ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਜ਼ਰਾਈਲ-ਇਰਾਨ ਟਕਰਾਅ, 230 ਤੋਂ ਵਧ ਮੌਤਾਂ; ਤਹਿਰਾਨ ਵੱਲੋਂ ਗੋਲੀਬੰਦੀ ਦੀ ਪੇਸ਼ਕਸ਼ ਰੱਦ

10:28 AM Jun 16, 2025 IST
featuredImage featuredImage
ਇਰਾਨ ਵੱਲੋਂ ਕੀਤੇ ਹਮਲੇ ਵਿਚ ਇਜ਼ਰਾਈਲ ਦੇ ਬਾਤ ਯਾਮ ਸ਼ਹਿਰ ਵਿਚ ਨੁਕਸਾਨੀਆਂ ਰਿਹਾਇਸ਼ੀ ਇਮਾਰਤਾਂ। ਫੋਟੋ: ਰਾਇਟਰਜ਼

ਦੁਬਈ, 16 ਜੂਨ

Advertisement

Israel Iran conflict ਇਜ਼ਰਾਈਲ ਤੇ ਇਰਾਨ ਦਰਮਿਆਨ ਟਕਰਾਅ ਤੀਜੇ ਦਿਨ ਵੀ ਜਾਰੀ ਰਿਹਾ। ਜੰਗ ਰੋਕਣ ਲਈ ਦਿੱਤੇ ਸੱਦੇ ਦੇ ਬਾਵਜੂਦ ਦੋਵਾਂ ਮੁਲਕਾਂ ਨੇ ਇਕ ਦੂਜੇ ਉੱਤੇ ਮਿਜ਼ਾਈਲ ਹਮਲੇ ਕੀਤੇ ਤੇ ਕੋਈ ਵੀ ਪਿੱਛੇ ਹਟਣ ਲਈ ਤਿਆਰ ਨਹੀਂ ਹੈ। ਇਰਾਨ ਨੇ ਕਿਹਾ ਕਿ ਇਜ਼ਰਾਈਲ ਨੇ ਉਸ ਦੀਆਂ ਤੇਲ ਰਿਫਾਇਨਰੀਆਂ ’ਤੇ ਹਮਲਾ ਕੀਤਾ, ਉਸ ਦੇ ਨੀਮ ਫੌਜੀ ਰੈਵੋਲਿਊਸ਼ਨਰੀ ਗਾਰਡ ਦੇ ਖੁਫੀਆ ਮੁਖੀ ਅਤੇ ਦੋ ਹੋਰ ਜਰਨੈਲਾਂ ਨੂੰ ਮਾਰ ਦਿੱਤਾ ਅਤੇ ਹਵਾਈ ਹਮਲਿਆਂ ਨਾਲ ਵਸੋਂ ਵਾਲੇ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ। ਇਜ਼ਰਾਈਲ ਵੱਲੋਂ ਸ਼ੁੱਕਰਵਾਰ ਤੋਂ ਸ਼ੁਰੂ ਕੀਤੇ ਹਮਲਿਆਂ ਵਿਚ ਹੁਣ ਤੱਕ 224 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਮਲਿਆਂ ਵਿਚ ਜ਼ਖ਼ਮੀ ਹੋਏ ਫੌਜੀ ਅਧਿਕਾਰੀਆਂ ਅਤੇ ਨਾਗਰਿਕਾਂ ਦੀ ਗਿਣਤੀ 1,277 ਦੇ ਕਰੀਬ ਹੈ।

ਇਜ਼ਰਾਈਲ, ਜਿਸ ਨੇ ਇਰਾਨ ਦੇ ਤੇਜ਼ੀ ਨਾਲ ਵਧਣੇ ਪ੍ਰਮਾਣੂ ਪ੍ਰੋਗਰਾਮ ਤੇ ਫੌਜੀ ਲੀਡਰਸ਼ਿਪ ’ਤੇ ਆਪਣੀਆਂ ਮਿਜ਼ਾਈਲਾਂ ਦਾਗੀਆਂ ਹਨ, ਨੇ ਕਿਹਾ ਕਿ ਇਰਾਨ ਨੇ ਸ਼ੁੱਕਰਵਾਰ ਨੂੰ 270 ਤੋਂ ਵੱਧ ਮਿਜ਼ਾਈਲਾਂ ਦਾਗ਼ੀਆਂ। ਇਨ੍ਹਾਂ ਵਿਚੋਂ 22 ਦੇਸ਼ ਦੀ ਅਤਿਆਧੁਨਿਕ ਬਹੁਪਰਤੀ ਹਵਾਈ ਸੁਰੱਖਿਆ ਵਿਚ ਸੰਨ੍ਹ ਲਾ ਕੇ ਰਿਹਾਇਸ਼ੀ ਉਪ ਨਗਰਾਂ ਵਿਚ ਤਬਾਹੀ ਮਚਾਉਣ ਵਾਲੀਆਂ ਮਿਜ਼ਾਈਲਾਂ ਸਨ। ਇਨ੍ਹਾਂ ਹਮਲਿਆਂ ਵਿਚ 14 ਵਿਅਕਤੀ ਮਾਰੇ ਗਏ ਤੇ 340 ਹੋਰ ਜ਼ਖ਼ਮੀ ਹਨ।

Advertisement

ਇਜ਼ਰਾਈਲ ਇਸ ਜੰਗ ਵਿਚ ਕਿਸ ਹੱਦ ਤੱਕ ਜਾ ਸਕਦਾ ਹੈ, ਉਸ ਦਾ ਸੰਕੇਤ ਇਸ ਗੱਲ ਤੋਂ ਮਿਲਦਾ ਹੈ ਕਿ ਇੱਕ ਅਮਰੀਕੀ ਅਧਿਕਾਰੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਦੇ ਸੁਪਰੀਮ ਲੀਡਰ ਆਇਤੁੱਲਾ ਅਲੀ ਖਮੇਨੀ ਨੂੰ ਮਾਰਨ ਦੀ ਇਜ਼ਰਾਇਲੀ ਯੋਜਨਾ ਨੂੰ ਰੱਦ ਕਰ ਦਿੱਤਾ। ਖਮੇਨੀ ਇਰਾਨ ਦਾ ਸੁਪਰੀਮ ਆਗੂ ਹੈ, ਜਿਸ ਕੋਲ ਸਾਰੀਆਂ ਪ੍ਰਮੁੱਖ ਨੀਤੀਆਂ ’ਤੇ ਅੰਤਿਮ ਫੈਸਲਾ ਲੈਣ ਦਾ ਅਧਿਕਾਰ ਹੈ। ਉਹ ਹਥਿਆਰਬੰਦ ਸੈਨਾਵਾਂ ਦੇ ਕਮਾਂਡਰ-ਇਨ-ਚੀਫ਼ ਵਜੋਂ ਸੇਵਾ ਨਿਭਾਉਂਦਾ ਹੈ ਅਤੇ ਉਸ ਕੋਲ ਸ਼ਕਤੀਸ਼ਾਲੀ ਰੈਵੋਲਿਊਸ਼ਨਰੀ ਗਾਰਡ ਦਾ ਕੰਟਰੋਲ ਹੈ।
ਇਜ਼ਰਾਈਲ, ਜੋ ਮੱਧ ਪੂਰਬ ਦਾ ਇਕਲੌਤਾ, ਪਰ ਅਣਐਲਾਨਿਆ ਪ੍ਰਮਾਣੂ ਹਥਿਆਰਬੰਦ ਦੇਸ਼ ਹੈ, ਨੇ ਕਿਹਾ ਹੈ ਕਿ ਇਹ ਹਮਲਾ ਇਰਾਨ ਨੂੰ ਪ੍ਰਮਾਣੂ ਹਥਿਆਰ ਵਿਕਸਤ ਕਰਨ ਤੋਂ ਰੋਕਣ ਲਈ ਸੀ। ਤਹਿਰਾਨ ਦੇ ਪ੍ਰਮਾਣੂ ਪ੍ਰੋਗਰਾਮ ਦੇ ਭਵਿੱਖ ਬਾਰੇ ਅਮਰੀਕਾ ਤੇ ਇਰਾਨ ਵਿਚਾਲੇ ਗੱਲਬਾਤ ਦਾ ਨਵੀਨਤਮ ਦੌਰ ਐਤਵਾਰ ਨੂੰ ਓਮਾਨ ਵਿੱਚ ਤੈਅ ਕੀਤਾ ਗਿਆ ਸੀ, ਪਰ ਇਜ਼ਰਾਇਲੀ ਹਮਲੇ ਤੋਂ ਬਾਅਦ ਇਸ ਨੂੰ ਰੱਦ ਕਰ ਦਿੱਤਾ ਗਿਆ।

