ਇਜ਼ਰਾਈਲ ਵੱਲੋਂ ਸਕੂਲ ’ਤੇ ਹਮਲਾ; ਘੱਟੋ-ਘੱਟ 30 ਹਲਾਕ
ਦੀਰ-ਅਲ-ਬਲਾਹ, 27 ਜੁਲਾਈ
ਇਜ਼ਰਾਈਲ ਵੱਲੋਂ ਅੱਜ ਕੇਂਦਰੀ ਗਾਜ਼ਾ ਪੱਟੀ ’ਚ ਸਕੂਲ ਅਤੇ ਹਸਪਤਾਲ ’ਤੇ ਹਵਾਈ ਹਮਲਾ ਕੀਤਾ ਗਿਆ ਜਿਸ ਵਿੱਚ ਘੱਟੋ-ਘੱਟ 30 ਵਿਅਕਤੀ ਮਾਰੇ ਗਏ। ਇਹ ਹਮਲਾ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਦੇਸ਼ ਵੱਲੋਂ ਪ੍ਰਸਤਾਵਿਤ ਗੋਲੀਬੰਦੀ ਵਾਸਤੇ ਗੱਲਬਾਤ ਲਈ ਕੌਮਾਂਤਰੀ ਵਿਚੋਲਿਆਂ ਨਾਲ ਮੁਲਾਕਾਤ ਦੀ ਤਿਆਰੀ ਕੀਤੀ ਜਾ ਰਹੀ ਹੈ।
ਇਜ਼ਰਾਇਲੀ ਫੌਜ ਨੇ ਕਿਹਾ ਕਿ ਦੀਰ-ਅਲ-ਬਲਾਹ ’ਚ ਲੜਕੀਆਂ ਦੇ ਸਕੂਲ ’ਚ ਪਨਾਹ ਲੈਣ ਵਾਲੇ ਘੱਟੋ-ਘੱਟ 30 ਵਿਅਕਤੀਆਂ ਨੂੰ ਹਮਲੇ ਤੋਂ ਬਾਅਦ ਅਲ ਅਕਸਾ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਫੌਜ ਨੇ ਕਿਹਾ ਕਿ ਹਮਾਸ ਦੇ ਕਮਾਂਡ ਤੇ ਕੰਟਰੋਲ ਸੈਂਟਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਦੀ ਵਰਤੋਂ ਹਥਿਆਰ ਰੱਖਣ ਅਤੇ ਹਮਲਿਆਂ ਦੀ ਯੋਜਨਾ ਬਣਾਉਣ ਲਈ ਕੀਤੀ ਜਾਂਦੀ ਸੀ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਹੋਏ ਇੱਕ ਹੋਰ ਹਮਲੇ ’ਚ 11 ਵਿਅਕਤੀ ਮਾਰੇ ਗਏ ਹਨ। ਦੀਰ-ਅਲ-ਬਲਾਹ ਦੇ ਅਲ ਅਕਸਾ ਹਸਪਤਾਲ ਨੇ ਮੌਤਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ। ਇਜ਼ਰਾਈਲ ਦੀ ਫੌਜ ਨੇ ਅੱਜ ਖ਼ਾਨ ਯੂਨਿਸ ’ਚ ਹਮਲੇ ਤੋਂ ਪਹਿਲਾਂ ਗਾਜ਼ਾ ਦੇ ਇੱਕ ਹਿੱਸੇ ਨੂੰ ਖਾਲੀ ਕਰਨ ਦਾ ਹੁਕਮ ਦਿੱਤਾ ਸੀ। ਇਹ ਹਮਲਾ ਅਮਰੀਕਾ, ਮਿਸਰ, ਕਤਰ ਅਤੇ ਇਜ਼ਰਾਈਲ ਦੇ ਅਧਿਕਾਰੀਆਂ ਦੀ ਇਟਲੀ ’ਚ ਹੋਣ ਵਾਲੀ ਮੁਲਾਕਾਤ ਅਤੇ ਬੰਧਕਾਂ ਦੀ ਰਿਹਾਈ ਤੇ ਗੋਲੀਬੰਦੀ ਸਬੰਧੀ ਚਰਚਾ ਤੋਂ ਇੱਕ ਦਿਨ ਪਹਿਲਾਂ ਹੋਇਆ ਹੈ। ਅਮਰੀਕਾ ਤੇ ਮਿਸਰ ਦੇ ਅਧਿਕਾਰੀਆਂ ਨੇ ਨਾਮ ਜ਼ਾਹਿਰ ਨਾ ਕਰਨ ਦੀ ਸ਼ਰਤ ’ਤੇ ਦੱਸਿਆ ਕਿ ਸੀਆਈਏ ਡਾਇਰੈਕਟਰ ਬਿਲ ਬਰਨਸ ਵੱਲੋਂ ਐਤਵਾਰ ਨੂੰ ਕਤਰ ਦੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਅਬਦੁਲ ਰਹਿਮਾਨ ਅਲ-ਥਾਨੀ, ਮੋੋਸਾਦ ਡਾਇਰੈਕਟਰ ਡੇਵਿਡ ਬਰਨੀਆ ਅਤੇ ਮਿਸਰ ਦੇ ਖ਼ੁਫ਼ੀਆ ਵਿਭਾਗ ਦੇ ਮੁਖੀ ਅੱਬਾਸ ਕਾਮਲ ਨਾਲ ਮੁਲਾਕਾਤ ਕਰਨ ਦੀ ਉਮੀਦ ਹੈ। -ਏਪੀ