For the best experience, open
https://m.punjabitribuneonline.com
on your mobile browser.
Advertisement

ਲੋਹੇ ਦੇ ਹੱਥ

08:40 AM Mar 07, 2024 IST
ਲੋਹੇ ਦੇ ਹੱਥ
Advertisement

ਐੱਸ. ਪ੍ਰਸ਼ੋਤਮ

Advertisement

ਨਾ ਉਹ ਜਿਨਸੀ ਸ਼ੋਸ਼ਣ ਦੀ ਪ੍ਰੇਸ਼ਾਨ ਨਿਸ਼ਾਨੀ,
ਨਾ ਉਹ ਹਾਬੜਿਆਂ ਲਈ ਮਨਭਾਉਂਦੀ ਖਪਤ ਵਸਤੂ,
ਨਾ ਉਹ ਸੱਤਾਧਾਰੀਆਂ ਤੋਂ ਗੁਜ਼ਾਰਾ ਭੱਤੇ ਲਈ ਰਣ ’ਚ ਜੂਝਦੀ ਰਾਣੀ,
ਨਾ ਉਹ ਸਵੈ-ਜੀਵਨ ਲੀਲ੍ਹਾ ਦਾ ਅੰਤ ਮੰਗਦੀ,
ਗੋਡੇ ਟੇਕਦੀ ਨਿਤਾਣੀ ਕੋਈ ਨਿਆਂਇਕ ਅਧਿਕਾਰੀ।

ਨਾ ਉਹ ਸੁੰਦਰਤਾ, ਸ਼ਾਲੀਨਤਾ, ਆਗਿਆਕਾਰੀ ਤੇ ਗੁੱਤ ਪਿੱਛੇ ਮੱਤ,
ਹੰਕਾਰੀਆਂ ਲਈ ਪ੍ਰੇਰਨਾ ਬਣਦੀਆਂ, ਇਨ੍ਹਾਂ ਦੰਭੀ ਅਖੌਤਾਂ ਦੀ ਨਾਇਕਾ।

ਨਾ ਉਹ ਕੁਆਰੇਪਣ ’ਚ ਪਿਤਾ, ਜਵਾਨੀ ’ਚ ਪਤੀ,
ਬੁਢਾਪੇ ’ਚ ਪੁੱਤਰ ਦਾ ਆਸਰਾ ਤੱਕਦੀ ਧਾਰਨਾ ਦੀ ਪਾਤਰ,
ਉਹ ਤਾਂ ਏ ਅੱਜ ਜਲ, ਥਲ, ਆਕਾਸ਼ ਲਿਆਕਤ ਦੀ ਉੱਡਣ ਪਰੀ।

ਅਨੈਤਿਕ ਸ਼ਾਸਨਤੰਤਰ ਦੇ ਨਾਸਾਂ ’ਚੋਂ ਧੂੰਆਂ ਕਢਾਉਣ ਨੂੰ,
ਸੰਭਾਲ ਲਈ ਉਸ ਮਾਈ ਭਾਗੋ ਦੀ ਵਿਰਾਸਤ।

ਮੰਥਨ ਕਰ, ਮਰਨ-ਜਿਉਣ ਦਾ ਅੰਤਰ ਛੱਡ,
ਸੰਵਿਧਾਨਕ ਤੱਤਾਂ ’ਚ ਲੋਹੇ ਦੇ ਹੱਥਾਂ ਨਾਲ, ਭਟਕਿਆਂ ਨੂੰ ਰੋਹ ਵਿਖਾਉਣ,
ਸਿੱਖਿਅਤ ਤਾਣੇ ਦੇ ਮਨ ’ਤੇ ਅੱਜ ਵੀ ਚੜ੍ਹੇ,
‘ਪੂੰਜੀਵਾਦ ’ਚ ਨਾਰੀ ਏ ਖਪਤ ਵਸਤੂ’
ਦੇ ਰੰਗਾਂ ’ਤੇ ਤੇਜ਼ਾਬੀ ਪੋਚਾ ਫੇਰਨ,
ਭੁੱਲੀਆਂ-ਭਟਕੀਆਂ ਨੂੰ ਰਾਹੇ ਪਾ ਕੇ,
ਅੰਗਾਰ ਹਿੱਕ ’ਚ ਬਾਲੀ, ਬੈਠੀਆਂ ਸਹੇਲੀਆਂ ਦੇ ਕਾਰਵਾਂ ਸੰਗ ਮਿਲ,
ਕਾਹਲੇ ਕਦਮੀਂ ਵਧ ਪਈ ਵਰਤਮਾਨ ਰਾਖਸ਼ਾਂ ਨੂੰ ਸਬਕ ਸਿਖਾਉਣ।
ਭਵਿੱਖੀ ਏਕੇ ਦੇ ਮਜੀਠ ਰੰਗ ਚਾੜ੍ਹਨ।
ਸੰਪਰਕ: 98152-71246
* * *

ਜਸ਼ਨ ਜਾਂ ਚਿੰਤਾ?

ਜਸਪ੍ਰੀਤ ਕੌਰ ਜੱਸੂ

ਆ ਗਿਆ, ਬਈ ਆ ਗਿਆ,
ਅੱਠ ਮਾਰਚ ਆ ਗਿਆ,
ਹੁਣ ਫਿਰ ਮੇਰੇ ਮਹਾਨ ਦੇਸ਼ ਅੰਦਰ
ਕੰਨ ਪਾੜਵੀਂ ਆਵਾਜ਼ ਵਿੱਚ,
ਬੇਟੀ ਪੜ੍ਹਾਓ-ਬੇਟੀ ਬਚਾਓ
ਮਹਿਲਾਵਾਂ ਨੂੰ ਸਨਮਾਨ ਦਿਓ
ਦੇ ਨਾਅਰੇ ਗੂੰਜਣਗੇ,
ਪਲ-ਛਿਣ ਲਈ ਮੁੱਠੀ ਭਰ ਔਰਤਾਂ ਨੂੰ
ਕੌਮਾਂਤਰੀ ਪੁਰਸਕਾਰਾਂ ਨਾਲ
ਸਨਮਾਨਿਤ ਕੀਤਾ ਜਾਵੇਗਾ।

ਪਰ!!!
ਮੈਂ ਇਸ ਲੋਕਤੰਤਰੀ ਮੁਲਕ ਅੰਦਰ
ਆਪਣੇ ਜਮਹੂਰੀ ਹੱਕ ਤਹਿਤ ਪੁੱਛਦੀ ਹਾਂ:
ਕੀ ਪਲ ਭਰ ਲਈ ਚੰਦ ਕੁ ਔਰਤਾਂ ਦਾ
ਸਨਮਾਨ ਕਰ ਕੇ, ਜਸ਼ਨ ਮਨਾ ਕੇ,
ਸਮੁੱਚੀ ਮਾਨਵਤਾ ਦਾ ਸਤਿਕਾਰ ਸੰਭਵ ਹੈ?
ਕੀ ਔਰਤਾਂ ਲਈ ਸਿੱਖਿਆ, ਸੁਰੱਖਿਆ ਪ੍ਰਦਾਨ ਕਰਨਾ
ਸਰਕਾਰਾਂ ਦੀ ਜ਼ਿੰਮੇਵਾਰੀ ਨਹੀਂ?
ਦੇਸ਼ ਦੀ ਰਾਜਧਾਨੀ ’ਚ ਗਣਤੰਤਰ ਦਿਵਸ ਪਰੇਡ ਮੌਕੇ
21 ਸਾਲਾ ਵਿਆਹੁਤਾ ਔਰਤ ਨੂੰ
ਸਮੂਹਿਕ ਬਲਾਤਕਾਰ ਕਰਨ ਮਗਰੋਂ
ਵਾਲ ਕੱਟਕੇ, ਮੂੰਹ ਕਾਲਾ ਕਰਕੇ,
ਨਗਨ ਅਵਸਥਾ ਵਿੱਚ ਕਿਉਂ ਘੁੰਮਾਇਆ ਜਾਂਦਾ?
‘ਕੁਝ ਖ਼ਾਸ ਬਲਾਤਕਾਰੀਆਂ’ ਦੀ ਰਿਹਾਈ ’ਤੇ
ਹਾਰ ਪਾ ਕੇ, ਢੋਲ ਵਜਾ ਕੇ
ਕਿਉਂ ਸਵਾਗਤ ਕੀਤਾ ਜਾਂਦਾ?
ਦਾਮਨੀ, ਆਸਿਫਾ, ਰਾਬੀਆ ਸੈਫ਼ੀ,
ਹਾਥਰਸ ਵਰਗੇ ਅਨੇਕਾਂ ਕਾਂਡਾਂ ਵਕਤ
ਮੇਰੇ ਮਹਾਨ ਦੇਸ਼ ਦੇ
ਅਗਵਾਨ ਖ਼ਾਮੋਸ਼ ਕਿਉਂ ਹੋ ਜਾਂਦੇ ਨੇ?
ਆਖ਼ਰ ਕਿਉਂ?
ਕਿਉਂ?
ਸੰਪਰਕ: 98555-09018
* * *

