ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਜ਼ਰਾਈਲ ਵੱਲੋਂ ਦੱਖਣੀ ਲਿਬਨਾਨ ’ਚ ਜ਼ਮੀਨੀ ਹਮਲੇ ਸ਼ੁਰੂ

07:26 AM Oct 02, 2024 IST
ਇਜ਼ਰਾਈਲ ਵੱਲੋਂ ਲਿਬਨਾਨ ਖਿਲਾਫ਼ ਜ਼ਮੀਨੀ ਕਾਰਵਾਈ ਲਈ ਸਰਹੱਦ ’ਤੇ ਤਾਇਨਾਤ ਜੰਗੀ ਟੈਂਕ ਤੇ ਹੋਰ ਬਖ਼ਤਰਬੰਦ ਗੱਡੀਆਂ। -ਫੋਟੋ: ਏਪੀ

ਯੇਰੂਸ਼ਲਮ, 1 ਅਕਤੂਬਰ
ਇਜ਼ਰਾਇਲੀ ਫੌਜ ਨੇ ਅੱਜ ਦੱਖਣੀ ਲਿਬਨਾਨ ਵਿਚ ਹਿਜ਼ਬੁੱਲ੍ਹਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਆਪਣੀ ਸਰਹੱਦ ਨਾਲ ਲੱਗਦੇ ਪਿੰਡਾਂ ਵਿਚ ‘ਜ਼ਮੀਨੀ ਹਮਲੇ’ ਸ਼ੁਰੂ ਕਰ ਦਿੱਤੇ ਹਨ। ਇਜ਼ਰਾਈਲ ਨੇ ਇਸ ਨੂੰ ‘ਸੀਮਤ ਤੇ ਸਥਾਨਕ’ ਅਪਰੇਸ਼ਨ ਕਰਾਰ ਦਿੱਤਾ ਹੈ। ਇਜ਼ਰਾਇਲੀ ਫੌਜ ਨੇ ਦੋ ਦਰਜਨ ਲਿਬਨਾਨੀ ਭਾਈਚਾਰਿਆਂ ਨੂੰ ਅਵਾਲੀ ਨਦੀ ਦਾ ਉੱਤਰੀ ਇਲਾਕਾ ਖਾਲੀ ਕਰਨ ਲਈ ਆਖ ਦਿੱਤਾ ਹੈ। ਇਜ਼ਰਾਈਲ ਨੇ ਕਿਹਾ ਕਿ ਜਿਨ੍ਹਾਂ ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਉਹ ਉੱਤਰੀ ਇਜ਼ਰਾਈਲ ਵਿਚ ਇਜ਼ਰਾਇਲੀ ਭਾਈਚਾਰਿਆਂ ਲਈ ਫੌਰੀ ਵੱਡਾ ਖ਼ਤਰਾ ਸਨ। ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਿਜ਼ਬੁੱਲ੍ਹਾ ਤੇ ਹਮਾਸ ਦੀ ਹਮਾਇਤ ਕਰਨ ਵਾਲੇ ਇਰਾਨ ਨੂੰ ਲੰਘੇ ਦਿਨ ਚੇਤਾਵਨੀ ਦਿੱਤੀ ਸੀ ਕਿ ‘ਮੱਧ ਪੂਰਬ ਵਿਚ ਕੋਈ ਵੀ ਥਾਂ ਇਜ਼ਰਾਈਲ ਦੀ ਪਹੁੰਚ ਤੋਂ ਬਾਹਰ ਨਹੀਂ ਹੈ।’’ ਨੇਤਨਯਾਹੂ ਨੇ ਇਹ ਦਾਅਵਾ ਅਜਿਹੇ ਮੌਕੇ ਕੀਤਾ ਸੀ ਜਦੋਂ ਪਿਛਲੇ ਦਿਨੀਂ ਦੱਖਣੀ ਬੈਰੂਤ ’ਤੇ ਕੀਤੇ ਹਵਾਈ ਹਮਲੇ ਵਿਚ ਹਿਜ਼ਬੁੱਲ੍ਹਾ ਮੁਖੀ ਹਸਨ ਨਸਰੱਲ੍ਹਾ ਮਾਰਿਆ ਗਿਆ ਸੀ। ਹਿਜ਼ਬੁੱਲ੍ਹਾ ਦੇ ਕਾਰਜਕਾਰੀ ਆਗੂ ਨਈਮ ਕਾਸਿਮ ਨੇ ਹਾਲਾਂਕਿ ਲੜਾਈ ਜਾਰੀ ਰੱਖਣ ਦਾ ਵਾਅਦਾ ਕੀਤਾ ਸੀ।
ਇਜ਼ਰਾਇਲੀ ਫੌਜ ਨੇ ਕਿਹਾ ਕਿ ਉਸ ਦੇ ਸੁਰੱਖਿਆ ਬਲਾਂ ਨੇ ਅੱਧੀ ਰਾਤ ਨੂੰ ਸਰਹੱਦ ਪਾਰ ਕਰਕੇ ਹਿਜ਼ਬੁੱਲ੍ਹਾ ਦੇ ਟਿਕਾਣਿਆਂ ’ਤੇ ਧਾਵਾ ਬੋਲਿਆ। ਉਂਝ ਇਸ ਜ਼ਮੀਨੀ ਹਮਲੇ ਦੌਰਾਨ ਇਜ਼ਰਾਇਲੀ ਫੌਜਾਂ ਤੇ ਹਿਜ਼ਬੁੱਲ੍ਹਾ ਲੜਾਕਿਆਂ ਦਰਮਿਆਨ ਟਕਰਾਅ ਦੀਆਂ ਫੌਰੀ ਕੋਈ ਰਿਪੋਰਟਾਂ ਨਹੀਂ ਹਨ। ਰੀਅਰ ਐਡਮਿਰਲ ਡੈਨੀਅਲ ਹਗਾਰੀ ਨੇ ਮੰਗਲਵਾਰ ਨੂੰ ਜਾਰੀ ਵੀਡੀਓ ਬਿਆਨ ਵਿਚ ਕਿਹਾ ਕਿ ਸਲਾਮਤੀ ਦਸਤੇ ਹਿਜ਼ਬੁੱਲ੍ਹਾ ਖਿਲਾਫ਼ ਕਾਰਵਾਈ ਕਰ ਰਹੇ ਹਨ ਤਾਂ ਕਿ ਉੱਤਰ ਵਿਚ ਇਜ਼ਰਾਇਲੀ ਨਾਗਰਿਕ ਆਪਣੇ ਘਰਾਂ ’ਚ ਸੁਰੱਖਿਅਤ ਵਾਪਸੀ ਕਰ ਸਕਣ। ਹਗਾਰੀ ਨੇ ਕਿਹਾ ਕਿ ਯੂਐੱਨ ਸੁਰੱਖਿਆ ਕੌਂਸਲ ਦੇ ਜਿਸ ਮਤੇ ਨਾਲ 2006 ਵਿਚ ਪਿਛਲੀ ਇਜ਼ਰਾਈਲ-ਹਿਜ਼ਬੁੱਲ੍ਹਾ ਜੰਗ ਰੁਕੀ ਸੀ, ਉਹ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ। -ਏਪੀ

