For the best experience, open
https://m.punjabitribuneonline.com
on your mobile browser.
Advertisement

ਬੇਰੂਤ ’ਚ ਇਜ਼ਰਾਈਲ ਨੇ ਹਮਾਸ ਦੇ ਸੀਨੀਅਰ ਆਗੂ ਨੂੰ ਮਾਰ ਮੁਕਾਇਆ

07:16 AM Jan 04, 2024 IST
ਬੇਰੂਤ ’ਚ ਇਜ਼ਰਾਈਲ ਨੇ ਹਮਾਸ ਦੇ ਸੀਨੀਅਰ ਆਗੂ ਨੂੰ ਮਾਰ ਮੁਕਾਇਆ
ਬੇਰੂਤ ਦੇ ਦਾਹਿਯੇ ’ਚ ਡਰੋਨ ਹਮਲੇ ਮਗਰੋਂ ਮਲਬਾ ਹਟਾਉਂਦੀਆਂ ਮਸ਼ੀਨਾਂ। -ਫੋਟੋ: ਰਾਇਟਰਜ਼
Advertisement

ਬੇਰੂਤ, 3 ਜਨਵਰੀ
ਲਬਿਨਾਨ ਦੀ ਰਾਜਧਾਨੀ ਬੇਰੂਤ ’ਚ ਇਜ਼ਰਾਈਲ ਵੱਲੋਂ ਕੀਤੇ ਗਏ ਹਮਲੇ ’ਚ ਹਮਾਸ ਦਾ ਨੰਬਰ ਦੋ ਸਿਆਸੀ ਆਗੂ ਸਾਲੇਹ ਅਰੂਰੀ ਮਾਰਿਆ ਗਿਆ। ਇਸ ਹਮਲੇ ਨਾਲ ਜੰਗ ਦਾ ਘੇਰਾ ਮੱਧ ਪੂਰਬ ਤੱਕ ਫੈਲਣ ਦਾ ਖ਼ਤਰਾ ਹੋਰ ਵਧ ਗਿਆ ਹੈ। ਸਾਲੇਹ ਹਮਾਸ ਦੇ ਫ਼ੌਜੀ ਵਿੰਗ ਦਾ ਬਾਨੀ ਵੀ ਸੀ। ਉਸ ਦੀ ਮੌਤ ਨਾਲ ਲਬਿਨਾਨ ਦੇ ਤਾਕਤਵਰ ਹਿਜ਼ਬੁੱਲਾ ਲੜਾਕੇ ਭੜਕ ਸਕਦੇ ਹਨ। ਹਿਜ਼ਬੁੱਲਾ ਆਗੂ ਸੱਯਦ ਹਸਨ ਨਸਰੱਲਾ ਨੇ ਅਹਿਦ ਲਿਆ ਹੈ ਕਿ ਲਬਿਨਾਨ ’ਚ ਇਜ਼ਰਾਈਲ ਵੱਲੋਂ ਕਿਸੇ ਵੀ ਫਲਸਤੀਨੀ ਅਧਿਕਾਰੀ ਨੂੰ ਨਿਸ਼ਾਨਾ ਬਣਾਏ ਜਾਣ ’ਤੇ ਉਸ ਦਾ ਬਦਲਾ ਲਿਆ ਜਾਵੇਗਾ। ਗਾਜ਼ਾ ’ਚ ਜੰਗ ਮਗਰੋਂ ਇਜ਼ਰਾਈਲ-ਲਬਿਨਾਨ ਸਰਹੱਦ ’ਤੇ ਤਕਰੀਬਨ ਰੋਜ਼ਾਨਾ ਦੋਵੇਂ ਪਾਸਿਆਂ ਤੋਂ ਗੋਲਾਬਾਰੀ ਜਾਰੀ ਹੈ। ਹੁਣ ਹਿਜ਼ਬੁੱਲਾ ਦੇ ਉੱਤਰੀ ਸਰਹੱਦ ’ਤੇ ਇਜ਼ਰਾਈਲ ਖ਼ਿਲਾਫ਼ ਖੁੱਲ੍ਹ ਕੇ ਸਾਹਮਣੇ ਆਉਣ ਦਾ ਖ਼ਦਸ਼ਾ ਵਧ ਗਿਆ ਹੈ। ਲਬਿਨਾਨ ਦੀ ਸਰਕਾਰੀ ਨੈਸ਼ਨਲ ਨਿਊਜ਼ ਏਜੰਸੀ ਨੇ ਕਿਹਾ ਕਿ ਇਜ਼ਰਾਇਲੀ ਡਰੋਨ ਨੇ ਬੇਰੂਤ ਦੇ ਸ਼ਾਇਤੇ ਜ਼ਿਲ੍ਹੇ ਦੇ ਮੁਸ਼ਰੱਫੀਏਹ ਦੀ ਇਕ ਇਮਾਰਤ ਦੇ ਅਪਾਰਟਮੈਂਟ ’ਚ ਸਾਲੇਹ ਨੂੰ ਨਿਸ਼ਾਨਾ ਬਣਾਇਆ। ਹਮਲੇ ’ਚ ਦੋ ਫ਼ੌਜੀ ਕਮਾਂਡਰਾਂ ਸਮੇਤ ਹਮਾਸ ਦੇ ਸੱਤ ਮੈਂਬਰ ਮਾਰੇ ਗਏ। ਉਂਜ ਇਜ਼ਰਾਇਲੀ ਫ਼ੌਜ ਦੇ ਤਰਜਮਾਨ ਰੀਅਰ ਐਡਮਿਰਲ ਡੈਨੀਅਲ ਹਗਾਰੀ ਨੇ ਅਰੂਰੀ ਦੀ ਮੌਤ ਦਾ ਸਿੱਧਾ ਜ਼ਿਕਰ ਨਹੀਂ ਕੀਤਾ ਅਤੇ ਸਿਰਫ਼ ਇੰਨਾ ਹੀ ਆਖਿਆ ਕਿ ਫ਼ੌਜ ਨੇ ਹਮਾਸ ਖ਼ਿਲਾਫ਼ ਜੰਗ ’ਤੇ ਧਿਆਨ ਕੇਂਦਰਿਤ ਕੀਤਾ ਹੋਇਆ ਹੈ ਅਤੇ ਉਹ ਕਿਸੇ ਵੀ ਸੰਭਾਵੀ ਕਾਰਵਾਈ ਲਈ ਤਿਆਰ ਹਨ। -ਏਪੀ

Advertisement

Advertisement
Advertisement
Author Image

joginder kumar

View all posts

Advertisement