ਇਜ਼ਰਾਈਲ-ਹਮਾਸ ਜੰਗ: ਗੋਲੀਬੰਦੀ ਲਈ ਵਾਰਤਾ ’ਚ ਦੇਰੀ ਦੀ ਸੰਭਾਵਨਾ
ਯੇਰੂਸ਼ਲਮ, 25 ਜੁਲਾਈ
ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗ ਖ਼ਤਮ ਕਰਾਉਣ ਅਤੇ ਪ੍ਰਸਤਾਵਿਤ ਤਿੰਨ ਪੜਾਵੀ ਗੋਲੀਬੰਦੀ ਲਈ ਵਾਰਤਾ ਵਾਸਤੇ ਮਿਸਰ, ਇਜ਼ਰਾਈਲ, ਅਮਰੀਕਾ ਅਤੇ ਕਤਰ ਦੇ ਅਧਿਕਾਰੀਆਂ ਦੇ ਦੋਹਾ ’ਚ ਜੁੜਨ ਦੀ ਸੰਭਾਵਨਾ ਹੈ। ਉਂਜ ਇਜ਼ਰਾਇਲੀ ਅਧਿਕਾਰੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਟੀਮ ਅਗਲੇ ਹਫ਼ਤੇ ਹੀ ਵਾਰਤਾ ਲਈ ਪਹੁੰਚ ਸਕੇਗੀ। ਉਧਰ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵਾਸ਼ਿੰਗਟਨ ’ਚ ਅਮਰੀਕੀ ਸੰਸਦ ਨੂੰ ਸੰਬੋਧਨ ਕੀਤਾ ਜਦਕਿ ਬਾਹਰ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਜੰਗ ਰੋਕਣ ਦੀ ਮੰਗ ਕਰਦਿਆਂ ਜ਼ੋਰਦਾਰ ਮੁਜ਼ਾਹਰਾ ਕੀਤਾ। ਹਮਾਸ ਨੇ ਨੇਤਨਯਾਹੂ ਦੇ ਭਾਸ਼ਣ ਦੀ ਨਿੰਦਾ ਕਰਦਿਆਂ ਦੋਸ਼ ਲਾਇਆ ਉਹ ਜੰਗ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ’ਚ ਅੜਿੱਕਾ ਡਾਹ ਰਹੇ ਹਨ।
ਨੇਤਨਯਾਹੂ ਨੇ ਗੋਲੀਬੰਦੀ ਦਾ ਸਮਝੌਤਾ ਹੋਣ ਦੇ ਸੰਕੇਤ ਦਿੱਤੇ ਹਨ ਪਰ ਅਮਰੀਕੀ ਸੰਸਦ ਮੈਂਬਰਾਂ ਨੂੰ ਸੰਬੋਧਨ ਦੌਰਾਨ ਉਨ੍ਹਾਂ ਆਪਣਾ ਅਹਿਦ ਦੁਹਰਾਇਆ ਕਿ ਜਦੋਂ ਤੱਕ ਮੁਕੰਮਲ ਜਿੱਤ ਹਾਸਲ ਨਹੀਂ ਕਰ ਲਈ ਜਾਂਦੀ, ਜੰਗ ਜਾਰੀ ਰਹੇਗੀ। ਇਜ਼ਰਾਇਲੀ ਬੰਦੀਆਂ ਦੇ ਛੇ ਰਿਸ਼ਤੇਦਾਰਾਂ ਨੂੰ ਨੇਤਨਯਾਹੂ ਦੇ ਭਾਸ਼ਣ ਦੌਰਾਨ ਫੜ ਲਿਆ ਗਿਆ ਸੀ ਪਰ ਬਾਅਦ ’ਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਗਾਜ਼ਾ ’ਚ ਹਮਾਸ ਵੱਲੋਂ ਬੰਦੀ ਬਣਾਏ ਗਏ ਕਾਰਮੇਲ ਗੈਟ ਦੇ ਰਿਸ਼ਤੇਦਾਰ ਜਿਲ ਡਿਕਮਾਨ ਨੇ ਕਿਹਾ ਕਿ ਨੇਤਨਯਾਹੂ ਨੇ ਆਪਣੇ 54 ਮਿੰਟ ਦੇ ਭਾਸ਼ਣ ਦੌਰਾਨ ਇਕ ਵਾਰ ਵੀ ਸਮਝੌਤੇ ਨੂੰ ਸਿਰੇ ਚਾੜ੍ਹਨ ਦੇ ਸੰਕੇਤ ਨਹੀਂ ਦਿੱਤੇ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰਾਂ ਨੇ ਨੇਤਨਯਾਹੂ ਦੇ ਭਾਸ਼ਣ ਲਈ ਉਨ੍ਹਾਂ ਨੂੰ ਸੱਦਾ ਦਿੱਤਾ ਸੀ। ਨੇਤਨਯਾਹੂ ਆਪਣੇ ਵਫ਼ਦ ਨਾਲ ਬਚਾਏ ਗਏ ਬੰਦੀ ਨੋਆ ਅਰਗਾਮਨੀ ਅਤੇ ਕਈ ਹੋਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਨਾਲ ਲਿਆਏ ਹਨ। ਇਸ ਦੌਰਾਨ ਇਜ਼ਰਾਈਲ ਨੇ ਗਾਜ਼ਾ ਦੇ ਖ਼ਾਨ ਯੂਨਿਸ ਸ਼ਹਿਰ ਤੋਂ ਪੰਜ ਬੰਦੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। -ਏਪੀ