ਇਜ਼ਰਾਈਲ ਵੱਲੋਂ ਹਿਜ਼ਬੁੱਲਾ ਮੁਖੀ ਨਸਰੱਲਾ ਨੂੰ ਮਾਰ ਮੁਕਾਉਣ ਦਾ ਦਾਅਵਾ
ਯੇਰੂਸ਼ਲਮ, 28 ਸਤੰਬਰ
Israel Confirms the Elimination of Hezbollah chief Nasrallah: ਇਜ਼ਰਾਈਲੀ ਫ਼ੌਜ ਨੇ ਸ਼ਨਿੱਚਰਵਾਰ ਨੂੰ ਦਾਅਵਾ ਕੀਤਾ ਕਿ ਇਸ ਵੱਲੋਂ ਸ਼ੁੱਕਰਵਾਰ ਰਾਤ ਲਿਬਨਾਨ ਦੀ ਰਾਜਧਾਨੀ ਬੈਰੂਤ ਵਿਚ ਮਿਥ ਕੇ ਕੀਤੇ ਗਏ ਇਕ ਭਿਆਨਕ ਹਮਲੇ ਵਿਚ ਦਹਿਸ਼ਤੀ ਜਥੇਬੰਦੀ ਹਿਜ਼ਬੁੱਲਾ ਦੇ ਮੁਖੀ ਹਸਨ ਨਸਰੱਲਾ ਦਾ ਖ਼ਾਤਮਾ ਕਰ ਦਿੱਤਾ ਗਿਆ ਹੈ। ਦਾਅਵੇ ਮੁਤਾਬਕ ਇਹ ਹਮਲਾ ਬੈਰੂਤ ਦੇ ਬਾਹਰਵਾਰ ਸਥਿਤ ਇਸ ਲਿਬਨਾਨੀ ਦਹਿਸ਼ਤੀ ਗਰੁੱਪ ਦੇ ਹੈਡਕੁਆਰਟਰ ਉਤੇ ਕੀਤਾ ਗਿਆ। ਉੱਧਰ, ਹਿਜ਼ਬੁੱਲਾ ਨੇ ਵੀ ਹਸਨ ਨਸਰੱਲਾ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ।
ਇਹ ਵੀ ਪੁਸ਼ਟੀ ਕੀਤੀ ਗਈ ਹੈ ਕਿ ਹਮਲੇ ਵਿਚ ਨਸਰੱਲਾ ਤੋਂ ਇਲਾਵਾ ਇਸ ਦੇ ਹੋਰ ਕਈ ਚੋਟੀ ਦੇ ਕਮਾਂਡਰ ਵੀ ਮਾਰੇ ਗਏ ਹਨ, ਜਿਨ੍ਹਾਂ ਵਿਚ ਅਲੀ ਕਾਰਚੀ ਵੀ ਸ਼ਾਮਲ ਹੈ, ਜੋ ਹਿਜ਼ਬੁੱਲਾ ਦੇ ਦੱਖਣੀ ਮੋਰਚੇ ਭਾਵ ਲਿਬਨਾਨ ਦੇ ਇਜ਼ਰਾਈਲ ਨਾਲ ਲੱਗਦੇ ਖੇਤਰ ਦਾ ਕਮਾਂਡਰ ਸੀ। ਇਜ਼ਰਾਈਲ ਵੱਲੋਂ ਇਹ ਹਮਲਾ ਇਜ਼ਰਾਈਲ ਹਵਾਈ ਫ਼ੌਜ ਦੇ ਜੰਗੀ ਜਹਾਜ਼ਾਂ ਦੀ ਮਦਦ ਨਾਲ ‘ਇੰਟੈਲੀਜੈਂਸ ਵਿੰਗ ਅਤੇ ਰੱਖਿਆ ਸਿਸਟਮ ਦੀ ਵੇਲੇ ਸਿਰ ਦਿੱਤੀ ਗਈ ਸੇਧ ਦੀ ਮਦਦ ਨਾਲ’ ਅੰਜਾਮ ਦਿੱਤਾ ਗਿਆ।
ਇਜ਼ਰਾਈਲ ਰੱਖਿਆ ਫ਼ੌਜਾਂ ਨੇ ਕਿਹਾ, ‘‘ਇਜ਼ਰਾਈਲੀ ਆਰਡੀਐਫ ਪੁਸ਼ਟੀ ਕਰਦੀ ਹੈ ਕਿ ਦਹਿਸ਼ਤਗੀ ਜਥੇਬੰਦੀ ਹਿਜ਼ਬੁੱਲਾ ਦਾ ਆਗੂ ਹਸਲ ਨਸਰੱਲਾ, ਜੋ ਇਸ ਦੇ ਬਾਨੀਆਂ ਵਿਚ ਵੀ ਸ਼ੁਮਾਰ ਸੀ, ਦਾ ਬੀਤੇ ਦਿਨ ਹਿਜ਼ਬੁੱਲਾ ਦੇ ਦੱਖਣੀ ਮੋਰਚੇ ਦੇ ਕਮਾਂਡਰ ਅਲੀ ਕਾਰਚੀ ਅਤੇ ਹੋਰ ਹਿਜ਼ਬੁੱਲਾ ਕਮਾਂਡਰਾਂ ਸਣੇ ਖ਼ਾਤਮਾ ਕਰ ਦਿੱਤਾ ਗਿਆ ਹੈ।’’ -ਆਈਏਐੱਨਐੱਸ