ਇਰਾਨ ਨੇ ਮੈਟਰੋ ਸਟੇਸ਼ਨਾਂ ਤੇ ਮਸਜਿਦਾਂ ਨੂੰ ਹਮਲਿਆਂ ਤੋਂ ਬਚਾਅ ਲਈ ਸ਼ੈਲਟਰਾਂ ਵਿੱਚ ਤਬਦੀਲ ਕਰ ਦਿੱਤਾ ਹੈ। ਇਜ਼ਰਾਈਲ ਨੇ ਕਿਹਾ ਕਿ ਉਸ ਨੇ ਐਤਵਾਰ ਨੂੰ ਕੀਤੇ ਹਮਲਿਆਂ ਇਰਾਨ ਦੇ ਰੱਖਿਆ ਮੰਤਰਾਲੇ, ਮਿਜ਼ਾਈਲ-ਲਾਂਚ ਸਾਈਟਾਂ ਅਤੇ ਹਵਾਈ-ਰੱਖਿਆ ਦੇ ਹਿੱਸੇ ਬਣਾਉਣ ਵਾਲੀਆਂ ਫੈਕਟਰੀਆਂ ਨੂੰ ਨਿਸ਼ਾਨਾ ਬਣਾਇਆ। ਇਰਾਨ ਨੇ ਇਹ ਵੀ ਮੰਨਿਆ ਕਿ ਇਜ਼ਰਾਈਲ ਨੇ ਰੈਵੋਲਿਊਸ਼ਨਰੀ ਗਾਰਡ ਇੰਟੈਲੀਜੈਂਸ ਮੁਖੀ ਜਨਰਲ ਮੁਹੰਮਦ ਕਾਜ਼ਮੀ ਸਮੇਤ ਚੋਟੀ ਦੇ ਹੋਰ ਜਰਨੈਲਾਂ ਨੂੰ ਮਾਰ ਦਿੱਤਾ ਹੈ।

ਇਰਾਨ ਦੇ ਉਪ ਵਿਦੇਸ਼ ਮੰਤਰੀ ਸਈਦ ਖਾਤਿਬਜ਼ਾਦੇਹ ਤੇ ਹੋਰ ਇਰਾਨੀ ਡਿਪਲੋਮੈਟਾਂ ਨੇ ਵਿਦੇਸ਼ ਮੰਤਰਾਲੇ ਦੇ ਦਫ਼ਤਰਾਂ ਤੇ ਲਾਇਬਰੇਰੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਗੋਲੀਬਾਰੀ ਵਿਚ ਤਬਾਹ ਹੋ ਗਈਆਂ ਹਨ। ਇਰਾਨ ਦੇ ਸਰਕਾਰੀ ਟੀਵੀ ਨੇ ਤਹਿਰਾਨ ਵਿੱਚ ਇਜ਼ਰਾਇਲੀ ਮਿਜ਼ਾਈਲਾਂ ਨਾਲ ਖੰਡਰ ਬਣੀਆਂ ਰਿਹਾਇਸ਼ੀ ਇਮਾਰਤਾਂ ਦੀ ਫੁਟੇਜ ਪ੍ਰਸਾਰਿਤ ਕੀਤੀ ਹੈ, ਜਿਸ ਵਿਚ ਧੂੜ ਤੇ ਖੂਨ ਵਿਚ ਸਨੇ ਬੱਚਿਆਂ ਨੂੰ ਚੁੱਕਦੇ ਹੋਏ ਪੁਰਸ਼ ਅਤੇ ਔਰਤ ਦਿਖਾਈ ਦੇ ਰਹੀਆਂ ਹਨ। ਇਰਾਨੀ ਸਿਹਤ ਮੰਤਰਾਲੇ ਦੇ ਬੁਲਾਰੇ ਹੁਸੈਨ ਕਰਮਨਪੁਰ ਨੇ ਕਿਹਾ ਕਿ ਐਤਵਾਰ ਤੱਕ ਮਾਰੇ ਗਏ 224 ਲੋਕਾਂ ਵਿੱਚੋਂ 90 ਫੀਸਦ ਆਮ ਲੋਕ ਹਨ।

