ਇਜ਼ਰਾਈਲ ਵੱਲੋਂ 10 ਲੱਖ ਲੋਕਾਂ ਨੂੰ ਗਾਜ਼ਾ ਖਾਲੀ ਕਰਨ ਦੇ ਹੁਕਮ
ਯੇਰੂਸ਼ਲੱਮ, 13 ਅਕਤੂਬਰ
ਇਜ਼ਰਾਇਲੀ ਫ਼ੌਜ ਨੇ ਕਰੀਬ 10 ਲੱਖ ਫਲਸਤੀਨੀਆਂ ਨੂੰ ਉੱਤਰੀ ਗਾਜ਼ਾ ਦਾ ਇਲਾਕਾ ਖਾਲੀ ਕਰ ਕੇ ਦੱਖਣ ਵਾਲੇ ਪਾਸੇ ਜਾਣ ਦੇ ਹੁਕਮ ਦਿੱਤੇ ਹਨ। ਇਜ਼ਰਾਇਲੀ ਫ਼ੌਜ ਦੇ ਹੁਕਮਾਂ ਮਗਰੋਂ ਵੱਡੇ ਪੱਧਰ ’ਤੇ ਫਲਸਤੀਨੀਆਂ ਨੇ ਹਿਜਰਤ ਸ਼ੁਰੂ ਕਰ ਦਿੱਤੀ ਹੈ। ਫ਼ੌਜ ਨੇ ਕਿਹਾ ਕਿ ਉਨ੍ਹਾਂ ਦੀਆਂ ਕੁਝ ਟੁਕੜੀਆਂ ਟੈਂਕਾਂ ਨਾਲ ਗਾਜ਼ਾ ਪੱਟੀ ਅੰਦਰ ਦਾਖ਼ਲ ਹੋ ਕੇ ਕਾਰਵਾਈ ਆਰੰਭ ਚੁੱਕੀਆਂ ਹਨ। ਇਜ਼ਰਾਈਲ ਨੇ ਕਿਹਾ ਕਿ ਜਵਾਨਾਂ ਵੱਲੋਂ ਬੰਦੀਆਂ ਨੂੰ ਛੁਡਾਉਣ ਤੇ ਅਤਿਵਾਦੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਮਾਸ ਨੇ ਦਾਅਵਾ ਕੀਤਾ ਕਿ ਇਜ਼ਰਾਈਲ ਵੱਲੋਂ ਗਾਜ਼ਾ ਸ਼ਹਿਰ ਛੱਡ ਕੇ ਜਾ ਰਹੇ ਕਾਫ਼ਲਿਆਂ ’ਤੇ ਕੀਤੇ ਗਏ ਹਵਾਈ ਹਮਲੇ ’ਚ 70 ਵਿਅਕਤੀ ਮਾਰੇ ਗਏ ਹਨ। ਸੰਯੁਕਤ ਰਾਸ਼ਟਰ ਨੇ ਖ਼ਬਰਦਾਰ ਕੀਤਾ ਹੈ ਕਿ 24 ਘੰਟਿਆਂ ਦੇ ਅੰਦਰ ਇੰਨੀ ਵੱਡੀ ਗਿਣਤੀ ’ਚ ਲੋਕਾਂ ਦੇ ਜਾਨ ਬਚਾ ਕੇ ਭੱਜਣਾ ਘਾਤਕ ਸਾਬਿਤ ਹੋ ਸਕਦਾ ਹੈ। ਉਧਰ ਹਮਾਸ ਨੇ ਇਜ਼ਰਾਇਲੀ ਫ਼ੌਜ ਦੇ ਇਨ੍ਹਾਂ ਨਿਰਦੇਸ਼ਾਂ ਨੂੰ ਖਾਰਜ ਕਰਦਿਆਂ ਲੋਕਾਂ ਨੂੰ ਆਪਣੇ ਘਰਾਂ ’ਚ ਰਹਿਣ ਲਈ ਕਿਹਾ ਹੈ। ਸੰਘਰਸ਼ ਦੇ ਸੱਤਵੇਂ ਦਿਨ ਨਿਕਾਸੀ ਦੇ ਹੁਕਮਾਂ ਨਾਲ ਗਾਜ਼ਾ ਸਿਟੀ ਦੇ ਲੋਕਾਂ ’ਚ ਭਾਰੀ ਦਹਿਸ਼ਤ ਦਾ ਮਾਹੌਲ ਹੈ। ਗਾਜ਼ਾ ਸਿਟੀ ’ਚ ਫਲਸਤੀਨੀ ਰੈੱਡ ਕ੍ਰੀਸੈਂਟ ਦੀ ਤਰਜਮਾਨ ਨੇਬਾਲ ਫਾਰਸਾਖ ਨੇ ਭਾਵੁਕ ਹੁੰਦਿਆਂ ਕਿਹਾ,‘‘ਭੋਜਨ, ਬਿਜਲੀ ਅਤੇ ਈਂਧਣ ਬਾਰੇ ਤਾਂ ਭੁੱਲ ਜਾਵੋ। ਇਸ ਸਮੇਂ ਤਾਂ ਇਹੋ ਫਿਕਰ ਹੈ ਕਿ ਕੀ ਤੁਸੀਂ ਜਿਊਂਦਾ ਰਹਿਣ ਵਾਲੇ ਹੋ ਜਾਂ ਨਹੀਂ।’’ ਜੰਗ ’ਚ ਹੁਣ ਤੱਕ 3200 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਪੂਰੇ ਖ਼ਿੱਤੇ ’ਚ ਤਣਾਅ ਵਧਿਆ ਹੋਇਆ ਹੈ। ਅੱਜ ਜੁਮੇ ਦੀ ਨਮਾਜ਼ ਮੌਕੇ ਪੂਰੇ ਮੱਧ-ਪੂਰਬ ’ਚ ਇਜ਼ਰਾਈਲ ਖ਼ਿਲਾਫ਼ ਪ੍ਰਦਰਸ਼ਨ ਹੋਏ ਜਿਸ ਨਾਲ ਯੇਰੂਸ਼ਲੱਮ ਦੇ ਪੁਰਾਣੇ ਸ਼ਹਿਰ ’ਚ ਤਣਾਅ ਪੈਦਾ ਹੋ ਗਿਆ। ਪਵਿੱਤਰ ਅਲ-ਅਕਸਾ ਮਸਜਿਦ ਦਾ ਜ਼ਿੰਮਾ ਸੰਭਾਲਣ ਵਾਲੀ ਇਸਲਾਮਿਕ ਸੰਸਥਾ ਨੇ ਕਿਹਾ ਕਿ ਇਜ਼ਰਾਇਲੀ ਅਧਿਕਾਰੀ 50 ਸਾਲ ਤੋਂ ਘੱਟ ਉਮਰ ਦੇ ਸਾਰੇ ਫਲਸਤੀਨੀ ਪੁਰਸ਼ਾਂ ਨੂੰ ਅੰਦਰ ਦਾਖ਼ਲ ਨਹੀਂ ਹੋਣ ਦੇ ਰਹੇ ਹਨ। ਇਜ਼ਰਾਈਲ ਵੱਲੋਂ ਗਾਜ਼ਾ ’ਚ ਲਗਾਤਾਰ ਹਵਾਈ ਹਮਲੇ ਕੀਤੇ ਜਾ ਰਹੇ ਹਨ। ਹਮਾਸ ਨੇ ਕਿਹਾ ਕਿ ਵੀਰਵਾਰ ਨੂੰ ਇਜ਼ਰਾਇਲੀ ਹਮਲਿਆਂ ’ਚ 13 ਬੰਦੀ ਮਾਰੇ ਗਏ ਜਨਿ੍ਹਾਂ ’ਚ ਕੁਝ ਵਿਦੇਸ਼ੀ ਵੀ ਸ਼ਾਮਲ ਹਨ। ਉਂਜ ਉਨ੍ਹਾਂ ਕਿਸੇ ਦੀ ਨਾਗਰਿਕਤਾ ਬਾਰੇ ਜਾਣਕਾਰੀ ਨਹੀਂ ਦਿੱਤੀ। ਇਜ਼ਰਾਇਲੀ ਫ਼ੌਜ ਦੇ ਤਰਜਮਾਨ ਰੀਅਰ ਐਡਮਿਰਲ ਡੈਨੀਅਲ ਹੇਗਾਰੀ ਨੇ ਇਨ੍ਹਾਂ ਦਾਅਵਿਆਂ ਨੂੰ ਨਕਾਰਦਿਆਂ ਕਿਹਾ ਕਿ ਉਹ ਹਮਾਸ ਦੇ ਝੂਠ ’ਚ ਯਕੀਨ ਨਹੀਂ ਕਰਦੇ ਹਨ। ਇਜ਼ਰਾਈਲ ਨੇ ਵੀਰਵਾਰ ਨੂੰ ਕਿਹਾ ਹੈ ਕਿ ਬੰਦੀਆਂ ਦੀ ਰਿਹਾਈ ਤੱਕ ਉਹ ਗਾਜ਼ਾ ’ਚ ਕਿਸੇ ਜ਼ਰੂਰੀ ਸਮੱਗਰੀ ਦੀ ਸਪਲਾਈ ਨਹੀਂ ਹੋਣ ਦੇਣਗੇ। ਹਗਾਰੀ ਨੇ ਕਿਹਾ ਕਿ ਫ਼ੌਜ ਨੇ ਉੱਤਰੀ ਗਾਜ਼ਾ ਦੇ ਲੋਕਾਂ ਨੂੰ ਦੱਖਣ ਵੱਲ ਜਾਣ ਨੂੰ ਕਿਹਾ ਹੈ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਇਸ ਨਾਲ 11 ਲੱਖ ਲੋਕ ਪ੍ਰਭਾਵਿਤ ਹੋਣਗੇ। ਇਜ਼ਰਾਈਲ ਦੇ ਇਕ ਹੋਰ ਤਰਜਮਾਨ ਜੋਨਾਥਨ ਕੋਨਰਿਕਸ ਨੇ ਕਿਹਾ ਕਿ ਫ਼ੌਜ ਆਮ ਲੋਕਾਂ ਨੂੰ ਨੁਕਸਾਨ ਤੋਂ ਬਚਾਉਣ ਦੀ ਕੋਸ਼ਿਸ਼ ਕਰੇਗੀ ਅਤੇ ਜੰਗ ਖ਼ਤਮ ਹੋਣ ’ਤੇ ਉਨ੍ਹਾਂ ਨੂੰ ਪਰਤਣ ਦੀ ਇਜਾਜ਼ਤ ਦਿੱਤੀ ਜਾਵੇਗੀ। ਹਮਾਸ ਅਤਿਵਾਦੀ ਆਮ ਰਿਹਾਇਸ਼ੀ ਇਲਾਕਿਆਂ ਤੋਂ ਆਪਣੀ ਕਾਰਵਾਈ ਨੂੰ ਅੰਜਾਮ ਦਿੰਦੇ ਹਨ ਅਤੇ ਇਜ਼ਰਾਈਲ ਉਨ੍ਹਾਂ ’ਤੇ ਦੋਸ਼ ਲਾਉਂਦਾ ਆ ਰਿਹਾ ਹੈ ਕਿ ਉਹ ਫਲਸਤੀਨੀਆਂ ਦੀ ਵਰਤੋਂ ਮਨੁੱਖੀ ਢਾਲ ਵਜੋਂ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਆਮ ਲੋਕ ਇਲਾਕਾ ਖਾਲੀ ਕਰਕੇ ਚਲੇ ਗਏ ਤਾਂ ਹਮਾਸ ਦੇ ਲੜਾਕਿਆਂ ਦਾ ਪਰਦਾਫਾਸ਼ ਹੋ ਜਾਵੇਗਾ। ਅਮਰੀਕੀ ਰੱਖਿਆ ਮੰਤਰੀ ਲੌਇਡ ਆਸਟਨਿ ਨਾਲ ਪ੍ਰੈੱਸ ਕਾਨਫਰੰਸ ਦੌਰਾਨ ਇਜ਼ਰਾਇਲੀ ਰੱਖਿਆ ਮੰਤਰੀ ਯੋਏਵ ਗੈਲੇਂਟ ਨੇ ਕਿਹਾ ਕਿ ਅਤਿਵਾਦੀ ਆਮ ਲੋਕਾਂ ’ਚ ਘੁਲੇ-ਮਿਲੇ ਹੋਏ ਹਨ ਅਤੇ ਉਨ੍ਹਾਂ ਨੂੰ ਵੱਖ ਕਰਨ ਦੀ ਲੋੜ ਹੈ। ਇਸੇ ਕਰਕੇ ਜਿਹੜੇ ਆਪਣੀ ਜਾਨ ਬਚਾਉਣਾ ਚਾਹੁੰਦੇ ਹਨ, ਉਹ ਦੱਖਣ ਚਲੇ ਜਾਣ। ਉਧਰ ਸੰਯੁਕਤ ਰਾਸ਼ਟਰ ਦੇ ਤਰਜਮਾਨ ਸਟੀਫਨ ਦੁਰਾਜਿਕ ਨੇ ਕਿਹਾ ਕਿ ਮਨੁੱਖੀ ਘਾਣ ਤੋਂ ਬਨਿ੍ਹਾਂ ਇਲਾਕੇ ਨੂੰ ਖਾਲੀ ਕਰਵਾਉਣਾ ਅਸੰਭਵ ਹੋਵੇਗਾ। ਉਨ੍ਹਾਂ ਇਜ਼ਰਾਈਲ ਨੂੰ ਇਹ ਹੁਕਮ ਵਾਪਸ ਲੈਣ ਦੀ ਅਪੀਲ ਕੀਤੀ ਹੈ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਜ਼ਖ਼ਮੀਆਂ ਨੂੰ ਹਸਪਤਾਲਾਂ ’ਚੋਂ ਤਬਦੀਲ ਕਰਨਾ ਮੁਸ਼ਕਲ ਹੋਵੇਗਾ। ਤਰਜਮਾਨ ਅਸ਼ਰਫ਼ ਅਲ-ਕਿਦਰਾ ਨੇ ਕਿਹਾ ਕਿ ਹਸਪਤਾਲਾਂ ਨੂੰ ਖਾਲੀ ਨਹੀਂ ਕਰਵਾਇਆ ਜਾ ਸਕਦਾ ਹੈ ਅਤੇ ਜ਼ਖ਼ਮੀਆਂ ਨੂੰ ਮਰਨ ਲਈ ਨਹੀਂ ਛੱਡਿਆ ਜਾ ਸਕਦਾ ਹੈ। ਫਲਸਤੀਨੀ ਸ਼ਰਨਾਰਥੀਆਂ ਬਾਰੇ ਸੰਯੁਕਤ ਰਾਸ਼ਟਰ ਦੀ ਏਜੰਸੀ ਯੂਐੱਨਆਰਡਬਲਿਊਏ ਨੇ ਕਿਹਾ ਕਿ ਉਹ ਵੀ ਸਕੂਲ ਖਾਲੀ ਨਹੀਂ ਕਰਨਗੇ ਜਿਥੇ ਲੱਖਾਂ ਲੋਕਾਂ ਨੇ ਪਨਾਹ ਲਈ ਹੋਈ ਹੈ। ਨਿਊਯਾਰਕ ਆਧਾਰਿਤ ਮਨੁੱਖੀ ਅਧਿਕਾਰ ਗੁੱਟ ਦੇ ਸੀਨੀਅਰ ਕਾਨੂੰਨੀ ਸਲਾਹਕਾਰ ਕਲਾਈਵ ਬਾਲਡਵਨਿ ਨੇ ਕਿਹਾ ਕਿ 10 ਲੱਖ ਲੋਕਾਂ ਨੂੰ ਗਾਜ਼ਾ ਖਾਲੀ ਕਰਨ ਦਾ ਹੁਕਮ ਦੇਣਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਇਜ਼ਰਾਈਲ ਦੇ ਹੁਕਮਾਂ ਵਿਰੁੱਧ ਆਲਮੀ ਆਗੂਆਂ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।
ਗੁਆਂਢੀ ਮੁਲਕ ਮਿਸਰ ਨੇ ਪਹਿਲਾਂ ਹੀ ਗਾਜ਼ਾ ਨਾਲ ਲਗਦੀ ਸਰਹੱਦ ’ਤੇ ਸਖ਼ਤੀ ਵਧਾ ਦਿੱਤੀ ਹੈ ਤਾਂ ਜੋ ਕੋਈ ਘੁਸਪੈਠ ਨਾ ਕਰ ਸਕੇ। -ਏਪੀ
