ਆਇਰਲੈਂਡ: ਹਾਦਸੇ ’ਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ
ਲੰਡਨ: ਦੱਖਣੀ ਆਇਰਲੈਂਡ ਦੀ ਕਾਊਂਟੀ ਕਾਰਲੋਅ ’ਚ ਇਕ ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਨ ਵਾਪਰੇ ਹਾਦਸੇ ’ਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ ਜਦਕਿ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ। ਸਾਰਿਆਂ ਦੀ ਉਮਰ 20 ਸਾਲ ਤੋਂ ਉਪਰ ਦੱਸੀ ਜਾ ਰਹੀ ਹੈ। ਆਇਰਿਸ਼ ਪੁਲੀਸ ਮੁਤਾਬਕ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਜਿਥੇ ਉਨ੍ਹਾਂ ਦੀ ਹਾਲਤ ਸਥਿਰ ਹੈ। ਪੁਲੀਸ ਨੇ ਦੱਸਿਆ ਕਿ ਹਾਦਸਾ ਸ਼ੁੱਕਰਵਾਰ ਤੜਕੇ ਵਾਪਰਿਆ ਅਤੇ ਚੇਰੇਕੁਰੀ ਸੁਰੇਸ਼ ਚੌਧਰੀ ਅਤੇ ਚਿਤੂਰੀ ਭਾਰਗਵ ਦੀ ਮੌਕੇ ’ਤੇ ਹੀ ਮੌਤ ਹੋ ਗਈ। ਆਇਰਲੈਂਡ ਦੀ ਰਾਜਧਾਨੀ ਡਬਲਿਨ ’ਚ ਭਾਰਤੀ ਸਫ਼ਾਰਤਖਾਨੇ ਨੇ ਐਤਵਾਰ ਨੂੰ ਸੋਸ਼ਲ ਮੀਡੀਆ ’ਤੇ ਸੋਗ ਸੁਨੇਹਾ ਜਾਰੀ ਕੀਤਾ ਹੈ। ਸਫ਼ਾਰਤਖਾਨੇ ਨੇ ਕਿਹਾ ਕਿ ਉਹ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਦੋਸਤਾਂ ਦੇ ਸੰਪਰਕ ’ਚ ਹਨ ਅਤੇ ਜ਼ਖ਼ਮੀਆਂ ਨੂੰ ਪੂਰੀ ਸਹਾਇਤਾ ਦਿੱਤੀ ਜਾ ਰਹੀ ਹੈ। ਪੁਲੀਸ ਅਧਿਕਾਰੀ ਐਂਥਨੀ ਫਾਰੈੱਲ ਨੇ ਦੱਸਿਆ ਕਿ ਕਾਲੇ ਰੰਗ ਦੀ ਔਡੀ ਏ6 ਕਾਰਲੋਅ ਕਸਬੇ ਵੱਲ ਜਾ ਰਹੀ ਸੀ ਜਦੋਂ ਸੜਕ ਤੋਂ ਤਿਲਕ ਕੇ ਕਾਰ ਇਕ ਦਰੱਖਤ ਨਾਲ ਜਾ ਟਕਰਾਈ। ‘ਦਿ ਆਇਰਿਸ਼ ਟਾਈਮਜ਼’ ਮੁਤਾਬਕ ਚਾਰੋਂ ਦੋਸਤ ਇਕੋ ਘਰ ’ਚ ਰਹਿੰਦੇ ਸਨ ਤੇ ਉਨ੍ਹਾਂ ਕਾਰਲੋਅ ’ਚ ਸਾਊਥ ਈਸਟ ਟੈਕਨੋਲੌਜੀਕਲ ਯੂਨੀਵਰਸਿਟੀ ਤੋਂ ਤੀਜੇ ਲੈਵਲ ਦੀ ਸਿੱਖਿਆ ਮੁਕੰਮਲ ਕੀਤੀ ਸੀ। -ਪੀਟੀਆਈ