ਵਾਸ਼ਿੰਗਟਨ ਅਧਾਰਿਤ ਹਿਊਮਨ ਰਾਈਟਸ ਐਕਟੀਵਿਸਟਸ ਨਾਂ ਦੇ ਸਮੂਹ ਨੇ ਇਜ਼ਰਾਇਲੀ ਹਮਲਿਆਂ ’ਚ ਇਰਾਨ ਵਿੱਚ ਮਰਨ ਵਾਲਿਆਂ ਦੀ ਗਿਣਤੀ ਕਿਤੇ ਵੱਧ ਦੱਸੀ ਹੈ। ਸਮੂਹ ਮੁਤਾਬਕ ਇਜ਼ਰਾਇਲੀ ਹਮਲਿਆਂ ਵਿੱਚ ਘੱਟੋ-ਘੱਟ 406 ਲੋਕ ਮਾਰੇ ਗਏ ਹਨ ਅਤੇ 654 ਹੋਰ ਜ਼ਖ਼ਮੀ ਹੋਏ ਹਨ। ਸਰਕਾਰੀ ਟੀਵੀ ਦੀ ਰਿਪੋਰਟ ਮੁਤਾਬਕ ਐਤਵਾਰ ਰਾਤ ਤੋਂ ਮੈਟਰੋ ਸਟੇਸ਼ਨਾਂ ਅਤੇ ਮਸਜਿਦਾਂ ਨੂੰ ਬੰਬ ਸ਼ੈਲਟਰਾਂ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਤਹਿਰਾਨ ਦੇ ਵਸਨੀਕਾਂ ਨੇ ਦੱਸਿਆ ਕਿ ਪਰਿਵਾਰਾਂ ਦੇ ਸ਼ਹਿਰ ਛੱਡਣ ਕਰਕੇ ਗੈਸ ਸਟੇਸ਼ਨਾਂ ’ਤੇ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ। ਟਰੈਫਿਕ ਪੁਲੀਸ ਨੇ ਭੀੜ ਨੂੰ ਕੰਟਰੋਲ ਕਰਨ ਲਈ ਸ਼ਹਿਰ ਦੇ ਬਾਹਰ ਕਈ ਸੜਕਾਂ ਬੰਦ ਕਰ ਦਿੱਤੀਆਂ। ਸਰਕਾਰੀ ਟੀਵੀ ’ਤੇ ਊਰਜਾ ਅਧਿਕਾਰੀਆਂ ਨੇ ਘਬਰਾਏ ਹੋਏ ਲੋਕਾਂ ਨੂੰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਲੰਮੀਆਂ ਲਾਈਨਾਂ ਦੇ ਬਾਵਜੂਦ ਪੈਟਰੋਲ ਦੀ ਕੋਈ ਕਮੀ ਨਹੀਂ ਹੈ। -ਏਪੀ

Advertisement
Tags :
Israel Iran conflict