ਇਰਾਨ ਨੇ ਇਜ਼ਰਾਈਲ ਨੂੰ ਹਮਲਾ ਨਾ ਕਰਨ ਦੀ ਦਿੱਤੀ ਚਿਤਾਵਨੀ
ਦੁਬਈ/ਬੈਰੂਤ, 17 ਅਕਤੂਬਰ
ਇਰਾਨੀ ਰੈਵੋਲਿਊਸ਼ਨਰੀ ਗਾਰਡਜ਼ ਦੇ ਕਮਾਂਡਰ ਹੁਸੈਨ ਸਲਾਮੀ ਨੇ ਇਜ਼ਰਾਈਲ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਸ ਨੇ ਇਸਲਾਮਿਕ ਰਿਪਬਲਿਕ ’ਤੇ ਹਮਲੇ ਦੀ ਗੁਸਤਾਖ਼ੀ ਕੀਤੀ ਤਾਂ ਉਸ ਨੂੰ ਨਤੀਜੇ ਭੁਗਤਣੇ ਪੈਣਗੇ। ਇਜ਼ਰਾਈਲ ਦੀ ਮੇਗਨ ਡੇਵਿਡ ਅਡੋਮ ਰਾਹਤ ਸੇਵਾ ਨੇ ਦੱਸਿਆ ਕਿ ਲਿਬਨਾਨ ਤੋਂ ਅੱਪਰ ਗਲੀਲੀ ’ਚ 30 ਰਾਕੇਟ ਦਾਗ਼ੇ ਗਏ, ਜਿਨ੍ਹਾਂ ’ਚ ਚਾਰ ਵਿਅਕਤੀ ਮਾਮੂਲੀ ਜ਼ਖ਼ਮੀ ਹੋ ਗਏ। ਮੱਧ ਪੂਰਬੀ ਏਸ਼ੀਆ ’ਚ ਜੰਗ ਫੈਲਣ ਦਾ ਖ਼ਦਸ਼ਾ ਵਧ ਗਿਆ ਹੈ ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਇਜ਼ਰਾਈਲ ਆਪਣੇ ਮੁਲਕ ’ਤੇ ਪਹਿਲੀ ਅਕਤੂਬਰ ਨੂੰ ਹੋਏ ਮਿਜ਼ਾਈਲ ਹਮਲੇ ਦਾ ਇਰਾਨ ਤੋਂ ਬਦਲਾ ਲਵੇਗਾ। ਉਧਰ ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਕਚੀ ਨੇ ਕਾਹਿਰਾ ’ਚ ਮਿਸਰ ਦੇ ਰਾਸ਼ਟਰਪਤੀ ਅਬਦੇਲ ਫ਼ਤਿਹ ਅਲ-ਸੀਸੀ ਨਾਲ ਮੁਲਾਕਾਤ ਕਰਕੇ ਖ਼ਿੱਤੇ ’ਚ ਜੰਗ ਦੇ ਬਣੇ ਮਾਹੌਲ ਬਾਰੇ ਚਰਚਾ ਕੀਤੀ।
ਇਜ਼ਰਾਈਲ ਨੇ ਸੀਰੀਆ ਦੇ ਬੰਦਰਗਾਹ ਸ਼ਹਿਰ ਲਤਾਕੀਆ ’ਚ ਵੀਰਵਾਰ ਤੜਕੇ ਹਮਲਾ ਕੀਤਾ। ਇਜ਼ਰਾਈਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੱਖਣੀ ਲਿਬਨਾਨ ’ਚ ਪਿਛਲੇ 24 ਘੰਟਿਆਂ ਦੌਰਾਨ 45 ਹਿਜ਼ਬੁੱਲਾ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਹੈ। ਇਜ਼ਰਾਈਲ ਨੇ ਪੂਰਬੀ ਲਿਬਨਾਨ ਦੀ ਬੀਕਾ ਘਾਟੀ ਦੇ ਲੋਕਾਂ ਨੂੰ ਘਰ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਹਨ। -ਰਾਇਟਰਜ਼