ਔਰਤ

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ

ਸਾਰੀ ਦੁਨੀਆ ਮਨਾ ਰਹੀ ਹੋਵੇਗੀ ਜਸ਼ਨ
‘ਕੌਮਾਂਤਰੀ ਨਾਰੀ ਦਿਵਸ’ ਦਾ
ਤੇ ਅਖ਼ਬਾਰਾਂ ਦੇ ਮੁੱਖ ਪੰਨਿਆਂ ’ਤੇ ਛਪੀ ਹੋਵੇਗੀ
ਚੀਥੜਿਆਂ ’ਚ ਲਿਪਟੀ ਇੱਕ ਔਰਤ ਦੀ ਤਸਵੀਰ
ਜਿਸ ਨੇ ਚੁੱਕਿਆ ਹੋਵੇਗਾ ਪਿੱਠ ’ਤੇ
ਇੱਕ ਨਿੱਕੜਾ ਜਿਹਾ ਮਾਸੂਮ ਬੱਚਾ
ਤੇ ਸਿਰ ’ਤੇ ਇੱਟਾਂ ਦਾ ਵੱਡਾ ਸਾਰਾ ਢੇਰ।
ਕੋਈ ਸਿਆਸੀ ਆਗੂ
ਜਿਸ ਨੇ ਆਪਣੀ ਪਤਨੀ ਨੂੰ
ਕਦੇ ਨਹੀਂ ਸਮਝਿਆ ਹੋਣਾ
ਆਪਣੇ ਪੈਰਾਂ ਦੀ ਜੁੱਤੀ ਤੋਂ ਵੱਧ।
ਮੰਚ ’ਤੋਂ ਉਲਾਰ ਕੇ ਬਾਹਾਂ
ਪੜ੍ਹ ਰਿਹਾ ਹੋਵੇਗਾ ਕਸੀਦੇ
‘ਨਾਰੀ ਸ਼ਕਤੀਕਰਨ’ ਦੇ।
ਤੇ ਉਧਰ ਦਹੇਜ ਦੀ ਚਿਖ਼ਾ ’ਚ ਬਲਦੀ ਕੋਈ ਨਾਰੀ
ਚੀਕ-ਚੀਕ ਕੇ ਮੰਗ ਰਹੀ ਹੋਵੇਗੀ ਇਨਸਾਫ਼
ਤੇ ਮਰੇ ਜ਼ਮੀਰ ਵਾਲਾ ਕੋਈ ਥਾਣੇਦਾਰ
ਜੇਬਾਂ ’ਚ ਤੁੰਨ ਕੇ ਨੋਟਾਂ ਦੀਆਂ ਦੱਥੀਆਂ
ਲਿਖ ਰਿਹਾ ਹੋਵੇਗਾ ਝੂਠੀ ਜਿਹੀ ਰਿਪੋਰਟ।

ਤੇ ਉਧਰ ਸਹੁਰਿਆਂ ਦੀ ਸਤਾਈ ਕੋਈ ਨਾਰੀ
ਹਸਪਤਾਲ ਦੇ ਕਿਸੇ ਹਨੇਰੇ ਕੋਨੇ ’ਚ
ਕੋਹ-ਕੋਹ ਕੇ ਮਰਵਾ ਰਹੀ ਹੋਵੇਗੀ
ਆਪਣੀ ਕੁੱਖ ’ਚ ਆਈ ਉਸ ਬਾਲੜੀ ਨੂੰ
ਜਿਸ ਦੀ ਡੋਲੀ ਦੀ ਥਾਂ ਅਰਥੀ ਤੋਰ ਕੇ
‘ਸੁਰਖ਼ਰੂ’ ਮਹਿਸੂਸ ਕਰ ਰਿਹਾ ਹੋਵੇਗਾ
ਇੱਕ ਅਖੌਤੀ ਬਾਪ।

ਕੰਬਦੇ ਹੱਥਾਂ ਤੇ ਲੜਖੜਾਉਂਦੀਆਂ ਲੱਤਾਂ ਵਾਲੀ
ਇੱਕ ਬਿਰਧ ਮਾਂ ਅੱਜ ਉਡੀਕਦੀ ਹੋਵੇਗੀ
ਉਨ੍ਹਾਂ ਜਾਨ ਤੋਂ ਪਿਆਰੇ ਪੁੱਤਰਾਂ ਨੂੰ
ਜੋ ਉਸ ਨੂੰ ਹੱਥੀਂ ਅਰਥੀ ’ਤੇ ਪਾ ਕੇ
ਸਿਵਿਆਂ ਵਿੱਚ ਫੂਕਣ ਦੀ ਥਾਂ
ਚੁੱਪਚਾਪ ਉਤਾਰ ਗਏ ਹੋਣਗੇ
ਕਿਸੇ ਬਿਰਧ ਆਸ਼ਰਮ ਦੇ ਬੂਹੇ।

