ਇਜ਼ਰਾਈਲ ਵੱਲੋਂ ਛੇ ਬੰਧਕਾਂ ਦੀਆਂ ਲਾਸ਼ਾਂ ਬਰਾਮਦ
ਯੇਰੂਸ਼ਲਮ, 1 ਸਤੰਬਰ
ਇਜ਼ਰਾਈਲ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਹਮਾਸ ਵੱਲੋਂ ਬੰਧਕ ਬਣਾਏ ਗਏ ਛੇ ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਇਨ੍ਹਾਂ ’ਚ ਇਜ਼ਰਾਇਲੀ-ਅਮਰੀਕੀ ਹਰਸ਼ ਗੋਲਡਬਰਗ-ਪੋਲਿਨ (23) ਵੀ ਸ਼ਾਮਲ ਹੈ ਜਿਸ ਦੇ ਮਾਪਿਆਂ ਨੇ ਆਲਮੀ ਆਗੂਆਂ ਨਾਲ ਮਿਲ ਕੇ ਉਸ ਦੀ ਰਿਹਾਈ ਦੇ ਯਤਨ ਕੀਤੇ ਸਨ। ਮ੍ਰਿਤਕਾਂ ’ਚ ਓਰੀ ਡੈਨਿਨੋ (25), ਈਡਨ ਯੇਰੂਸ਼ਾਲਮੀ (24), ਅਲਮੋਗ ਸਾਰੂਸੀ (27), ਅਲੈਗਜ਼ੈਂਡਰ ਲੋਬਾਨੋਵ (33) ਅਤੇ ਕਾਰਮੇਲ ਗੈਟ (40) ਸ਼ਾਮਲ ਹਨ। ਫੌਜ ਨੇ ਕਿਹਾ ਕਿ ਲਾਸ਼ਾਂ ਦੱਖਣੀ ਗਾਜ਼ਾ ਦੇ ਸ਼ਹਿਰ ਰਾਫ਼ਾਹ ਦੀ ਇਕ ਸੁਰੰਗ ਤੋਂ ਬਰਾਮਦ ਹੋਈਆਂ ਹਨ ਜਿਥੋਂ ਇਕ ਕਿਲੋਮੀਟਰ ਦੂਰ ਪਿਛਲੇ ਹਫ਼ਤੇ ਬੰਧਕ ਕਾਇਦ ਫਰਹਾਨ ਅਲਕਾਦੀ (52) ਨੂੰ ਬਚਾਇਆ ਗਿਆ ਸੀ।
ਇਜ਼ਰਾਇਲੀ ਫੌਜ ਦੇ ਤਰਜਮਾਨ ਰੀਅਰ ਐਡਮਿਰਲ ਡੈਨੀਅਲ ਹਗਾਰੀ ਨੇ ਕਿਹਾ ਕਿ ਜਵਾਨਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਗੋਲੀਆਂ ਮਾਰੀਆਂ ਗਈਆਂ ਸਨ। ਬੰਧਕਾਂ ਦੀ ਮੌਤ ਨਾਲ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਖ਼ਿਲਾਫ਼ ਵੱਡੇ ਪੱਧਰ ’ਤੇ ਰੋਸ ਫੈਲ ਗਿਆ ਹੈ ਅਤੇ ਕਈ ਹੋਰ ਬੰਧਕਾਂ ਦੇ ਪਰਿਵਾਰਾਂ ਨੇ ਕਿਹਾ ਹੈ ਕਿ ਉਹ 10 ਮਹੀਨਿਆਂ ਤੋਂ ਜਾਰੀ ਜੰਗ ਨੂੰ ਖ਼ਤਮ ਕਰਨ ਲਈ ਹਮਾਸ ਨਾਲ ਸਮਝੌਤਾ ਕਰਨ ’ਚ ਨਾਕਾਮ ਰਹੇ ਹਨ। ਨੇਤਨਯਾਹੂ ਨੇ ਬੰਧਕਾਂ ਦੀ ਮੌਤ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਹੈ ਕਿ ਹਮਾਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਹੱਤਿਆਵਾਂ ਤੋਂ ਸਾਬਿਤ ਹੁੰਦਾ ਹੈ ਕਿ ਹਮਾਸ ਸਮਝੌਤਾ ਨਹੀਂ ਕਰਨਾ ਚਾਹੁੰਦਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ, ਜੋ ਗੋਲਡਬਰਗ-ਪੋਲਿਨ ਦੇ ਮਾਪਿਆਂ ਨਾਲ ਮਿਲੇ ਸਨ, ਨੇ ਬੰਧਕਾਂ ਦੀ ਮੌਤ ’ਤੇ ਦੁੱਖ ਅਤੇ ਗੁੱਸਾ ਜ਼ਾਹਿਰ ਕੀਤਾ ਹੈ। ਉਨ੍ਹਾਂ ਕਿਹਾ ਕਿ ਹਮਾਸ ਦੇ ਆਗੂਆਂ ਨੂੰ ਇਸ ਅਪਰਾਧ ਦੀ ਕੀਮਤ ਅਦਾ ਕਰਨੀ ਪਵੇਗੀ। ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵੀ ਗੋਲਡਬਰਗ-ਪੋਲਿਨ ਦੇ ਪਰਿਵਾਰ ਨਾਲ ਹਮਦਰਦੀ ਜਤਾਈ ਹੈ। ਉਧਰ ਹਮਾਸ ਦੇ ਇਕ ਸੀਨੀਅਰ ਆਗੂ ਇਜ਼ਾਤ ਅਲ-ਰਿਸ਼ਕ ਨੇ ਬੰਧਕਾਂ ਦੀ ਮੌਤ ਲਈ ਇਜ਼ਰਾਈਲ ਅਤੇ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਜੇ ਉਨ੍ਹਾਂ ਗੋਲੀਬੰਦੀ ਦੀ ਤਜਵੀਜ਼ ਮੰਨ ਲਈ ਹੁੰਦੀ ਤਾਂ ਬੰਧਕ ਅੱਜ ਜਿਊਂਦਾ ਹੁੰਦੇ। -ਏਪੀ
ਪੱਛਮੀ ਕੰਢੇ ’ਚ ਤਿੰਨ ਇਜ਼ਰਾਇਲੀ ਪੁਲੀਸ ਕਰਮੀਆਂ ਦੀ ਹੱਤਿਆ
ਯੇਰੂਸ਼ਲਮ: ਫਲਸਤੀਨੀ ਦਹਿਸ਼ਤਗਰਦਾਂ ਨੇ ਤਿੰਨ ਇਜ਼ਰਾਇਲੀ ਪੁਲੀਸ ਅਧਿਕਾਰੀਆਂ ਦੀ ਹੱਤਿਆ ਕਰ ਦਿੱਤੀ। ਦਹਿਸ਼ਤਗਰਦਾਂ ਨੇ ਪੁਲੀਸ ਕਰਮੀਆਂ ਦੇ ਵਾਹਨ ’ਤੇ ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਫਰਾਰ ਹੋ ਗਏ। ਦਹਿਸ਼ਤੀ ਜਥੇਬੰਦੀ ਖਲੀਲ ਅਲ-ਰਹਿਮਾਨ ਬ੍ਰਿਗੇਡ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। -ਏਪੀ