ਸਿੰਚਾਈ ਕਾਮਿਆਂ ਨੇ ਲਾਇਆ ਪੱਕਾ ਮੋਰਚਾ
ਸਰਬਜੀਤ ਸਿੰਘ ਭੰਗੂ
ਪਟਿਆਲਾ, 27 ਜੁਲਾਈ
ਜਲ ਸਰੋਤ ਵਿਭਾਗ ਦੇਵੀਗੜ੍ਹ ਮੰਡਲ (ਆਈਬੀ) ਪਟਿਆਲਾ ਵਿੱਚ ਕੰਮ ਕਰਦੇ ਬੇਲਦਾਰ ਅਤੇ ਮੇਟ ਗੇਜ ਰੀਡਰ ਆਦਿ ਪੋਸਟਾਂ ’ਤੇ ਕੰਮ ਕਰਦੇ ਕਾਮਿਆਂ ਨੂੰ ਵਿਭਾਗ ਵੱਲੋਂ ਜੂਨ ਮਹੀਨੇ ਦੀ ਤਨਖ਼ਾਹਾਂ ਨਾ ਦੇਣ ਦੇ ਰੋਸ ਬਾਰੇ ਅੱਜ ਭੜਕੇ ਮੁਲਾਜ਼ਮਾਂ ਵੱਲੋਂ ਦੇਵੀਗੜ੍ਹ ਮੰਡਲ ਦੇ ਪਟਿਆਲਾ ਸਥਿਤ ਦਫ਼ਤਰ ਅੱਗੇ ਪੱਕਾ ਮੋਰਚਾ ਲਾ ਦਿੱਤਾ। ਇਹ ਪੱਕਾ ਮੋਰਚਾ ਪੀਡਬਲਿਊਡੀ ਡੀਜ਼ਲ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਜ਼ੋਨ ਪਟਿਆਲਾ ਦੇ ਝੰਡੇ ਹੇਠ ਜਸਵੀਰ ਸਿੰਘ ਖੋਖਰ, ਅਮਰਨਾਥ, ਰਜਿੰਦਰ ਅਤੇ ਛੱਜੂ ਰਾਮ ਦੀ ਅਗਵਾਈ ਵਿੱਚ ਲਾਇਆ ਗਿਆ ਹੈ। ਇਸ ਮੌਕੇ ਪ੍ਰਧਾਨ ਜਥੇਬੰਦੀ ਦੇ ਸੂਬਾਈ ਦਰਸ਼ਨ ਸਿੰਘ ਬੇਲੂਮਾਜਰਾ, ਜ਼ੋਨ ਸੀਨੀਅਰ ਮੀਤ ਪ੍ਰਧਾਨ ਹਰਬੀਰ ਸਿੰਘ ਤੇ ਗੁਰਚਰਨ ਸਿੰਘ ਨੇ ਦੱਸਿਆ ਕਿ ਵਿਭਾਗ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਨਹੀਂ ਦਿੱਤੀਆਂ ਜਾ ਰਹੀਆਂ। ਨਿਯਮਾਂ ਨੂੰ ਤੋੜ ਕੇ ਗਲਤ ਤਰੱਕੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਤਨਖ਼ਾਹਾਂ ਤੁਰੰਤ ਜਾਰੀ ਕੀਤੀਆਂ ਜਾਣ, ਖਾਲੀ ਪੋਸਟਾਂ ਤੇ ਨਿਯਮਾਂ ਅਨੁਸਾਰ ਪ੍ਰਮੋਸ਼ਨਾਂ ਕੀਤੀਆਂ ਜਾਣ। ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਜੇ ਇਹ ਮੰਗਾਂ ਹੱਲ ਨਾ ਕੀਤੀਆਂ ਤਾਂ ਪੱਕੇ ਮੋਰਚੇ ਦੇ ਨਾਲ ਨਾਲ 6 ਅਗਸਤ ਨੂੰ ਨਿਗਰਾਨ ਇੰਜਨੀਅਰ ਬੀਐੱਮਐੱਲ ਸਰਕਲ ਪਟਿਆਲਾ ਖ਼ਿਲਾਫ਼ ਵੀ ਰੋਸ ਧਰਨਾ ਦਿੱਤਾ ਜਾਵੇਗਾ।