ਤੇ ਇੱਕ ਖ਼ੂਬਸੂਰਤ ਜਵਾਨ ਵਿਧਵਾ
ਕਰ ਰਹੀ ਹੋਵੇਗੀ ਸੰਘਰਸ਼
ਜਿਸਮ ਦੇ ਭੁੱਖੇ ਬਘਿਆੜਾਂ ਨਾਲ
ਜੋ ਉਸ ਦੀ ਪੱਤ ਲੁੱਟਣ ਲਈ
ਸੁੱਟ ਰਹੇ ਹੋਣਗੇ ਰਾਲ੍ਹ।
ਤੇ ਕਿਸੇ ਬਦਨਾਮ ਗਲੀ ਅੰਦਰ
ਕੋਈ ਬੇਬਸ ਤੇ ਲਾਚਾਰ ਨਾਰੀ
ਵੇਚ ਰਹੀ ਹੋਵੇਗੀ ਆਪਣਾ ਜਿਸਮ
ਆਪਣੇ ਮਾਸੂਮ ਬੱਚਿਆਂ ਲਈ
ਜੋ ਭੁੱਖ ਨਾਲ ਹੋਣਗੇ ਵਿਲਕਦੇ
ਰੋਟੀ ਦੇ ਚੰਦ ਟੁਕੜਿਆਂ ਲਈ।
ਤੇ ਉਧਰ ਤੇਜ਼ਾਬ ਨਾਲ ਝੁਲਸੀ ਕੋਈ ਨਾਰੀ
ਬਿਟਰ-ਬਿਟਰ ਤੱਕਦੀ ਹੋਵੇਗੀ
ਆਪਣੇ ਲਾਚਾਰ ਮਾਪਿਆਂ ਨੂੰ
ਤੇ ਮਹਿਸੂਸ ਕਰਦੀ ਹੋਵੇਗੀ
ਆਪਣੇ ਪਲ-ਪਲ ਮੁੱਕਦੇ ਸਾਹਾਂ ਨੂੰ
ਤੇ ਉਸ ਦੇ ਸੰਗ ਜਿਊਣ-ਮਰਨ ਦੀਆਂ
ਕਸਮਾਂ ਖਾਣ ਵਾਲਾ ਉਸ ਦਾ ‘ਸੱਚਾ’ ਆਸ਼ਕ
ਕਿਸੇ ਹੋਟਲ ਜਾਂ ਰੈਸਤਰਾਂ ’ਚ ਬੈਠ ਕੇ
ਮਨਾ ਰਿਹਾ ਹੋਵੇਗਾ ‘ਜਸ਼ਨ’
ਆਪਣੀ ‘ਜ਼ਬਰਦਸਤ ਜਿੱਤ’ ਦਾ।
ਤੇ ਉਧਰ ਸੜਕ ’ਤੇ ਪੱਥਰ ਕੁੱਟਦੀ
ਕਿਸੇ ਨਾਰੀ ਦੀ ਪਿੱਠ ’ਤੇ ਲਟਕਿਆ ਬਾਲ
ਭੁੱਖ ਨਾਲ ਹੋ ਰਿਹਾ ਹੋਵੇਗਾ ਬੇਹਾਲ
ਪਰ ਠੇਕੇਦਾਰ ਦੇ ਰੋਅਬ ਤੋਂ ਡਰਦੀ ਉਹ ਮਾਂ
ਬੰਦ ਕਰਕੇ ਆਪਣੇ ਕੰਨ ਤੇ ਬੁੱਲ੍ਹ
ਕਰੀ ਜਾ ਰਹੀ ਹੋਵੇਗੀ ਕੰਮ
ਕਿਸੇ ਬੇਜਾਨ ਮਸ਼ੀਨ ਦੀ ਤਰ੍ਹਾਂ।
ਤੇ ਉਧਰ ਇੱਕ ਨਸ਼ੇੜੀ ਦੀ ਪਤਨੀ
ਬੜੀ ਹੀ ਆਸ ਨਾਲ
ਕਰ ਰਹੀ ਹੋਵੇਗੀ ਇੰਤਜ਼ਾਰ
ਉਨ੍ਹਾਂ ਹਸੀਨ ਪਲਾਂ ਦਾ
ਜਦੋਂ ਉਸ ਦਾ ਪਤੀ ਛੱਡ ਕੇ ਨਸ਼ੇ
ਤੇ ਭਰ ਦੇਵੇਗਾ ਉਸ ਦੀ ਝੋਲੀ
ਖ਼ੁਸ਼ੀਆਂ ਤੇ ਖੇੜਿਆਂ ਨਾਲ।

