ਆਈਐੱਸਸੀ: ਸਾਇੰਸ ਸਟਰੀਮ ’ਚ ਰਵਲੀਨ, ਆਰਟਸ ’ਚ ਸਬਰੀਨ, ਕਾਮਰਸ ’ਚ ਸੌਮਿਆ ਮੋਹਰੀ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 6 ਮਈ
ਦਿ ਕੌਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ (ਸੀਆਈਐੱਸਸੀਈ) ਵੱਲੋਂ ਅੱਜ ਇੰਡੀਅਨ ਸਰਟੀਫਿਕੇਟ ਫਾਰ ਸੈਕੰਡਰੀ ਐਜੂਕੇਸ਼ਨ (ਆਈਸੀਐਸਈ ਦਸਵੀਂ) ਤੇ ਇੰਡੀਅਨ ਸਕੂਲ ਸਰਟੀਫਿਕੇਟ (ਆਈਐੱਸਸੀ ਬਾਰ੍ਹਵੀਂ) ਦੇ ਨਤੀਜੇ ਐਲਾਨ ਦਿੱਤੇ ਗਏ ਹਨ ਜਿਸ ਵਿਚ ਲੜਕੀਆਂ ਨੇ ਲੜਕਿਆਂ ਨੂੰ ਪਛਾੜ ਕੇ ਬਾਜ਼ੀ ਮਾਰੀ ਹੈ। ਟਰਾਈਸਿਟੀ ਵਿਚ ਬਾਰ੍ਹਵੀਂ ਜਮਾਤ ਦੀਆਂ ਚਾਰ ਸਟਰੀਮਾਂ ਵਿੱਚੋਂ ਤਿੰਨ ਵਿੱਚ ਲੜਕੀਆਂ ਮੋਹਰੀ ਰਹੀਆਂ। ਦੂਜੇ ਪਾਸੇ ਦਸਵੀਂ ਜਮਾਤ ਵਿਚ ਲਿਟਲ ਫਲਾਵਰ ਸਕੂਲ ਪੰਚਕੂਲਾ ਤੇ ਟੈਂਡਰ ਹਾਰਟ ਸਕੂਲ ਸੈਕਟਰ-33 ਦੇ ਵਿਦਿਆਰਥੀਆਂ ਨੇ ਸਾਂਝਾ ਮੋਹਰੀ ਸਥਾਨ ਹਾਸਲ ਕੀਤਾ ਹੈ।
ਬਾਰ੍ਹਵੀਂ ਜਮਾਤ ਦੀ ਮੈਡੀਕਲ ਤੇ ਨਾਨ-ਮੈਡੀਕਲ ਸਟਰੀਮ ਵਿੱਚ ਵਾਈਪੀਐੱਸ ਸਕੂਲ ਮੁਹਾਲੀ ਦੀ ਰਵਲੀਨ ਕੌਰ ਮੈਡੀਕਲ ਵਿੱਚ 97.25 ਫੀਸਦੀ ਅੰਕ ਹਾਸਲ ਕਰ ਕੇ ਟੌਪਰ ਬਣੀ ਜਦਕਿ ਇਸੇ ਸਕੂਲ ਦੀ ਸਬਰੀਨ ਕੌਰ ਨੇ ਹਿਊਮੈਨੀਟੀਜ਼ ਵਿਚ 98.75 ਫੀਸਦੀ ਅੰਕ ਹਾਸਲ ਕਰ ਕੇ ਟੌਪ ਕੀਤਾ। ਸੇਂਟ ਜ਼ੇਵੀਅਰ ਦੀ ਸੌਮਿਆ ਓਨਿਆਲ ਨੇ ਕਾਮਰਸ ਵਿਚ 93.50 ਫੀਸਦੀ ਅੰਕਾਂ ਨਾਲ ਟੌਪ ਕੀਤਾ। ਨਾਨ-ਮੈਡੀਕਲ ਵਿਚ ਸੇਂਟ ਜ਼ੇਵੀਅਰ ਸਕੂਲ ਦੀ ਅਰੁਨਿਮਾ ਰਾਏ ਨੇ 97 ਫੀਸਦੀ ਅੰਕ ਹਾਸਲ ਕੀਤੇ। ਇਸ ਤੋਂ ਇਲਾਵਾ ਦਸਵੀਂ ਜਮਾਤ ਵਿੱਚ ਸਿਖਰਲੇ ਸਥਾਨ ’ਤੇ ਦੋ ਵਿਦਿਆਰਥੀ ਆਏ। ਪੰਚਕੂਲਾ ਦੇ ਲਿਟਲ ਫਲਾਵਰ ਸਕੂਲ ਦੇ ਨੀਵ ਗੁਪਤਾ ਤੇ ਚੰਡੀਗੜ੍ਹ ਦੇ ਟੈਂਡਰ ਹਾਰਟ ਸਕੂਲ ਸੈਕਟਰ-33 ਦੀ ਸ੍ਰਿਸ਼ਟੀ ਜੋਸ਼ੀ ਦੇ 99.2 ਅੰਕ ਆਏ। ਰਵਲੀਨ ਕੌਰ ਨੇ ਦੱਸਿਆ ਕਿ ਉਸ ਨੇ 97.25 ਫੀਸਦੀ ਅੰਕਾਂ ਨਾਲ ਮੈਡੀਕਲ ਤੇ ਨਾਨ ਮੈਡੀਕਲ ਦੋਵਾਂ ਵਿਚ ਟਰਾਈਸਿਟੀ ਵਿੱਚ ਟੌਪ ਕੀਤਾ ਹੈ। ਉਹ ਫਾਰੈਂਸਿਕ ਮਾਹਿਰ ਬਣਨਾ ਚਾਹੁੰਦੀ ਹੈ। ਉਹ ਸੰਗੀਤ ਸੁਣਨ ਦੇ ਨਾਲ ਨਾਲ ਬਹਿਸ ਮੁਕਾਬਲਿਆਂ ਵਿਚ ਵੀ ਹਿੱਸਾ ਲੈਂਦੀ ਰਹੀ ਹੈ। ਰਵਲੀਨ ਨੇ ਦੱਸਿਆ ਕਿ ਗੋਲਫ ਖੇਡਣਾ ਉਸ ਦਾ ਸ਼ੌਕ ਹੈ।
ਸੋਨ ਤਗ਼ਮਾ ਜੇਤੂ ਅਥਲੀਟ ਸ਼ਰੀਨ ਦੇ ਹਿਊਮੈਨੀਟੀਜ਼ ’ਚ 85.25 ਫੀਸਦੀ ਅੰਕ
ਭਾਰਤੀ ਦੌੜਾਕ ਸ਼ਰੀਨ ਆਹਲੂਵਾਲੀਆ ਦੇ ਹਿਊਮੈਨੀਟੀਜ਼ ਵਿਚ 85.25 ਫੀਸਦੀ ਅੰਕ ਆਏ ਹਨ। ਉਸ ਨੇ ਉਜ਼ਬੇਕਿਸਤਾਨ ਵਿੱਚ ਯੂਥ ਏਸ਼ੀਅਨ ਚੈਂਪੀਅਨਸ਼ਿਪ ਵਿਚ ਸੋਨ ਤਗ਼ਮਾ ਜਿੱਤਿਆ ਸੀ। ਸੇਂਟ ਸਟੀਫਨ ਸਕੂਲ ਦੇ ਕੌਮੀ ਖੇਡਾਂ ਵਿਚ ਹਿੱਸਾ ਲੈਣ ਵਾਲੇ ਛੇ ਵਿਦਿਆਰਥੀਆਂ ਦੇ ਦਸਵੀਂ ਜਮਾਤ ਵਿਚ 95 ਫੀਸਦੀ ਤੋਂ ਉਤੇ ਅੰਕ ਆਏ ਹਨ। ਟੈਂਡਰ ਹਾਰਟ ਸਕੂਲ ਦੀ ਰਿਧੀ ਲਖੋਟੀਆ ਨੇ ਦਸਵੀਂ ਜਮਾਤ ਵਿਚ 93.8 ਫੀਸਦੀ ਤੇ ਅੰਸ਼ਿਕਾ ਜਾਖੜ ਨੇ 70 ਫੀਸਦੀ ਅੰਕ ਹਾਸਲ ਕੀਤੇ ਹਨ। ਵਾਈਪੀਐਸ ਦੇ ਕੌਮੀ ਖਿਡਾਰੀ ਹਿਰਦੇਜੀਤ ਸਿੰਘ ਦੇ ਬਾਰ੍ਹਵੀਂ ਜਮਾਤ ਵਿਚ 95 ਫੀਸਦੀ ਅੰਕ ਆਏ ਹਨ।