ਬਲਿੰਕਨ ਮਗਰੋਂ ਅਮਰੀਕੀ ਰੱਖਿਆ ਮੰਤਰੀ ਵੀ ਤਲ ਅਵੀਵ ਪੁੱਜੇ
ਤਲ ਅਵੀਵ: ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦੇ ਦੌਰੇ ਦੇ ਇਕ ਦਿਨ ਮਗਰੋਂ ਮੁਲਕ ਦੇ ਰੱਖਿਆ ਮੰਤਰੀ ਲੌਇਡ ਆਸਟਨਿ ਵੀ ਇਜ਼ਰਾਈਲ ਦੀ ਰਾਜਧਾਨੀ ਤਲ ਅਵੀਵ ਪੁੱਜ ਗਏ ਹਨ। ਉਹ ਬ੍ਰਸੱਲਜ਼ ’ਚ ਨਾਟੋ ਦੇ ਰੱਖਿਆ ਮੰਤਰੀਆਂ ਦੀ ਮੀਟਿੰਗ ਮਗਰੋਂ ਸਿੱਧੇ ਇਥੇ ਪਹੁੰਚੇ ਹਨ। ਅਮਰੀਕੀ ਰੱਖਿਆ ਮੰਤਰੀ ਆਸਟਨਿ ਨੇ ਪ੍ਰਧਾਨ ਮੰਤਰੀ ਬੈਂਜਾਮਨਿ ਨੇਤਨਯਾਹੂ, ਆਪਣੇ ਇਜ਼ਰਾਇਲੀ ਹਮਰੁਤਬਾ ਯੇਏਵ ਗੈਲੇਂਟ ਅਤੇ ਜੰਗੀ ਕੈਬਨਿਟ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਇਜ਼ਰਾਈਲ ’ਚੋਂ ਕੱਢਣ ਲਈ ਵਿਸ਼ੇਸ਼ ਉਡਾਣਾਂ ਦਾ ਪ੍ਰਬੰਧ ਕੀਤਾ ਹੈ। ਹਮਾਸ ਦੇ ਹਮਲੇ ’ਚ ਹੁਣ ਤੱਕ 27 ਅਮਰੀਕੀਆਂ ਦੀ ਮੌਤ ਹੋ ਚੁੱਕੀ ਹੈ। ਉਧਰ ਬਲਿੰਕਨ ਖ਼ਿੱਤੇ ’ਚ ਸੰਘਰਸ਼ ਫੈਲਣ ਤੋਂ ਰੋਕਣ ਲਈ ਹੋਰ ਮੁਲਕਾਂ ਦੇ ਦੌਰੇ ’ਤੇ ਚਲੇ ਗਏ ਹਨ। ਉਨ੍ਹਾਂ ਅਮਾਨ ’ਚ ਜਾਰਡਨ ਦੇ ਸ਼ਾਹ ਅਬਦੁੱਲਾ ਦੂਜੇ ਨਾਲ ਗੱਲਬਾਤ ਕੀਤੀ। ਉਨ੍ਹਾਂ ਹਮਾਸ ਵੱਲੋਂ ਬਣਾਏ ਗਏ ਸਾਰੇ ਬੰਦੀਆਂ ਨੂੰ ਛੁਡਾਉਣ ਬਾਰੇ ਚਰਚਾ ਵੀ ਕੀਤੀ। ਇਸ ਮਗਰੋਂ ਉਨ੍ਹਾਂ ਅਮਾਨ ’ਚ ਹੀ ਫਲਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ ਮੁਲਾਕਾਤ ਕੀਤੀ। ਉਹ ਬਾਅਦ ’ਚ ਕਤਰ ਲਈ ਰਵਾਨਾ ਹੋ ਗਏ। ਉਹ ਯੂਏਈ ਅਤੇ ਮਿਸਰ ਦਾ ਦੌਰਾ ਵੀ ਕਰਨਗੇ। -ਏਪੀ