ਤੇ ਸਾਰਾ ਜਹਾਨ ਅੱਜ ਹੱਸ ਰਿਹਾ ਹੋਵੇਗਾ
ਇੱਕ ਖਚਰਾ ਜਿਹਾ ਹਾਸਾ
ਉਸ ਨਾਰੀ ਦੇ ‘ਸ਼ਕਤੀਕਰਣ’ ’ਤੇ
ਜੋ ਅੱਜ ਵੀ ਜਿਊਂਦੀ ਹੈ
ਆਪਣੇ ਘਰ ਅਤੇ ਬਾਹਰ ਵੱਸਦੇ
ਮਰਦਾਂ ਦੇ ਰਹਿਮੋ-ਕਰਮ ’ਤੇ
ਤੇ ਹਨੇਰਿਆਂ ਵਿੱਚ ਤਲਾਸ਼ਦੀ ਫਿਰਦੀ ਹੈ
ਆਪਣਾ ਗੁਆਚਿਆ ਸਨਮਾਨ,
ਆਪਣੀ ਸ਼ਾਨ ਤੇ ਆਪਣੀ ਪਛਾਣ।
ਸੰਪਰਕ: 97816-46008
* * *

ਬਸੰਤ ਸੁਹਾਵੀ

ਅਮਰਜੀਤ ਸਿੰਘ ਫ਼ੌਜੀ

ਜਿਨ੍ਹਾਂ ਦੇ ਸੰਗ ਯਾਰ ਵਸੇਂਦਾ
ਤਿਨਾ ਬਸੰਤ ਸੁਹਾਵੇ ਹੂ

ਖਿੜਿਆ ਦਿਸੇ ਚਾਰ ਚੁਫ਼ੇਰਾ
ਡਾਢੀ ਰੂਹ ਨਸ਼ਿਆਵੇ ਹੂ

ਰੰਗ ਬਸੰਤੀ ਚੜ੍ਹਿਆ ਪੂਰਾ
ਜਿੱਧਰ ਨਜ਼ਰ ਘੁੰਮਾਵੇ ਹੂ

ਆਸਾਂ ਦੀਆਂ ਕਰੂੰਬਲਾਂ ਫੁੱਟੀਆਂ
ਕੁਦਰਤ ਮਹਿਕਾਂ ਲਾਵੇ ਹੂ

ਮਨ ਦੇ ਪੰਛੀ ਉੱਡ ਉੱਡ ਪੈਂਦੇ
ਅੰਬਰ ਸੋਹਲੇ ਗਾਵੇ ਹੂ

ਬਿਰਹੋਂ ਪੱਤਝੜ ਚੰਦਰੀ ਡਾਢੀ
ਹੁਣ ਨਾ ਕਦੇ ਸਤਾਵੇ ਹੂ

ਦੀਨੇ ਪਿੰਡ ਦੇ ਫ਼ੌਜੀ ਵਾਂਗੂੰ
ਧਰਤੀ ਪੈਰ ਨਾ ਲਾਵੇ ਹੂ।
ਸੰਪਰਕ: 95011-27033
* * *

ਤਕਾਜ਼ਾ ਵਕਤ ਦਾ

ਬਲਰਾਜ ਸਿੰਘ ਨੰਗਲ

ਤਕਾਜ਼ਾ ਵਕਤ ਦਾ ਯਾਰੋ, ਨੁਕੀਲੀ ਧਾਰ ਬਣ ਜਾਵਾਂ।
ਦਿਲਾਂ ਦੀ ਪੀੜ ਬਣ ਜਾਵਾਂ ਜਲਣ ਦੀ ਠਾਰ ਬਣ ਜਾਵਾਂ।

ਕਿ ਵਹਿੰਦੀ ਕੂਲ੍ਹ ਬਣਕੇ ਫਿਰ, ਤਪਸ਼ ਨੂੰ ਡੀਕ ਲਾਂ ਸਾਰੀ
ਮੈਂ ਜੀਵਨ ਗੀਤ ਬਣ ਜਾਵਾਂ, ਮਰਨ ਦੀ ਹਾਰ ਬਣ ਜਾਵਾਂ।

