ਮਗਨਰੇਗਾ ਮਜ਼ਦੂਰਾਂ ਵੱਲੋਂ ਸਿੰਜਾਈ ਵਿਭਾਗ ਦਫ਼ਤਰ ਦਾ ਘਿਰਾਓ
ਮਹਿੰਦਰ ਸਿੰਘ ਰੱਤੀਆਂ
ਮੋਗਾ, 7 ਜੁਲਾਈ
ਗੰਦਗੀ ਨਾਲ ਭਰੀ ਡਰੇਨ ਦੀ ਸਫ਼ਾਈ ਕਰਵਾ ਕੇ ਸਿਰਫ਼ 27 ਰੁਪਏ ਪ੍ਰਤੀ ਦਿਨ ਦਿਹਾੜੀ ਦੇਣ ਤੋਂ ਭੜਕੇ ਮਗਨਰੇਗਾ ਮਜ਼ਦੂਰਾਂ ਨੇ ਕਥਿਤ ਆਰਥਿਕ ਸ਼ੋਸ਼ਣ ਖ਼ਿਲਾਫ਼ ਅੱਜ ਸਿੰਜਾਈ ਵਿਭਾਗ ਦਫ਼ਤਰ ਦਾ ਘਿਰਾਓ ਕਰਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਦਰਸ਼ਨ ਸਿੰਘ ਤਾਰੇ ਵਾਲਾ ਨੇ ਦੱਸਿਆ ਕਿ ਬੀਡੀਪੀਓ ਮੋਗਾ ਵੱਲੋਂ ਪਿੰਡ ਨਿਧਾਂਵਾਲਾ ਦੇ ਨਰੇਗਾ ਮਜ਼ਦੂਰਾਂ ਨੂੰ ਸਿੰਜਾਈ ਵਿਭਾਗ ਅਧੀਨ ਡਰੇਨ ਦੀ ਸਫ਼ਾਈ ਦਾ ਕੰਮ ਅਲਾਟ ਕੀਤਾ ਗਿਆ ਸੀ। ਮਜ਼ਦੂਰਾਂ ਨੇ ਗੰਦਗੀ ਨਾਲ ਭਰੀ ਡਰੇਨ ਵਿੱਚੋਂ ਘਾਹ ਫੂਸ ਕੱਢਣ ਲਈ ਕੁੰਡੀਆਂ ਵੀ ਪੱਲਿਓਂ ਖਰਚ ਕਰਕੇ ਬਣਾਈਆਂ। ਡਰੇਨ ਵਿੱਚ ਬਦਬੂ ਕਾਰਨ ਕਈ ਮਜ਼ਦੂਰ ਅਤੇ ਔਰਤਾਂ ਬਿਮਾਰ ਵੀ ਹੋ ਗਈਆਂ ਪਰ ਮਜਬੂਰੀਵੱਸ ਉਹ ਮਜ਼ਦੂਰੀ ਕਰਦੀਆਂ ਰਹੀਆਂ। ਉਨ੍ਹਾਂ ਹੈਰਾਨੀ ਪਰਗਟ ਕੀਤੀ ਕਿ ਸਿੰਜਾਈ ਵਿਭਾਗ ਵੱਲੋਂ ਮਗਨਰੇਗਾ ਕਾਮਿਆਂ ਨੂੰ ਸਿਰਫ਼ 27 ਰੁਪਏ ਪ੍ਰਤੀ ਦਿਨ ਮਜ਼ਦੂਰੀ ਦਿੱਤੀ ਹੈ। ਮਜ਼ਦੂਰ ਆਗੂ ਰਾਜ ਸਿੰਘ ਮੇਟ, ਪਰਮਜੀਤ ਕੌਰ, ਜਗਰੂਪ ਸਿੰਘ ਕਰਮਜੀਤ ਕੌਰ ਅਤੇ ਅਮਨਦੀਪ ਕੌਰ ਨੇ ਕਿਹਾ ਕਿ ਇਹ ਮਨਰੇਗਾ ਮਜ਼ਦੂਰਾਂ ਨਾਲ ਅਨਿਆਂ ਹੋ ਰਿਹਾ ਹੈ।
