For the best experience, open
https://m.punjabitribuneonline.com
on your mobile browser.
Advertisement

ਇਜ਼ਰਾਈਲ ਵੱਲੋਂ ਗਾਜ਼ਾ ’ਚ ਜ਼ਮੀਨੀ ਹਮਲੇ ਦੀ ਤਿਆਰੀ

07:00 AM Oct 13, 2023 IST
ਇਜ਼ਰਾਈਲ ਵੱਲੋਂ ਗਾਜ਼ਾ ’ਚ ਜ਼ਮੀਨੀ ਹਮਲੇ ਦੀ ਤਿਆਰੀ
ਇਜ਼ਰਾਈਲ ਦੀ ਦੱਖਣੀ ਸਰਹੱਦ ’ਤੇ ਤਾਇਨਾਤ ਟੈਂਕ ਵੱਲੋਂ ਗਾਜ਼ਾ ਪੱਟੀਵਿੱਚ ਕੀਤੀ ਜਾ ਰਹੀ ਗੋਲਾਬਾਰੀ। -ਫੋਟੋ: ਰਾਇਟਰਜ਼
Advertisement

ਯੇਰੂਸ਼ਲੱਮ, 12 ਅਕਤੂਬਰ
ਇਜ਼ਰਾਇਲੀ ਫ਼ੌਜ ਨੇ ਗਾਜ਼ਾ ’ਚ ਸੰਭਾਵੀ ਜ਼ਮੀਨੀ ਹਮਲੇ ਦੀ ਤਿਆਰੀ ਵਿੱਢ ਲਈ ਹੈ। ਉਂਜ ਇਜ਼ਰਾਇਲੀ ਫ਼ੌਜ ਮੁਤਾਬਕ ਦੇਸ਼ ਦੀ ਸਿਆਸੀ ਲੀਡਰਸ਼ਿਪ ਨੇ ਅਜੇ ਤੱਕ ਜ਼ਮੀਨੀ ਹਮਲੇ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਹੈ। ਲੈਫ਼ਟੀਨੈਂਟ ਕਰਨਲ ਰਿਚਰਡ ਹੈਚਟ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜ਼ਮੀਨੀ ਕਾਰਵਾਈ ਬਾਰੇ ਕੋਈ ਫ਼ੈਸਲਾ ਲੈਣ ਤੋਂ ਪਹਿਲਾਂ ਸੈਨਾ ਨੇ ਆਪਣੀ ਤਿਆਰੀ ਆਰੰਭ ਦਿੱਤੀ ਹੈ। ਇਜ਼ਰਾਈਲ ਨੇ 3,60,000 ਰਿਜ਼ਰਵ ਸੈਨਿਕਾਂ ਨੂੰ ਸੱਦ ਲਿਆ ਹੈ ਅਤੇ ਹਮਾਸ ਖ਼ਿਲਾਫ਼ ਜ਼ੋਰਦਾਰ ਕਾਰਵਾਈ ਦੀ ਧਮਕੀ ਦਿੱਤੀ ਹੈ। ਫ਼ੌਜ ਨੇ ਪਹਿਲਾਂ ਹੀ ਗਾਜ਼ਾ ’ਤੇ ਹਵਾਈ ਹਮਲੇ ਕਰਕੇ ਕਈ ਇਮਾਰਤਾਂ ਨੂੰ ਤਬਾਹ ਕਰ ਦਿੱਤਾ ਹੈ। ਕੌਮਾਂਤਰੀ ਸਹਾਇਤਾ ਗਰੁੱਪਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਜ਼ਰਾਈਲ ਵੱਲੋਂ ਗਾਜ਼ਾ ’ਚ ਖਾਣ-ਪੀਣ ਦੇ ਸਾਮਾਨ, ਪਾਣੀ, ਈਂਧਣ ਅਤੇ ਬਿਜਲੀ ਸਪਲਾਈ ਰੋਕੇ ਜਾਣ ਮਗਰੋਂ ਇਲਾਕੇ ’ਚ ਮੌਤਾਂ ਦੀ ਗਿਣਤੀ ਵਧ ਸਕਦੀ ਹੈ। ਗਾਜ਼ਾ ਨਿਵਾਸੀ ਬਿਜਲੀ ਸਪਲਾਈ ਠੱਪ ਹੋਣ ਅਤੇ ਰਾਤ ਹਨੇਰੇ ’ਚ ਗੁਜ਼ਾਰਨ ਮਗਰੋਂ ਵੀਰਵਾਰ ਨੂੰ ਕਰਿਆਨੇ ਦੀਆਂ ਦੁਕਾਨਾਂ ਦੇ ਬਾਹਰ ਲਾਈਨ ’ਚ ਲੱਗੇ ਦਿਖਾਈ ਦਿੱਤੇ। ਹੁਣ ਤੱਕ ਇਸ ਜੰਗ ’ਚ 2600 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਗਾਜ਼ਾ ਮਹਿਜ਼ 40 ਕਿਲੋਮੀਟਰ ਲੰਮੀ ਪੱਟੀ ਹੈ ਜਿਸ ’ਚ 23 ਲੱਖ ਲੋਕ ਰਹਿੰਦੇ ਹਨ ਅਤੇ ਜ਼ਮੀਨੀ ਕਾਰਵਾਈ ਨਾਲ ਦੋਵੇਂ ਪਾਸਿਆਂ ਵੱਲ ਮੌਤਾਂ ਦੀ ਗਿਣਤੀ ਹੋਰ ਵਧ ਸਕਦੀ ਹੈ। ਇਜ਼ਰਾਈਲ ਦੇ ਹਵਾਈ ਹਮਲਿਆਂ ਨਾਲ ਮਚੀ ਤਬਾਹੀ ਤੋਂ ਡਰੇ ਫਲਸਤੀਨੀ ਪਹਿਲਾਂ ਹੀ ਆਪਣਾ ਸਾਮਾਨ ਲੈ ਕੇ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਹਜ਼ਾਰਾਂ ਲੋਕਾਂ ਨੇ ਸੰਯੁਕਤ ਰਾਸ਼ਟਰ ਵੱਲੋਂ ਚਲਾਏ ਜਾ ਰਹੇ ਸਕੂਲਾਂ ’ਚ ਪਨਾਹ ਲਈ ਹੈ ਜਦਕਿ ਹੋਰਾਂ ਨੇ ਆਪਣੇ ਰਿਸ਼ਤੇਦਾਰਾਂ ਅਤੇਕੁਝ ਨੇ ਅਣਜਾਣ ਲੋਕਾਂ ਦੇ ਘਰਾਂ ’ਚ ਸ਼ਰਨ ਲਈ ਹੈ। ਰੈੱਡਕਰਾਸ ਦੇ ਇਕ ਸੀਨੀਅਰ ਅਧਿਕਾਰੀ ਨੇ ਚਿਤਾਵਨੀ ਦਿੱਤੀ ਕਿ ਬਿਜਲੀ ਦੀ ਕਮੀ ਨਾਲ ਹਸਪਤਾਲਾਂ ਦਾ ਪ੍ਰਬੰਧ ਢਹਿ-ਢੇਰੀ ਹੋ ਜਾਵੇਗਾ। ਰੈੱਡਕਰਾਸ ਦੇ ਖੇਤਰੀ ਡਾਇਰੈਕਟਰ ਫੈਬ੍ਰਿਜਿਓ ਕਾਰਬੋਨੀ ਨੇ ਕਿਹਾ ਕਿ ਗਾਜ਼ਾ ’ਚ ਬਿਜਲੀ ਚਲੀ ਗਈ ਹੈ, ਹਸਪਤਾਲਾਂ ’ਚ ਬਿਜਲੀ ਨਹੀਂ ਆ ਰਹੀ ਹੈ ਜਿਸ ਨਾਲ ਇਨਕਿਊਬੇਟਰ ’ਚ ਰੱਖੇ ਗਏ ਨਵਜੰਮੇ ਅਤੇ ਆਕਸੀਜਨ ਸਹਾਰੇ ਸਾਹ ਲੈ ਰਹੇ ਉਮਰਦਰਾਜ਼ ਮਰੀਜ਼ਾਂ ਦੀ ਜਾਨ ਲਈ ਖ਼ਤਰਾ ਖੜ੍ਹਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਬਿਜਲੀ ਤੋਂ ਬਿਨਾ ਹਸਪਤਾਲਾਂ ਦੇ ਮੁਰਦਾਘਰ ’ਚ ਤਬਦੀਲ ਹੋਣ ਦਾ ਖ਼ਤਰਾ ਹੈ। ਇਜ਼ਰਾਈਲ ਦੇ ਊਰਜਾ ਮੰਤਰੀ ਕਾਟਜ ਨੇ ਕਿਹਾ ਕਿ ਜਦੋਂ ਤੱਕ ਬੰਦੀਆਂ ਨੂੰ ਰਿਹਾਅ ਨਹੀਂ ਕਰ ਦਿੱਤਾ ਜਾਂਦਾ, ਉਦੋਂ ਤੱਕ ਗਾਜ਼ਾ ’ਚ ਕਿਸੇ ਵੀ ਸਾਮਾਨ ਦੀ ਸਪਲਾਈ ਨਹੀਂ ਕੀਤੀ ਜਾਵੇਗੀ। ਇਜ਼ਰਾਇਲੀ ਫ਼ੌਜ ਨੇ ਦੱਸਿਆ ਕਿ ਬੀਤੀ ਰਾਤ ਕੀਤੀ ਗਈ ਕਾਰਵਾਈ ’ਚ ਹਮਾਸ ਦੇ ਵਿਸ਼ੇਸ਼ ਬਲਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ’ਚ ਇਜ਼ਰਾਈਲ ’ਤੇ ਹਮਲੇ ਲਈ ਲੜਾਕਿਆਂ ਵੱਲੋਂ ਵਰਤੇ ਗਏ ਕਮਾਂਡ ਕੇਂਦਰ ਅਤੇ ਸੀਨੀਅਰ ਹਮਾਸ ਜਲ ਸੈਨਾ ਸੰਚਾਲਕ ਦਾ ਟਿਕਾਣਾ ਵੀ ਸ਼ਾਮਲ ਹੈ। ਮੰਨਿਆ ਜਾ ਰਿਹਾ ਹੈ ਕਿ ਉਸ ’ਚ ਹਥਿਆਰ ਰੱਖੇ ਹੋਏ ਸਨ। ਇਸਲਾਮਿਕ ਜਹਾਦ ਦਾ ਕਮਾਂਡਰ ਉੱਤਰੀ ਸ਼ਹਿਰ ਬੇਇਤ ਲਾਹੀਆ ’ਚ ਹਵਾਈ ਹਮਲੇ ਦੌਰਾਨ ਮਾਰਿਆ ਗਿਆ। ਹਮਾਸ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਜ਼ਰਾਈਲ ਫਲਸਤੀਨੀ ਨਾਗਰਿਕਾਂ ਨੂੰ ਬਿਨਾ ਚਿਤਾਵਨੀ ਨਿਸ਼ਾਨਾ ਬਣਾਏਗਾ ਤਾਂ ਉਹ ਬੰਦੀਆਂ ਦੀ ਹੱਤਿਆ ਕਰ ਦੇਵੇਗਾ। -ਏਪੀ

