ਇਜ਼ਰਾਈਲ ਵੱਲੋਂ ਯਮਨ ’ਚ ਹੂਤੀ ਬਾਗ਼ੀਆਂ ਦੇ ਟਿਕਾਣਿਆਂ ’ਤੇ ਹਮਲੇ, 9 ਮੌਤਾਂ
ਦੁਬਈ, 19 ਦਸੰਬਰ
ਯਮਨ ’ਚ ਹੂਤੀ ਬਾਗ਼ੀਆਂ ਦਾ ਗੜ੍ਹ ਬਣੀ ਰਾਜਧਾਨੀ ਸਨਾ ਅਤੇ ਬੰਦਰਗਾਹ ਸ਼ਹਿਰ ’ਤੇ ਅੱਜ ਤੜਕੇ ਇਜ਼ਰਾਈਲ ਵੱਲੋਂ ਕੀਤੇ ਗਏ ਹਵਾਈ ਹਮਲਿਆਂ ’ਚ 9 ਵਿਅਕਤੀਆਂ ਦੀ ਮੌਤ ਹੋ ਗਈ। ਇਜ਼ਰਾਈਲ ਵੱਲੋਂ ਹਮਲੇ ਉਸ ਸਮੇਂ ਕੀਤੇ ਗਏ ਜਦੋਂ ਹੂਤੀ ਬਾਗ਼ੀਆਂ ਨੇ ਮੱਧ ਇਜ਼ਰਾਈਲ ਨੂੰ ਨਿਸ਼ਾਨਾ ਬਣਾ ਕੇ ਇਕ ਮਿਜ਼ਾਈਲ ਦਾਗ਼ੀ ਸੀ। ਇਨ੍ਹਾਂ ਹਮਲਿਆਂ ਕਾਰਨ ਇਰਾਨ ਸਮਰਥਿਤ ਹੂਤੀ ਬਾਗ਼ੀਆਂ ਖ਼ਿਲਾਫ਼ ਇਜ਼ਰਾਈਲ ਦਾ ਸੰਘਰਸ਼ ਹੋਰ ਤੇਜ਼ ਹੋਣ ਦੇ ਆਸਾਰ ਹਨ। ਇਜ਼ਰਾਇਲੀ ਫੌਜ ਨੇ ਕਿਹਾ ਕਿ ਉਸ ਨੇ 14 ਲੜਾਕੂ ਜੈੱਟਾਂ ਦੀ ਵਰਤੋਂ ਕਰਦਿਆਂ ਦੋ ਵੱਖ ਵੱਖ ਥਾਵਾਂ ’ਤੇ ਹਮਲੇ ਕੀਤੇ। ਫੌਜ ਨੇ ਕਿਹਾ ਕਿ ਪਹਿਲਾ ਹਮਲਾ ਹੁਦੇਦਾ ਦੇ ਸਾਲਿਫ਼ ’ਚ ਬੰਦਰਗਾਹਾਂ ਅਤੇ ਲਾਲ ਸਾਗਰ ’ਚ ਰਾਸ ਈਸਾ ਤੇਲ ਟਰਮੀਨਲ ’ਤੇ ਹੂਤੀ ਦੇ ਬੁਨਿਆਦੀ ਢਾਂਚਿਆਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਇਸ ਮਗਰੋਂ ਦੂਜੇ ਹਮਲੇ ’ਚ ਸਨਾ ’ਚ ਹੂਤੀ ਬਾਗ਼ੀਆਂ ਦੇ ਬਿਜਲੀ ਨਾਲ ਸਬੰਧਤ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ। ਹੂਤੀ ਦੇ ਕੰਟਰੋਲ ਵਾਲੇ ਟੀਵੀ ਚੈਨਲ ‘ਅਲ-ਮਸੀਰਾ’ ਮੁਤਾਬਕ ਬੰਦਰਗਾਹ ਸ਼ਹਿਰ ਹੁਦੇਦਾ ’ਚ ਸੱਤ ਵਿਅਕਦੀਆਂ ਦੀ ਮੌਤ ਹੋਈ ਹੈ ਜਦਕਿ ਰਾਸ ਈਸਾ ਤੇਲ ਟਰਮੀਨਲ ’ਤੇ ਦੋ ਵਿਅਕਤੀਆਂ ਦੀ ਜਾਨ ਗਈ ਹੈ। ਹੁਦੇਦਾ ਬੰਦਰਗਾਹ ’ਤੇ ਹਮਲੇ ’ਚ ਕਈ ਹੋਰ ਲੋਕ ਜ਼ਖ਼ਮੀ ਹੋਏ ਹਨ।
ਹੱਥ ਚੁੱਕਣ ਵਾਲਿਆਂ ਦੇ ਹੱਥ ਕੱਟ ਦਿਆਂਗੇ: ਇਜ਼ਰਾਈਲ
ਇਜ਼ਰਾਇਲੀ ਰੱਖਿਆ ਮੰਤਰੀ ਇਸਰਾਈਲ ਕੈਟਜ਼ ਨੇ ਕਿਹਾ ਕਿ ਹੂਤੀ ਬਾਗ਼ੀਆਂ ਨੂੰ ਇਹ ਸਮਝ ਆ ਜਾਣਾ ਚਾਹੀਦਾ ਹੈ ਕਿ ਜੋ ਵੀ ਇਜ਼ਰਾਈਲ ਖ਼ਿਲਾਫ਼ ਹਮਲਾ ਕਰਨ ਲਈ ਆਪਣੇ ਹੱਥ ਚੁੱਕੇਗਾ, ਉਸ ਦੇ ਹੱਥ ਕੱਟ ਦਿੱਤੇ ਜਾਣਗੇ ਅਤੇ ਜੋ ਵੀ ਨੁਕਸਾਨ ਪਹੁੰਚਾਏਗਾ, ਉਸ ਨੂੰ ਸੱਤ ਗੁਣਾ ਵਧ ਨੁਕਸਾਨ ਭੁਗਤਣਾ ਪਵੇਗਾ। ਇਸ ਤੋਂ ਪਹਿਲਾਂ ਇਜ਼ਰਾਇਲੀ ਫੌਜ ਨੇ ਕਿਹਾ ਸੀ ਕਿ ਉਸ ਦੀ ਹਵਾਈ ਸੈਨਾ ਨੇ ਯਮਨ ਤੋਂ ਦਾਗ਼ੀ ਗਈ ਮਿਜ਼ਾਈਲ ਨੂੰ ਮੁਲਕ ’ਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਹਵਾ ’ਚ ਤਬਾਹ ਕਰ ਦਿੱਤਾ ਸੀ। -ਏਪੀ