ਹਾਈ-ਵੋਲਟੇਜ ਤਾਰਾਂ ’ਤੇ ਲੋਹੇ ਦੀ ਪੌੜੀ ਡਿੱਗੀ
ਪੱਤਰ ਪ੍ਰੇਰਕ
ਫਗਵਾੜਾ, 15 ਅਕਤੂਬਰ
ਇਥੋਂ ਦੇ ਨਿਊ ਸੂਖਚੈਨ ਨਗਰ ਵਿਖੇ ਹਾਈਵੋਲਟੇਜ ਤਾਰਾਂ ’ਤੇ ਲੋਹੇ ਦੀ ਪੌੜੀ ਡਿੱਗਣ ਕਾਰਨ ਆਲੇ ਦੁਆਲੇ ਦੇ ਲੋਕਾਂ ਦੇ ਘਰਾਂ ਦਾ ਭਾਰੀ ਨੁਕਸਾਨ ਹੋ ਗਿਆ ਹੈ ਅਤੇ ਵੱਡੇ ਦੁਖਾਂਤ ਹੋਣੋਂ ਵੀ ਬਚ ਗਿਆ। ਸੋਨੂੰ ਨੇ ਦੱਸਿਆ ਕਿ ਇਕ ਵਿਅਕਤੀ ਕੋਲੋਂ ਅਚਾਨਕ ਪੌੜੀ ਇਨ੍ਹਾਂ ਹਾਈਵੋਲਟੇਜ ਤਾਰਾਂ ਨਾਲ ਟਕਰਾਈ ਗਈ ਜਿਸ ਕਾਰਨ ਉਨ੍ਹਾਂ ਦੇ ਦੋ ਏ.ਸੀ, ਫਰਿੱਜ, ਐੱਲ.ਈ.ਡੀ., ਸਮਰਸੀਬਲ, ਲਾਈਟਾਂ ਤੇ ਬਿਜਲੀ ਦੇ ਸਵਿੱਚ ਨੁਕਸਾਨੇ ਗਏ। ਇਸ ਹਾਦਸੇ ਕਾਰਨ ਲੱਖਾਂ ਦਾ ਨੁਕਸਾਨ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਹਾਈਵੋਲਟੇਜ ਤਾਰਾਂ ਦਾ ਕਰੰਟ ਕਾਫ਼ੀ ਜ਼ਿਆਦਾ ਸੀ ਜਿਸ ਕਾਰਨ ਮੁਹੱਲੇ ’ਚ ਲੋਕਾਂ ਦਾ ਹੋਰ ਵੀ ਕਾਫ਼ੀ ਨੁਕਸਾਨ ਹੋਇਆ ਤੇ ਵੱਡੀ ਘਟਨਾ ਹੋਣੋਂ ਬਚ ਗਈ। ਘਟਨਾ ਦੀ ਸੂਚਨਾ ਮਿਲਦੇ ਫਾਇਰ ਬ੍ਰਿਗੇਡ ਤੇ ਬਿਜਲੀ ਬੋਰਡ ਦੀਆਂ ਟੀਮਾ ਪੁੱਜੀਆਂ ਤੇ ਉਨ੍ਹਾਂ ਫ਼ਾਇਰ ਸਿਲੰਡਰ ਨਾਲ ਅੱਗ ’ਤੇ ਕਾਬੂ ਪਾਇਆ। ਬਿਜਲੀ ਵਿਭਾਗ ਦੇ ਕਰਮਚਾਰੀਆਂ ਨੇ ਦੱਸਿਆ ਕਿ ਸ਼ਾਰਟ ਸਰਕਟ ਨਾਲ ਲੋਕਾਂ ਦੇ ਘਰਾ ਦੇ ਮੀਟਰ ਵੀ ਸੜ ਗਏ ਹਨ। ਉਨ੍ਹਾਂ ਦੱਸਿਆ ਕਿ ਪੌੜੀ ਸੁੱਟਣ ਵਾਲੇ ਵਿਅਕਤੀ ਖਿਲਾਫ਼ ਪੁਲੀਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ ਤੇ ਉਸ ਖਿਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।