ਗਾਜ਼ਾ ਪੱਟੀ ਦੇ ਖਾਨ ਯੂਨਿਸਵਿੱਚ ਪਰਿਵਾਰਕ ਮੈਂਬਰਾਂ ਦੀ ਮੌਤ ’ਤੇ ਵਿਰਲਾਪ ਕਰਦਾ ਹੋਇਆ ਬੱਚਾ। -ਫੋਟੋ: ਰਾਇਟਰਜ਼

ਇਜ਼ਰਾਈਲ ਨੇ ਦਮਸ਼ਕ ਅਤੇ ਅਲੇਪੋ ’ਚ ਕੀਤੇ ਹਵਾਈ ਹਮਲੇ

ਗਾਜ਼ਾ ਪੱਟੀ ’ਚ ਇਜ਼ਰਾਇਲੀ ਹਵਾਈ ਹਮਲੇ ਮਗਰੋਂ ਤਬਾਹ ਹੋਏ ਆਪਣੇ ਘਰ ਦੇ ਬਾਹਰ ਬੈਠੇ ਹੋਏ ਫਲਸਤੀਨੀ। -ਫੋਟੋ: ਏਪੀ

ਦਮਸ਼ਕ (ਸੀਰੀਆ): ਸੀਰੀਆ ਦੀ ਰਾਜਧਾਨੀ ਦਮਸ਼ਕ ਅਤੇ ਉੱਤਰੀ ਸ਼ਹਿਰ ਅਲੇਪੋ ’ਚ ਇਜ਼ਰਾਈਲ ਨੇ ਹਵਾਈ ਹਮਲੇ ਕੀਤੇ ਹਨ। ਸੀਰੀਆ ਦੇ ਸਰਕਾਰੀ ਮੀਡੀਆ ਨੇ ਕਿਹਾ ਕਿ ਦੋਵੇਂ ਸ਼ਹਿਰਾਂ ਦੇ ਹਵਾਈ ਅੱਡਿਆਂ ’ਤੇ ਹੋਏ ਹਮਲੇ ’ਚ ਰਨਵੇਅ ਨੂੰ ਨੁਕਸਾਨ ਪਹੁੰਚਿਆ ਹੈ ਜਿਸ ਕਾਰਨ ਹਵਾਈ ਸੇਵਾ ਠੱਪ ਹੋ ਗਈ ਹੈ। ਇਕ ਫ਼ੌਜੀ ਅਧਿਕਾਰੀ ਦੇ ਹਵਾਲੇ ਨਾਲ ਖ਼ਬਰ ਏਜੰਸੀ ਸਨਾ ਨੇ ਕਿਹਾ ਕਿ ਹਮਲਿਆਂ ’ਚ ਕੋਈ ਵਿਅਕਤੀ ਜ਼ਖ਼ਮੀ ਨਹੀਂ ਹੋਇਆ ਹੈ। ਇਜ਼ਰਾਇਲੀ ਫ਼ੌਜ ਨੇ ਹਮਲੇ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ। ਇਹ ਹਮਲੇ ਉਦੋਂ ਹੋਏ ਹਨ ਜਦੋਂ ਇਰਾਨ ਦੇ ਵਿਦੇਸ਼ ਮੰਤਰੀ ਨੇ ਇਕ ਦਿਨ ਬਾਅਦ ਸੀਰੀਆ ਦੇ ਦੌਰੇ ’ਤੇ ਆਉਣਾ ਹੈ ਜਿਥੇ ਉਨ੍ਹਾਂ ਵੱਲੋਂ ਖ਼ਿੱਤੇ ਦੇ ਤਣਾਅਪੂਰਨ ਹਾਲਾਤ ਬਾਰੇ ਆਗੂਆਂ ਨਾਲ ਚਰਚਾ ਕੀਤੀ ਜਾ ਸਕਦੀ ਹੈ। ਇਜ਼ਰਾਈਲ ਵੱਲੋਂ ਇਰਾਨ ਤੋਂ ਦਹਿਸ਼ਤੀ ਗੁੱਟਾਂ ਨੂੰ ਹੁੰਦੀ ਹਥਿਆਰਾਂ ਦੀ ਸਪਲਾਈ ਰੋਕਣ ਲਈ ਹਵਾਈ ਅੱਡਿਆਂ ਅਤੇ ਬੰਦਰਗਾਹਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ। -ਏਪੀ

Advertisement

ਇਸਲਾਮਿਕ ਸਹਿਯੋਗ ਸੰਗਠਨ ਵੱਲੋਂ ਇਜ਼ਰਾਇਲੀ ਕਾਰਵਾਈ ਦੀ ਨਿਖੇਧੀ

ਪੱਛਮੀ ਕੰਢੇ ’ਚ ਨੈਬਲਸ ਨੇੜੇ ਚਾਰ ਫਲਸਤੀਨੀਆਂ ਦੀ ਮੌਤ ’ਤੇ ਵਿਰਲਾਪ ਕਰਦੀ ਹੋਈ ਮਹਿਲਾ। -ਫੋਟੋ: ਰਾਇਟਰਜ਼