ਥਲਾਂ ਦੀ ਰੇਤ ਹਾਂ ਨਾ ਹੀ ਕਿਸੇ ਦੇ ਰੜਕ ਜਾਂ ਨੈਣੀਂ
ਕੁਠਾਲ਼ੀ ਚਾੜ੍ਹ ਕੇ ਵੇਖੋ, ਖਰਾ ਸ਼ਿੰਗਾਰ ਬਣ ਜਾਵਾਂ।

ਨਦੀ ਦੇ ਵੇਗ ਨੂੰ ਡਕਣਾ, ਤਿਰੀ ਔਕਾਤ ਵਿੱਚ ਨਾ ਹੀ
ਹੜ੍ਹਾਂ ਦਾ ਜੋਸ਼ ਬਣਕੇ ਤੇ, ਗ਼ਜ਼ਬ ਦੀ ਖਾਰ ਬਣ ਜਾਵਾਂ।

ਅਸਾਂ ਦੇ ਰਾਹ ਦੇ ਪੈਰੀਂ, ਛੁਰੀਆਂ ਬੀਜਦਾ ਰਹਿਨੈ
ਤਿਰੇ ਸਭ ਵਾਰ ਲੈ ਸੀਨੇ, ਕਿ ਮੈਂ ਤਲਵਾਰ ਬਣ ਜਾਵਾਂ।

ਨਿਸ਼ਾਨਾ ਫੁੰਡਣਾ ਮੇਰੀ, ਨਜ਼ਰ ਦਾ ਲਕਸ਼ ਹੈ ਨੰਗਲ
ਭੱਥੇ ਦਾ ਤੀਰ ਬਣ ਜਾਵਾਂ ਧਨੁੱਖ ਦੀ ਤਾਰ ਬਣ ਜਾਵਾਂ।
ਸੰਪਰਕ: 98157-18619
* * *

ਮਾਡਰਨ ਪੰਜਾਬੀ

ਮੂਲ ਚੰਦ ਸ਼ਰਮਾ

ਅਸੀਂ ਬੱਬਰ ਸ਼ੇਰ ਪੰਜਾਬੀ ਹਾਂ,
ਸਾਡੀ ਕੋਈ ਵੀ ਜ਼ਾਤ ਨਹੀਂ ਹੈ।
ਅੱਖੀਆਂ ’ਚੋਂ ਲਹੂ ਤਾਂ ਚੋ ਸਕਦੈ,
ਪਰ ਹੰਝੂਆਂ ਦੀ ਬਰਸਾਤ ਨਹੀਂ ਹੈ।
ਜੇ ਸਾਡੀ ਕਿਤੇ ਜ਼ਮੀਰ ਵਿਕੇ ਨਾ,
ਜੇ ਮਨ ਵਿੱਚ ਨਾ ਲਾਲਚ ਆਵੇ;
ਸਾਨੂੰ ਕਿਸੇ ਤਰ੍ਹਾਂ ਹੋਰ ਹਰਾਉਣਾ,
ਵੈਰੀ ਦੀ ਔਕਾਤ ਨਹੀਂ ਹੈ।
ਸੰਪਰਕ: 99148-36037
* * *

ਇਹ ਕੇਹੀ ਦੇਸ਼ ਭਗਤੀ ਹੈ

ਜਸਵੰਤ ਗਿੱਲ ਸਮਾਲਸਰ

ਸੱਚ ਲਿਖਦੀਆਂ ਕਲਮਾਂ ’ਤੇ
ਲਾ ਦਿਓ ਇਲਜ਼ਾਮ ਦੇਸ਼ਧ੍ਰੋਹ ਦਾ
ਕਿਸਾਨਾਂ ਨੂੰ ਲਿਖ ਦੇਵੋ ਅਤਿਵਾਦੀ
ਮਜ਼ਦੂਰਾਂ ਨੂੰ ਆਖੋ ਨਕਸਲਵਾਦੀ
ਹੱਕਾਂ ਦੀ ਗੱਲ ਕਰਨ ਵਾਲਿਆਂ ਨੂੰ
ਐਲਾਨ ਦਿਉ ਗੁਆਂਢੀ ਮੁਲਕਾਂ ਦੇ ਜਾਸੂਸ
ਵੱਢ ਦਿਉ ਬਗ਼ਾਵਤ ਕਰਦੇ ਹੱਥਾਂ ਨੂੰ
ਇਨਸਾਫ਼ ਮੰਗਦੀਆਂ ਜੀਭਾਂ ਨੂੰ...