Advertisement

ਇਰਾਨ ਨੇ ਇਜ਼ਰਾਈਲ ’ਤੇ ਦਾਗ਼ੀਆਂ ਮਿਜ਼ਾਈਲਾਂ

ਯੇਰੂਸ਼ਲਮ:

ਇਜ਼ਰਾਈਲ ਦੇ ਦੱਖਣੀ ਲਿਬਨਾਨ ਵਿੱਚ ਕੀਤੇ ਜ਼ਮੀਨੀ ਹਮਲਿਆਂ ਦਾ ਮੋੜਵਾਂ ਜਵਾਬ ਦਿੰਦਿਆਂ ਇਰਾਨ ਨੇ ਕਈ ਇਜ਼ਰਾਇਲੀ ਖੇਤਰਾਂ ਵਿੱਚ ਮਿਜ਼ਾਈਲਾਂ ਦਾਗ਼ੀਆਂ ਹਨ। ਇਸ ਤੋਂ ਪਹਿਲਾਂ ਇਰਾਨ ਦੇ ਸੰਭਾਵੀ ਹਮਲਿਆਂ ਦੇ ਮੱਦੇਨਜ਼ਰ ਇਜ਼ਰਾਈਲ ਫੌਜ ਨੇ ਸਰਹੱਦ ਨੇੜੇ ਲਿਬਨਾਨ ਦੇ ਲਗਪਗ 24 ਭਾਈਚਾਰਿਆਂ ਨੂੰ ਉੱਥੋਂ ਚਲੇ ਜਾਣ ਦਾ ਆਦੇਸ਼ ਦਿੱਤਾ ਸੀ। ਇਜ਼ਰਾਇਲੀ ਫੌਜ ਨੇ ਅੱਜ ਕਿਹਾ ਕਿ ਇਰਾਨ ਨੇ ਦੇਸ਼ ’ਤੇ ਕਈ ਮਿਜ਼ਾਈਲਾਂ ਦਾਗ਼ੀਆਂ ਹਨ। ਪੂਰੇ ਦੇਸ਼ ਵਿੱਚ ਸਾਇਰਨ ਵੱਜਦਿਆਂ ਹੀ ਦੇਸ਼ ਵਾਸੀਆਂ ਨੂੰ ਸ਼ੈਲਟਰਾਂ ਵਿੱਚ ਰਹਿਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਇਜ਼ਰਾਈਲ ਤੇ ਅਮਰੀਕਾ ਨੇ ਇਰਾਨ ਦੇ ਸੰਭਾਵੀ ਹਮਲਿਆਂ ਸਬੰਧੀ ਚਿਤਾਵਨੀ ਦਿੱਤੀ ਸੀ। -ਏਪੀ

Advertisement

Advertisement