ਜੇਦਾਹ: 57 ਮੁਲਕਾਂ ਵਾਲੇ ਇਸਲਾਮਿਕ ਸਹਿਯੋਗ ਸੰਗਠਨ (ਓਆਈਸੀ) ਨੇ ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ’ਚ ਫਲਸਤੀਨੀ ਲੋਕਾਂ ਖ਼ਿਲਾਫ਼ ਕੀਤੀ ਜਾ ਰਹੀ ਫ਼ੌਜੀ ਕਾਰਵਾਈ ਦੀ ਤਿੱਖੇ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਓਆਈਸੀ ਨੇ ਇਕ ਬਿਆਨ ’ਚ ਕਿਹਾ ਕਿ ਫਲਸਤੀਨੀ ਲੋਕਾਂ ਖ਼ਿਲਾਫ਼ ਵਹਿਸ਼ੀਆਨਾ ਕਾਰਵਾਈ ਕੌਮਾਂਤਰੀ ਅਤੇ ਮਾਨਵੀ ਕਾਨੂੰਨਾਂ ਦੀ ਉਲੰਘਣਾ ਹੈ ਅਤੇ ਇਹ ਜੰਗੀ ਅਪਰਾਧ ਹੈ। ਉਨ੍ਹਾਂ ਔਰਤਾਂ ਅਤੇ ਬੱਚਿਆਂ ਦੀ ਹੱਤਿਆ ਤੇ ਇਮਾਰਤਾਂ ਦੀ ਤਬਾਹੀ ਦਾ ਹਵਾਲਾ ਵੀ ਦਿੱਤਾ। ਓਆਈਸੀ ਨੇ ਇਸ ਕਾਰਵਾਈ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ। -ਏਪੀ

ਇਜ਼ਰਾਈਲ ਤੋਂ ਵਿਸ਼ੇਸ਼ ਉਡਾਣ ਰਾਹੀਂ ਅੱਜ ਪਰਤਣਗੇ 230 ਭਾਰਤੀ

ਨਵੀਂ ਦਿੱਲੀ: ‘ਆਪਰੇਸ਼ਨ ਅਜੇਯ’ ਤਹਿਤ ਕਰੀਬ 230 ਭਾਰਤੀਆਂ ਨੂੰ ਇਕ ਵਿਸ਼ੇਸ਼ ਜਹਾਜ਼ (ਚਾਰਟਰਡ ਉਡਾਣ) ਰਾਹੀਂ ਸ਼ੁੱਕਰਵਾਰ ਨੂੰ ਇਜ਼ਰਾਈਲ ਤੋਂ ਵਾਪਸ ਲਿਆਂਦਾ ਜਾ ਰਿਹਾ ਹੈ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਭਾਰਤ ਨੇ ਇਹ ਮੁਹਿੰਮ ਉਨ੍ਹਾਂ ਭਾਰਤੀਆਂ ਦੀ ਵਾਪਸੀ ਯਕੀਨੀ ਬਣਾਉਣ ਲਈ ਸ਼ੁਰੂ ਕੀਤੀ ਹੈ ਜੋ ਵਤਨ ਪਰਤਣਾ ਚਾਹੁੰਦੇ ਹਨ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਚਾਰਟਰਡ ਉਡਾਣ ਅੱਜ ਸ਼ਾਮਲ ਤਲ ਅਵੀਵ ਪਹੁੰਚਣ ਦੀ ਉਮੀਦ ਹੈ ਅਤੇ ਇਹ ਕਰੀਬ 230 ਭਾਰਤੀਆਂ ਦਾ ਪਹਿਲਾ ਬੈਚ ਸ਼ੁੱਕਰਵਾਰ ਨੂੰ ਮੁਲਕ ਲਿਆਏਗੀ। ਉਨ੍ਹਾਂ ਕਿਹਾ,‘‘ਅਸੀਂ ਹਾਲਾਤ ’ਤੇ ਨੇੜਿਉਂ ਨਜ਼ਰ ਰੱਖ ਰਹੇ ਹਾਂ। ਹਮਾਸ ਵੱਲੋਂ ਇਜ਼ਰਾਇਲੀ ਸ਼ਹਿਰਾਂ ’ਤੇ ਕੀਤੇ ਗਏ ਹਮਲੇ ਨੂੰ ਭਾਰਤ ਦਹਿਸ਼ਤੀ ਕਾਰਵਾਈ ਮੰਨਦਾ ਹੈ।’’ ਫਲਸਤੀਨ ਦੇ ਮੁੱਦੇ ’ਤੇ ਭਾਰਤ ਦੇ ਰੁਖ ਸਬੰਧੀ ਇਕ ਸਵਾਲ ’ਤੇ ਉਨ੍ਹਾਂ ਕਿਹਾ ਕਿ ਨਵੀਂ ਦਿੱਲੀ ਨੇ ਇਜ਼ਰਾਈਲ ਨਾਲ ਸ਼ਾਂਤਮਈ ਸਹਿ-ਹੋਂਦ ਵਾਲੇ ਇਕ ਖੁਦਮੁਖਤਿਆਰ, ਆਜ਼ਾਦ ਅਤੇ ਵਿਹਾਰਕ ਫਲਸਤੀਨ ਮੁਲਕ ਦੀ ਸਥਾਪਨਾ ਲਈ ਸਿੱਧੀ ਵਾਰਤਾ ਮੁੜ ਤੋਂ ਸ਼ੁਰੂ ਕਰਨ ਦੀ ਹਮੇਸ਼ਾ ਵਕਾਲਤ ਕੀਤੀ ਹੈ। -ਪੀਟੀਆਈ