ਸ਼ਾਸਕ ਦਾ ਫੁਰਮਾਨ ਹੈ
ਮੁਹੱਬਤ ਤੇ ਸ਼ਾਂਤੀ ਦਾ ਪੈਗ਼ਾਮ ਫੈਲਾਅ ਰਹੇ
ਕਬੂਤਰਾਂ ਮਗਰ ਲਾ ਦੇਵੋ ਬਾਜ਼ਾਂ ਨੂੰ...
ਹਕੂਮਤ ਨੇ ਦੇ ਦਿੱਤਾ ਏ ਸਰਟੀਫਿਕੇਟ
ਟੀ.ਵੀ. ਚੈਨਲਾਂ ਦੇ ਐਂਕਰਾਂ ਨੂੰ
ਸੱਚੇ ਦੇਸ਼ ਭਗਤ ਹੋਣ ਦਾ
ਤੇ ਹੁਣ ਉਹ ਕਿਸੇ ਨੂੰ ਵੀ ਆਖ ਸਕਦੇ ਨੇ
ਦੇਸ਼ਧ੍ਰੋਹੀ...
ਅਤਿਵਾਦੀ...
ਨਕਸਲਵਾਦੀ...
ਮਾਓਵਾਦੀ...

ਇਹ ਕੇਹੀ ਦੇਸ਼ ਭਗਤੀ ਹੈ
ਜਿੱਥੇ ਪੁਲੀਸ ਦੀ ਕੁੱਟ
ਤੇ ਇੰਟੈਰੋਗੇਸ਼ਨ ਤੋਂ ਜ਼ਿਆਦਾ
ਮੀਡੀਆ ਤੋਂ ਡਰ ਲੱਗਦਾ ਹੈ
ਇਹ ਕੈਸਾ ਦੇਸ਼ ਹੈ
ਜਿੱਥੇ ਟੀ.ਵੀ. ਦਾ ਝੂਠ ਵੀ
ਸੱਚ ਮੰਨਿਆ ਜਾਂਦਾ ਹੈ...।
ਸੰਪਰਕ: 97804-51878
* * *

ਮਾਂ! ਇਹ ਕੌਣ ਨੇ?

