ਇਜ਼ਰਾਈਲ: ਸੁਪਰੀਮ ਕੋਰਟ ਨੂੰ ਕਮਜ਼ੋਰ ਕਰਨ ਵਾਲੇ ਕਾਨੂੰਨ ਖ਼ਿਲਾਫ਼ ਰੋਸ
ਯੇਰੂਸ਼ਲੱਮ, 25 ਜੁਲਾਈ
ਇਜ਼ਰਾਈਲ ਵਿਚ ਸੁਪਰੀਮ ਕੋਰਟ ਨੂੰ ਕਮਜ਼ੋਰ ਬਣਾਉਣ ਵਾਲੇ ਕਾਨੂੰਨ ਨੂੰ ਸਰਕਾਰ ਵੱਲੋਂ ਮਨਜ਼ੂਰ ਕਰਨ ’ਤੇ ਹਜ਼ਾਰਾਂ ਡਾਕਟਰ ਕੰਮ ਛੱਡ ਕੇ ਹੜਤਾਲ ’ਤੇ ਚਲੇ ਗਏ ਹਨ। ਵਰਕਰ ਜਥੇਬੰਦੀਆਂ ਦੇ ਆਗੂਆਂ ਨੇ ਵੀ ਆਮ ਹੜਤਾਲ ਦੀ ਚਿਤਾਵਨੀ ਦਿਤੀ ਹੈ। ਇਜ਼ਰਾਈਲ ਦੀਆਂ ਚਾਰ ਮੋਹਰੀ ਅਖ਼ਬਾਰਾਂ ਨੇ ਆਪਣੇ ਪਹਿਲੇ ਪੇਜ ਕਾਲੀ ਸਿਆਹੀ ਨਾਲ ਕਵਰ ਕੀਤੇ ਹਨ। ਪਹਿਲੇ ਪੇਜਾਂ ਉਤੇ ਬਿਲਕੁਲ ਹੇਠਾਂ ਸਿਰਫ਼ ਇਕ ਸਤਰ ‘ਇਜ਼ਰਾਇਲੀ ਲੋਕਤੰਤਰ ਲਈ ਕਾਲਾ ਦਨਿ’ ਲਿਖੀ ਗਈ ਹੈ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਬੈਂਜਾਮਨਿ ਨੇਤਨਯਾਹੂ ਮੁਲਕ ਦੀ ਨਿਆਂਪਾਲਿਕਾ ਦੇ ਪੁਨਰਗਠਨ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ’ਤੇ ਲੋਕ ਵੰਡੇ ਹੋਏ ਹਨ। ਇਸ ਤੋਂ ਪਹਿਲਾਂ ਵੀ ਸੱਤ ਮਹੀਨਿਆਂ ਤੱਕ ਇਸ ਕਾਨੂੰਨ ਦਾ ਵਿਰੋਧ ਹੋ ਚੁੱਕਾ ਹੈ। ਨੇੜਲੇ ਭਾਈਵਾਲ ਅਮਰੀਕਾ ਵੱਲੋਂ ਚਿਤਾਵਨੀ ਦੇਣ ਦੇ ਬਾਵਜੂਦ ਵੀ ਇਜ਼ਰਾਈਲ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਇਸ ਬਿੱਲ ਨੂੰ ਸੱਤਾਧਾਰੀ ਗੱਠਜੋੜ ਨੇ ਸਰਬਸੰਮਤੀ ਨਾਲ ਪਾਸ ਕੀਤਾ ਹੈ ਜਿਸ ਵਿਚ ਕੱਟੜ ਰਾਸ਼ਟਰਵਾਦੀ ਤੇ ਕੱਟੜ ਧਾਰਮਿਕ ਪਾਰਟੀਆਂ ਸ਼ਾਮਲ ਹਨ। ਹਾਲਾਂਕਿ ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਉਹ ਇਸ ਕਾਨੂੰਨ ਵਿਰੁੱਧ ਸੰਘਰਸ਼ ਜਾਰੀ ਰੱਖਣਗੇ। ਨਾਗਰਿਕ ਹੱਕਾਂ ਬਾਰੇ ਜਥੇਬੰਦੀਆਂ ਨੇ ਸੁਪਰੀਮ ਕੋਰਟ ਵਿਚ ਪਟੀਸ਼ਨਾਂ ਦਾਇਰ ਕਰ ਕੇ ਇਸ ਨਵੇਂ ਕਾਨੂੰਨ ਨੂੰ ਪਲਟਾਉਣ ਦੀ ਮੰਗ ਕੀਤੀ ਹੈ। ਰਾਤੋ-ਰਾਤ ਮੁਲਕ ਵਿਚ ਇਸ ਕਾਨੂੰਨ ਖਿਲਾਫ਼ ਮੁਜ਼ਾਹਰੇ ਸ਼ੁਰੂ ਹੋ ਗਏ ਹਨ। ਤਲ ਅਵੀਵ ਵਿਚ ਹਜ਼ਾਰਾਂ ਲੋਕ ਅੱਜ ਸੜਕਾਂ ਉਤੇ ਨਿਕਲ ਆਏ। ਉਨ੍ਹਾਂ ਟਾਇਰਾਂ ਨੂੰ ਅੱਗ ਲਾ ਦਿੱਤੀ, ਪਟਾਕੇ ਚਲਾ ਕੇ ਕੌਮੀ ਝੰਡੇ ਲਹਿਰਾਏ। ਯੇਰੂਸ਼ਲਮ ਵਿਚ ਪੁਲੀਸ ਨੇ ਲੋਕਾਂ ’ਤੇ ਜਲ ਤੋਪਾਂ ਅਤੇ ਸਪਰੇਅ ਦੀ ਵਰਤੋਂ ਕੀਤੀ। ਕਰੀਬ 40 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੌਰਾਨ ਪੁਲੀਸ ਕਰਮੀ ਵੀ ਫੱਟੜ ਹੋਏ ਹਨ। -ਏਪੀ