ਬਲਿੰਕਨ ਨੇ ਇਜ਼ਰਾਈਲ ਨੂੰ ਅਮਰੀਕੀ ਹਮਾਇਤ ਦੁਹਰਾਈ

ਯੇਰੂਸ਼ਲੱਮ: ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਨਿ ਨੇਤਨਯਾਹੂ ਨੇ ਕਿਹਾ ਕਿ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦਾ ਉਨ੍ਹਾਂ ਦੇ ਮੁਲਕ ਆਉਣਾ ‘ਇਜ਼ਰਾਈਲ ਪ੍ਰਤੀ ਅਮਰੀਕਾ ਦੀ ਪੂਰੀ ਤਰ੍ਹਾਂ ਹਮਾਇਤ ਦੀ ਮਜ਼ਬੂਤ ਮਿਸਾਲ ਹੈ।’ ਬਲਿੰਕਨ ਨਾਲ ਮੁਲਾਕਾਤ ਦੌਰਾਨ ਨੇਤਨਯਾਹੂ ਨੇ ਇਜ਼ਰਾਈਲ ’ਤੇ ਹਮਲਾ ਕਰਨ ਵਾਲੇ ਹਮਾਸ ਦੀ ਤੁਲਨਾ ਅਤਿਵਾਦੀ ਜਥੇਬੰਦੀ ਇਸਲਾਮਿਕ ਸਟੇਟ ਨਾਲ ਕੀਤੀ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸਲਾਮਿਕ ਸਟੇਟ ਵਾਂਗ ਹਮਾਸ ਨੂੰ ਵੀ ਕੁਚਲ ਦਿੱਤਾ ਜਾਵੇਗਾ। ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨੇ ਇਜ਼ਰਾਈਲ ਪ੍ਰਤੀ ਅਮਰੀਕਾ ਦੀ ਹਮਾਇਤ ਮੁੜ ਦੁਹਰਾਈ। ਉਨ੍ਹਾਂ ਕਿਹਾ,‘‘ਮੈਂ ਇਹ ਸੁਨੇਹਾ ਲੈ ਕੇ ਆਇਆ ਹਾਂ ਕਿ ਤੁਸੀਂ ਖੁਦ ਇੰਨੇ ਤਾਕਤਵਰ ਹੋ ਸਕਦੇ ਹੋ ਕਿ ਆਪਣੀ ਰੱਖਿਆ ਖੁਦ ਕਰਨ ਦੇ ਸਮਰੱਥ ਹੋਵੋ ਪਰ ਜਦੋਂ ਤੱਕ ਅਮਰੀਕਾ ਹੈ, ਤੁਹਾਨੂੰ ਇਸ ਦੀ ਲੋੜ ਨਹੀਂ ਪਵੇਗੀ।’’ ਬਲਿੰਕਨ ਫਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਤੇ ਜੌਰਡਨ ਦੇ ਸ਼ਾਹ ਅਬਦੁੱਲਾ-2 ਨਾਲ ਭਲਕੇ ਅਮਾਨ ’ਚ ਮੁਲਾਕਾਤ ਕਰਨਗੇ। -ਏਪੀ

Advertisement
Author Image

sukhwinder singh

View all posts

Advertisement
×