ਇਜ਼ਰਾਇਲੀ ਸੈਨਾ ਵੱਲੋਂ ਫ਼ਲਸਤੀਨੀਆਂ ਨੂੰ ਰਾਫ਼ਾਹ ਖ਼ਾਲੀ ਕਰਨ ਦਾ ਹੁਕਮ
ਯੇਰੂਸ਼ਲਮ, 6 ਮਈ
ਇਜ਼ਰਾਇਲੀ ਸੈਨਾ ਨੇ ਹਜ਼ਾਰਾਂ ਫ਼ਲਸਤੀਨੀਆਂ ਨੂੰ ਕਿਹਾ ਹੈ ਕਿ ਉਹ ਦੱਖਣੀ ਗਾਜ਼ਾ ਸ਼ਹਿਰ ਰਾਫ਼ਾਹ ਨੂੰ ਖ਼ਾਲੀ ਕਰ ਦੇਣ। ਇਸ ਤੋਂ ਸੰਕੇਤ ਮਿਲਦੇ ਹਨ ਕਿ ਇੱਥੇ ਜਲਦੀ ਹੀ ਜ਼ਮੀਨੀ ਹਮਲਾ ਹੋ ਸਕਦਾ ਹੈ। ਇਜ਼ਰਾਇਲੀ ਰੱਖਿਆ ਬਲ ਦੇ ਬਿਆਨ ਅਨੁਸਾਰ ਲੋਕਾਂ ਨੂੰ ਤੱਟ ਦੇ ਨੇੜੇ ਇਜ਼ਰਾਈਲ ਤਰਫ਼ੋਂ ਐਲਾਨੇ ਗਏ ਮਾਨਵਤਾਵਾਦੀ ਖੇਤਰ ਮੁਵਾਸੀ ਵਿੱਚ ਜਾਣ ਲਈ ਕਿਹਾ ਗਿਆ ਹੈ। ਫ਼ੌਜ ਨੇ ਕਿਹਾ ਕਿ ਉਸ ਨੇ ਹਸਪਤਾਲਾਂ, ਤੰਬੂਆਂ, ਭੋਜਨ ਅਤੇ ਪਾਣੀ ਸਣੇ ਹੋਰ ਸਹਾਇਤਾ ਦਾ ਵਿਸਥਾਰ ਕੀਤਾ ਹੈ। ਇਜ਼ਰਾਇਲੀ ਸੈਨਾ ਦਾ ਇਹ ਐਲਾਨ ਨਾਜ਼ੁਕ ਦੌਰ ਵਿੱਚੋਂ ਲੰਘ ਰਹੀ ਜੰਗਬੰਦੀ ਵਾਰਤਾ ਦਰਮਿਆਨ ਕੀਤਾ ਗਿਆ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਜ਼ਰਾਈਲ ਜਲਦੀ ਹੀ ਜ਼ਮੀਨੀ ਹਮਲਾ ਕਰੇਗਾ। ਇਜ਼ਰਾਈਲ ਬਚੇ ਹੋਏ ਹਮਾਸ ਅਤਿਵਾਦੀਆਂ ਨੂੰ ਖ਼ਤਮ ਕਰਨ ਦਾ ਸੰਕਲਪ ਜਤਾ ਚੁੱਕਿਆ ਹੈ। ਐਤਵਾਰ ਨੂੰ ਇਜ਼ਰਾਇਲੀ ਰੱਖਿਆ ਮੰਤਰੀ ਯੋਆਵ ਗੈਲੇਂਟ ਨੇ ਦਾਅਵਾ ਕੀਤਾ ਕਿ ਹਮਾਸ ਕਿਸੇ ਸਮਝੌਤੇ ਨੂੰ ਲੈ ਕੇ ਗੰਭੀਰ ਨਹੀਂ ਹੈ। ਉਨ੍ਹਾਂ ਨੇੜਲੇ ਭਵਿੱਖ ਵਿੱਚ ਰਾਫ਼ਾਹ ’ਚ ਇੱਕ ਸ਼ਕਤੀਸ਼ਾਲੀ ਮੁਹਿੰਮ ਵਿੱਢਣ ਦੀ ਚਿਤਾਵਨੀ ਦਿੱਤੀ। ਉਨ੍ਹਾਂ ਦੀ ਇਹ ਟਿੱਪਣੀ ਉਦੋਂ ਆਈ ਹੈ ਜਦੋਂ ਹਮਾਸ ਨੇ ਐਤਵਾਰ ਨੂੰ ਇਜ਼ਰਾਈਲ ਦੇ ਮੁੱਖ ਕਰਾਸਿੰਗ ਪੁਆਇੰਟ ’ਤੇ ਹਮਲਾ ਕੀਤਾ ਸੀ, ਜਿਸ ਦੌਰਾਨ ਤਿੰਨ ਸੈਨਿਕ ਮਾਰੇ ਗਏ ਸਨ। -ਏਪੀ