ਇਸ ਮੌਕੇ ਲੋਕ ਸੰਗਰਾਮ ਮੰਚ ਸੂਬਾ ਪ੍ਰਧਾਨ ਤਾਰਾ ਸਿੰਘ ਮੋਗਾ ਨੇ ਗਰੀਬ, ਮਨਰੇਗਾ ਮਜ਼ਦੂਰਾਂ ਦੇ ਹੱਕ ’ਚ ਆਵਾਜ਼ ਬੁਲੰਦ ਕਰਦੇ ਕਿਹਾ ਕਿ ਮਜ਼ਦੂਰਾਂ ਨੂੰ ਸਿਰਫ 27 ਰੁਪਏ ਪ੍ਰਤੀ ਦਿਨ ਦਿਹਾੜੀ ਦੇਣਾ ਸ਼ਰਮਨਾਕ ਗੱਲ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਮਹਿੰਗਾਈ ਹੱਦਾਂ ਪਾਰ ਚੁੱਕੀ ਹੈ, ਦੂਜੇ ਪਾਸੇ ਮਗਨਰੇਗਾ ਮਜ਼ਦੂਰਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਹ ਨਾ ਸਿਰਫ ਦਲਿਤਾਂ ਅਤੇ ਗਰੀਬਾਂ ਨਾਲ ਮਜ਼ਾਕ ਕੀਤਾ ਗਿਆ ਹੈ ਬਲਕਿ ਕਿਰਤ ਕਾਨੂੰਨ ਦੀਆਂ ਵੀ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਹੀ ਵਿਚ ਮਨਰੇਗਾ ਸਕੀਮ ਤਹਿਤ ਦਿੱਤੀ ਜਾਂਦੀ ਦਿਹਾੜੀ ਵਧਾਉਣ ਲਈ ਕੇਂਦਰੀ ਪੇਂਡੂ ਵਿਕਾਸ ਅਤੇ ਪੰਚਾਇਤ ਰਾਜ ਮੰਤਰੀ ਗਿਰੀਰਾਜ ਸਿੰਘ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਆਪਣੇ ਪੱਤਰ ਵਿੱਚ ਦਿਹਾੜੀ ਦੀ ਰਾਸ਼ੀ 341 ਰੁਪਏ ਤੋਂ ਵਧਾ ਕੇ 381 ਰੁਪਏ ਕਰਨ ਦੀ ਮੰਗ ਕੀਤੀ ਹੈ ਪਰ ਸੂਬੇ ਵਿਚ ਹਾਲੇ ਵੀ ਮਗਨਰੇਗਾ ਮਜ਼ਦੂਰਾਂ ਨਾਲ ਅਨਿਆਂ ਹੋ ਰਿਹਾ ਹੈ।
ਦੂਜੇ ਪਾਸੇ ਮਾਮਲੇ ਸਬੰਧੀ ਐੱਸਡੀਓ ਅਮਨਦੀਪ ਸਿੰਘ ਨੇ ਕਿਹਾ ਕਿ ਇਸ ਕੰਮ ਲਈ ਅਦਾਇਗੀ ਬੀਡੀਪੀਓ ਵੱਲੋਂ ਕੀਤੀ ਜਾਣੀ ਹੈ। ਸਿੰਜਾਈ ਵਿਭਾਗ ਵੱਲੋਂ ਸਿਰਫ ਕੰਮ ਦਾ ਵੇਰਵਾ ਭੇਜ ਕੇ ਮਜ਼ਦੂਰਾਂ ਦੀ ਮੰਗ ਕੀਤੀ ਜਾਂਦੀ ਹੈ।