ਕੀ ਚੋਣ ਕਮਿਸ਼ਨ ਭਾਜਪਾ ਦਾ ਸਹਾਇਕ ਸੰਗਠਨ ਹੈ: ਆਤਿਸ਼ੀ
ਪੀਟੀਆਈ/ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਅਪਰੈਲ
ਦਿੱਲੀ ਦੀ ਮੰਤਰੀ ਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਆਤਿਸ਼ੀ ਨੇ ਅੱਜ ਕਾਰਨ ਦੱਸੋ ਨੋਟਿਸ ਮਿਲਣ ਮਗਰੋਂ ਚੋਣ ਕਮਿਸ਼ਨ ਨੂੰ ਨਿਸ਼ਾਨੇ ’ਤੇ ਲੈਂਦਿਆਂ ਸਵਾਲ ਕੀਤਾ ਕਿ ਕੀ ਉਹ ਭਾਜਪਾ ਦਾ ‘ਸਹਾਇਕ ਸੰਗਠਨ’ ਹੈ। ਆਤਿਸ਼ੀ ਨੇ ਪੱਤਰਕਾਰ ਸੰਮੇਲਨ ’ਚ ਕਿਹਾ ਕਿ ਚੋਣ ਕਮਿਸ਼ਨ ਦੀ ਨਿਰਪੱਖਤਾ ’ਤੇ ਸਵਾਲ ਚੁੱਕੇ ਗਏ ਸਨ ਜਿਸ ਦੀ ਜ਼ਿੰਮੇਵਾਰੀ ਪੱਖਪਾਤ ਤੋਂ ਦੂਰ ਰਹਿਣਾ, ਵਿਰੋਧੀ ਪਾਰਟੀਆਂ ਨੂੰ ਬਰਾਬਰ ਮੌਕੇ ਮੁਹੱਈਆ ਕਰਨਾ ਅਤੇ ਆਜ਼ਾਦ ਤੇ ਨਿਰਪੱਖ ਚੋਣਾਂ ਕਰਾਉਣਾ ਹੈ। ਆਤਿਸ਼ੀ ਨੇ ਕਿਹਾ ਕਿ ਅੱਜ ਸਵੇਰੇ 11.15 ਵਜੇ ਇਹ ਖ਼ਬਰ ਪ੍ਰਸਾਰਿਤ ਕੀਤੀ ਗਈ ਕਿ ਉਨ੍ਹਾਂ ਨੂੰ ਚੋਣ ਕਮਿਸ਼ਨ ਨੇ ਨੋਟਿਸ ਜਾਰੀ ਕੀਤਾ ਹੈ ਜਦਕਿ ਉਨ੍ਹਾਂ ਨੂੰ ਇਹ ਈਮੇਲ ਰਾਹੀਂ 11.45 ਵਜੇ ਮਿਲਿਆ। ਉਨ੍ਹਾਂ ਕਿਹਾ, ‘ਇਸ ਦਾ ਮਤਲਬ ਹੈ ਕਿ ਚੋਣ ਕਮਿਸ਼ਨ ਦੇ ਨੋਟਿਸ ਦੀ ਖ਼ਬਰ ਪਹਿਲਾਂ ਭਾਜਪਾ ਨੇ ਮੀਡੀਆ ’ਚ ਫੈਲਾਈ ਅਤੇ ਫਿਰ ਚੋਣ ਕਮਿਸ਼ਨ ਨੇ ਨੋਟਿਸ ਦਿੱਤਾ। ਮੈਂ ਦੇਸ਼ ਦੇ ਚੋਣ ਕਮਿਸ਼ਨ ਤੋਂ ਪੁੱਛਣਾ ਚਾਹੁੰਦੀ ਹਾਂ ਕਿ ਕੀ ਤੁਸੀਂ ਭਾਜਪਾ ਦਾ ਸਹਾਇਕ ਸੰਗਠਨ ਬਣ ਗਏ ਹੋ।’