਼ਬੁੱਲਾ ਦੇ ਹੋਰ ਆਗੂਆਂ ਨੂੰ ਵੀ ਮਾਰਿਆ ਹੈ, ਸੀਰੀਆ ’ਚ ਬਸ਼ਰ ਅਸਦ ਦੀ ਸਰਕਾਰ ਡੇਗਣ ’ਚ ਸਹਾਇਤਾ ਕੀਤੀ ਅਤੇ ਇਰਾਨ ਦੀ ਰੱਖਿਆ ਪ੍ਰਣਾਲੀਆਂ ਨੂੰ ਤਬਾਹ ਕੀਤਾ। ਕੈਟਜ਼ ਨੇ ਇਜ਼ਰਾਇਲੀ ਹਮਲਿਆਂ ’ਚ ਮਾਰੇ ਗਏ ਹਮਾਸ ਅਤੇ ਹਿਜ਼ਬੁੱਲਾ ਦੇ ਆਗੂਆਂ ਦਾ ਜ਼ਿਕਰ ਕਰਦਿਆਂ ਕਿਹਾ, ‘‘ਜਿਵੇਂ ਕਿ ਅਸੀਂ ਤਹਿਰਾਨ, ਗਾਜ਼ਾ ਅਤੇ ਲਿਬਨਾਨ ’ਚ ਹਾਨੀਯੇਹ, ਸਿਨਵਾਰ ਅਤੇ ਨਸਰੱਲ੍ਹਾ ਨਾਲ ਕੀਤਾ ਹੈ, ਅਸੀਂ ਹੁਦੇਦਾ ਅਤੇ ਸਨਾ ’ਚ ਵੀ ਇੰਜ ਹੀ ਹਮਲੇ ਕਰਾਂਗੇ।’’ ਹਮਾਸ ਖ਼ਿਲਾਫ਼ ਇਜ਼ਰਾਈਲ ਦੇ ਸੰਘਰਸ਼ ਦੌਰਾਨ ਇਰਾਨ ਸਮਰਥਿਤ ਹੂਤੀ ਬਾਗ਼ੀਆਂ ਨੇ ਇਜ਼ਰਾਈਲ ’ਤੇ ਕਈ ਮਿਜ਼ਾਈਲਾਂ ਅਤੇ ਡਰੋਨ ਦਾਗ਼ੇ। ਸ਼ਨਿਚਰਵਾਰ ਨੂੰ ਵੀ ਤਲ ਅਵੀਵ ’ਚ ਮਿਜ਼ਾਈਲ ਦਾਗ਼ੀ ਗਈ ਸੀ ਜਿਸ ’ਚ 16 ਵਿਅਕਤੀ ਜ਼ਖ਼ਮੀ ਹੋਏ ਸਨ। ਇਜ਼ਰਾਈਲ ਨੇ ਜੰਗ ਦੌਰਾਨ ਯਮਨ ’ਚ ਤਿੰਨ ਹਵਾਈ ਹਮਲੇ ਕੀਤੇ ਅਤੇ ਮਿਜ਼ਾਈਲ ਹਮਲੇ ਬੰਦ ਹੋਣ ਤੱਕ ਬਾਗ਼ੀਆਂ ’ਤੇ ਦਬਾਅ ਕਾਇਮ ਰੱਖਣ ਦਾ ਅਹਿਦ ਲਿਆ ਹੈ। -ਰਾਇਟਰਜ਼