ਸਿਮਰਜੀਤ ਕੌਰ ਗਰੇਵਾਲ

ਹੱਥ ’ਚ ਹੱਕ ਦਾ ਝੰਡਾ ਚੁੱਕੀ ਫਿਰਦੇ ਨੇ,
ਚਹੁੰ-ਪਾਸੀਂ ਹੀ ਨਾਕੇ ਦੇ ਵਿੱਚ ਘਿਰਦੇ ਨੇ।

ਪਾਣੀ ਦੀਆਂ ਬੁਛਾੜਾਂ ਪਿੰਡੇ ਝਲਦੇ ਨੇ,
ਅੱਥਰੂ ਗੈਸ ਦੇ ਗੋਲ਼ੇ ਨੈਣੀਂ ਮਲਦੇ ਨੇ।

ਗੋਲੀਆਂ ਵੀ ਇਨ੍ਹਾਂ ਉੱਤੇ ਵਰ੍ਹ ਰਹੀਆਂ,
ਪਿੰਡੇ ਨੂੰ ਜੋ ਛਲਣੀ-ਛਲਣੀ ਕਰ ਰਹੀਆਂ।

ਧੀਏ! ਇਹ ਤਾਂ ਲੋਕਾਂ ਦੀ ਵਹੀਰ ਹੈ,
ਮਿਹਨਤ ਨਾਲ ਲਿਖੀ ਜੀਹਨੇ ਤਕਦੀਰ ਹੈ।

ਪੂੰਜੀਵਾਦ ਲੁਟੇਰਾ ਬਣ ਕੇ ਆਇਆ ਹੈ,
ਇਨ੍ਹਾਂ ਦੇ ਹੱਕਾਂ ’ਤੇ ਸੰਕਟ ਛਾਇਆ ਹੈ।

ਤੁਰ ਪਏ ’ਕੱਠੇ ਹੋ ਕੇ ਹੱਕ-ਹਕੂਕ ਲਈ,
ਧੁਰ ਅੰਦਰ ਤੋਂ ਨਿਕਲੀ ਹੋਈ ਹੂਕ ਲਈ।

ਪੂੰਜੀਵਾਦ ਤੇ ਸੱਤਾ, ਦੋਵੇਂ ਰਲ ਗਏ ਨੇ,
ਮਿਹਨਤਕਸ਼ ਲੋਕਾਂ ਨੂੰ ਦੋਵੇਂ ਛਲ ਗਏ ਨੇ।

ਹੁਣ ਉਨ੍ਹਾਂ ਦੀ ਅੱਖ ਨੂੰ ਇਹ ਚੁਭਦੇ ਨੇ,
ਖੰਜਰ ਵਾਂਗੂੰ ਸੀਨੇ ਦੇ ਵਿੱਚ ਖੁਭਦੇ ਨੇ।

ਸਿਆਸਤ ਨੂੰ ਸਰਮਾਏਦਾਰੀ ਭਾਉਂਦੀ ਹੈ,
ਆਮ ਲੋਕਾਈ ਨੂੰ ਨਾ ਉਹ ਚਾਹੁੰਦੀ ਹੈ।

ਦੋਵੇਂ ਬਣੀਆਂ ਇੱਕ ਦੂਜੇ ਦੀ ਢਾਲ ਨੇ,
ਤਾਹੀਓਂ ਹੁਣ ਲੋਕਾਂ ਦੇ ਬੁਰੇ ਹਾਲ ਨੇ।

ਮੇਰੇ ਮਨ ਵਿੱਚ ਉੱਠੇ ਕੁਝ ਸਵਾਲ ਨੇ,
ਜੋ ਉੱਤਰ ਦੀ ਕਰਦੇ ਫਿਰਦੇ ਭਾਲ ਨੇ।

ਹੱਕਾਂ ਦੇ ਰਾਖਿਆਂ ਨੂੰ ਮਿਲਣ ਤਸੀਹੇ ਕਿਉਂ?
ਜ਼ੁਲਮ ਦੀ ਚੱਕੀ ਵਿੱਚ ਉਹ ਜਾਂਦੇ ਪੀਹੇ ਕਿਉਂ?

ਸ਼ਾਂਤਮਈ ਧਰਨੇ ’ਤੇ ਵੀ ਪਾਬੰਦੀ ਕਿਉਂ?
ਲੋਕਰਾਜ ਦੀ ਹਾਲਤ ਐਨੀ ਮੰਦੀ ਕਿਉਂ?

ਕਿਉਂ ਨੀਤੀ ਹੈ ਬਣਦੀ ਸਿਰਫ਼ ਉਚੇਰੇ ਲਈ?
ਕਿਉਂ ਮੰਗੇ ਇਹ ਖ਼ੈਰਾਂ ਸਿਰਫ਼ ਹਨੇਰੇ ਲਈ?

ਹੁਣ ਤੱਕ ਜਨਰਲ ਡਾਇਰ ਨੂੰ, ਮੈਂ ਰਹੀ ਕੋਸਦੀ,
ਨਿਹੱਥਿਆਂ ਨੂੰ ਮਰਵਾ ਗਿਆ, ਮੈਂ ਰਹੀ ਸੋਚਦੀ।

ਜਾਣ ਲਿਆ ਮੈਂ, ਡਾਇਰ ਸਿਰਫ਼ ਅੰਗਰੇਜ਼ ਨਹੀਂ,
ਬੁਰੀ ਸੋਚ ਨਾਲ ਸਿਰਫ਼ ਉਹੀ ਲਬਰੇਜ਼ ਨਹੀਂ।

ਚੜ੍ਹ ਜਾਵੇ ਜਦ ਨਸ਼ਾ ਤਾਜ ਦਾ ਰਾਜੇ ਨੂੰ।
ਹੋਸ਼ ਰਹੇ ਨਾ ਜਦੋਂ ਰਾਜ ਦਾ ਰਾਜੇ ਨੂੰ।

ਉਸ ਵੇਲ਼ੇ ਹੀ ਜਨਮ ਡਾਇਰ ਦਾ ਹੁੰਦਾ ਹੈ,
ਉਸ ਵੇਲ਼ੇ ਹੀ ਜਨਮ ਸ਼ਾਇਰ ਦਾ ਹੁੰਦਾ ਹੈ।

ਕਲਮ ਕਦੇ ਵੀ ਝੂਠ ਦੇ ਸੋਹਿਲੇ ਗਾਵੇ ਨਾ,
ਕੁਫ਼ਰ ਤੋਲ ਕੇ ‘ਸਿਮਰ’ ਕੋਲੋਂ ਲਿਖਵਾਵੇ ਨਾ।
ਸੰਪਰਕ: 98151-98121

Advertisement
Author Image

joginder kumar

View all posts

Advertisement
Advertisement
×