ਆਈਐੱਸਆਈ ਦੀ ਸਰਪ੍ਰਸਤੀ ਵਾਲੇ ਨਸ਼ਾ ਤਸਕਰ ਗਰੋਹ ਦਾ ਪਰਦਫਾਸ਼, 85 ਕਿਲੋ ਹੈਰੋਇਨ ਸਮੇਤ ਇਕ ਕਾਬੂ
ਗੁਰਬਖ਼ਸ਼ਪੁਰੀ/ਜਗਤਾਰ ਸਿੰਘ ਲਾਂਬਾ
ਤਰਨਤਾਰਨ/ਅੰਮ੍ਰਿਤਸਰ, 16 ਮਈ
ਪੰਜਾਬ ਪੁਲੀਸ ਨੇ ਪਾਕਿਸਤਾਨ ਅਧਾਰਿਤ ਤੇ ਆਈਐੱਸਆਈ ਦੀ ਸਰਪ੍ਰਸਤੀ ਵਾਲੇ ਨਸ਼ਾ ਤਸਕਰੀ ਗਰੋਹ ਦਾ ਪਰਦਾਫਾਸ਼ ਕਰਦਿਆਂ ਇਸ ਦੇ ਇਕ ਭਾਰਤੀ ਅਪਰੇਟਰ ਨੂੰ 85 ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁਲੀਸ ਨੇ ਕਿਹਾ ਕਿ ਇਹ ਗਰੋਹ ਯੂਕੇ ਅਧਾਰਿਤ ਡਰੱਗ ਹੈਂਡਲਰ ਵੱਲੋਂ ਚਲਾਇਆ ਜਾ ਰਿਹਾ ਸੀ। ਐੱਸਐੱਸਪੀ ਅਭਿਮੰਨਿਓ ਰਾਣਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਤਸਕਰ ਦੀ ਸਨਾਖਤ ਅਮਰਜੋਤ ਸਿੰਘ ਜੋਤਾ ਵਜੋਂ ਕੀਤੀ ਗਈ ਹੈ।ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਪੁੱਛ-ਗਿੱਛ ਤੋਂ ਪਤਾ ਲੱਗਾ ਹੈ ਕਿ ਇਸ ਗਰੋਹ ਦਾ ਸਰਗਨਾ ਇੰਗਲੈਂਡ ਬੈਠਾ ਲਾਲੀ ਹੈ ਜਿਹੜਾ ਪਾਕਿਸਤਾਨ ਸਥਿਤ ਆਪਣੇ ਸਾਥੀਆਂ ਨਾਲ ਮਿਲ ਕੇ ਕੌਮਾਂਤਰੀ ਪੱਧਰ ’ਤੇ ਨਸ਼ਿਆਂ ਦਾ ਆਪਣਾ ਕਾਰੋਬਾਰ ਚਲਾ ਰਹੇ ਹਨ।
ਡੀਜੀਪੀ ਗੌਰਵ ਯਾਦਵ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਐਕਸ ’ਤੇ ਇਕ ਪੋਸਟ ਵਿਚ ਦੱਸਿਆ ਕਿ ਇਹ ਖੁਫੀਆ ਸੂਚਨਾ ’ਤੇ ਅਧਾਰਤ ਆਪਰੇਸ਼ਨ ਸੀ। ਜਿਸ ਤਹਿਤ ਤਰਨ ਤਾਰਨ ਦੀ ਪੁਲੀਸ ਨੇ ਅਮਰਜੋਤ ਸਿੰਘ ਉਰਫ ਜੋਤਾ ਸੰਧੂ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ,ਜੋ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਭਿੱਟੇਵੱਢ ਪਿੰਡ ਦਾ ਰਹਿਣ ਵਾਲਾ ਹੈ। ਉਸ ਕੋਲੋਂ 85 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਯੂਕੇ ਅਧਾਰਤ ਨਸ਼ਾ ਤਸਕਰ ਲਾਲੀ ਦੇ ਇਸ਼ਾਰੇ ’ਤੇ ਇੱਥੇ ਨਸ਼ਾ ਤਸਕਰੀ ਦਾ ਕੰਮ ਕਰ ਰਿਹਾ ਸੀ ਅਤੇ ਇਸ ਵਿੱਚ ਪਾਕਿਸਤਾਨ ਖੁਫੀਆ ਏਜੰਸੀ ਆਈਐੱਸਆਈ ਦੀ ਵੀ ਸ਼ਮੂਲੀਅਤ ਹੈ। ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਨੇ ਹਾਲ ਹੀ ਵਿੱਚ ਸਰਹੱਦ ਪਾਰੋ ਤਸਕਰੀ ਰਾਹੀਂ ਨਸ਼ੀਲੇ ਪਦਾਰਥ ਦੀ ਇਕ ਵੱਡੀ ਖੇਪ ਬਰਾਮਦ ਕੀਤੀ ਸੀ, ਜਿਸ ਨੂੰ ਅਗਾਂਹ ਵੱਖ-ਵੱਖ ਥਾਵਾਂ ਤੇ ਸਪਲਾਈ ਕੀਤਾ ਜਾਣਾ ਸੀ।
ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਇਸ ਵਿਅਕਤੀ ਕੋਲੋਂ ਪੰਜ ਕਿਲੋ ਹੈਰੋਇਨ ਬਰਾਮਦ ਹੋਈ ਸੀ ਅਤੇ ਬਾਅਦ ਵਿੱਚ ਇਸ ਦੇ ਘਰੋ ਵਾਸ਼ਿੰਗ ਮਸ਼ੀਨ ਵਿੱਚੋਂ 40 ਕਿਲੋ ਹੋਰ ਹੈਰੋਇਨ ਬਰਾਮਦ ਹੋਈ। ਇਸ ਕੋਲੋ ਕੀਤੀ ਪੁੱਛਗਿਛ ਦੇ ਅਧਾਰ ’ਤੇ ਪਿੰਡ ਸਰਾਏ ਅਮਾਨਤ ਖਾਨ ਨੇੜੇ ਰੱਖ ਸਰਾਏ ਤੋ 40 ਕਿਲੋ ਹੋਰ ਹੈਰੋਇਨ ਬਰਾਮਦ ਹੋਈ ਹੈ। ਇਸ ਵਿਅਕਤੀ ਕੋਲੋਂ ਕੁੱਲ 85 ਕਿਲੋ ਹੈਰੋਇਨ ਬਰਾਮਦ ਹੋਈ ਹੈ। ਡੀਜੀਪੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਵਧੇਰੇ ਜਾਂਚ ਜਾਰੀ ਹੈ ਅਤੇ ਇਸ ਸਬੰਧ ਵਿੱਚ ਹੋਰ ਸੰਪਰਕ ਸੂਤਰਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਨਸ਼ਿਆਂ ਖਿਲਾਫ ਚਲ ਰਹੀ ਜੰਗ ਤਹਿਤ ਇਹ ਇੱਕ ਵੱਡੀ ਪ੍ਰਾਪਤੀ ਹੈ।