ਇਜ਼ਰਾਈਲ ਵੱਲੋਂ ਹਮਾਸ ਕਮਾਂਡਰ ਸਿਨਵਾਰ ਦੇ ਮਾਰੇ ਜਾਣ ਦੀ ਪੁਸ਼ਟੀ
ਯੇਰੂਸ਼ਲਮ:
ਇਜ਼ਰਾਇਲੀ ਫੌਜ ਨੇ ਗਾਜ਼ਾ ’ਚ ਵਿਸ਼ੇਸ਼ ਕਾਰਵਾਈ ਦੌਰਾਨ ਤਿੰਨ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਪੁਸ਼ਟੀ ਕੀਤੀ ਹੈ ਕਿ ਮਾਰੇ ਗਏ ਦਹਿਸ਼ਤਗਰਦਾਂ ’ਚ ਹਮਾਸ ਕਮਾਂਡਰ ਯਾਹੀਆ ਸਿਨਵਾਰ ਵੀ ਸ਼ਾਮਲ ਹੈ। ਸਿਨਵਾਰ ਇਜ਼ਰਾਈਲ ’ਤੇ 7 ਅਕਤੂਬਰ, 2023 ਨੂੰ ਹੋਏ ਹਮਲੇ ਦਾ ਮੁੱਖ ਸਾਜ਼ਿਸ਼ਘਾੜਾ ਸੀ। -ਏਪੀ
ਉੱਤਰੀ ਗਾਜ਼ਾ ’ਚ ਸਕੂਲ ’ਤੇ ਹਮਲਾ, 15 ਫਲਸਤੀਨੀ ਹਲਾਕ
ਦੀਰ ਅਲ-ਬਲਾਹ:
ਉੱਤਰੀ ਗਾਜ਼ਾ ਦੇ ਇਕ ਸਕੂਲ ’ਚ ਪਨਾਹ ਲੈਣ ਵਾਲੇ ਲੋਕਾਂ ’ਤੇ ਇਜ਼ਰਾਈਲ ਵੱਲੋਂ ਕੀਤੇ ਗਏ ਹਮਲੇ ’ਚ ਪੰਜ ਬੱਚਿਆਂ ਸਣੇ 15 ਫਲਸਤੀਨੀ ਮਾਰੇ ਗਏ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਇਹ ਦਾਅਵਾ ਕਰਦਿਆਂ ਦੱਸਿਆ ਕਿ ਹਮਲੇ ’ਚ ਦਰਜਨਾਂ ਹੋਰ ਵਿਅਕਤੀ ਜ਼ਖ਼ਮੀ ਹੋਏ ਹਨ। ਉਧਰ ਇਜ਼ਰਾਇਲੀ ਫੌਜ ਨੇ ਕਿਹਾ ਕਿ ਉਨ੍ਹਾਂ ਸਕੂਲ ’ਚ ਇਕੱਠੇ ਹੋਏ ਹਮਾਸ ਅਤੇ ਇਸਲਾਮੀ ਜਹਾਦੀ ਦਹਿਸ਼ਤਗਰਦਾਂ ਨੂੰ ਨਿਸ਼ਾਨਾ ਬਣਾਇਆ ਹੈ। ਫੌਜ ਨੇ ਕਿਹਾ ਕਿ ਜਬਾਲੀਆ ਦੇ ਅਬੂ ਹੁਸੈਨ ਸਕੂਲ ’ਚ ਦਹਿਸ਼ਤਗਰਦਾਂ ਵੱਲੋਂ ਕਮਾਂਡ ਸੈਂਟਰ ਚਲਾਇਆ ਜਾ ਰਿਹਾ ਸੀ। ਉਨ੍ਹਾਂ ਦਰਜਨਾਂ ਦਹਿਸ਼ਤਗਰਦਾਂ ਦੇ ਨਾਮ ਵੀ ਜਾਰੀ ਕੀਤੇ ਹਨ ਜੋ ਹਮਲੇ ਸਮੇਂ ਸਕੂਲ ਅੰਦਰ ਸਨ। ਇਜ਼ਰਾਇਲੀ ਡਿਫੈਂਸ ਫੋਰਸਿਜ਼ ਨੇ ਕਿਹਾ ਹੈ ਕਿ ਉੱਤਰੀ ਗਾਜ਼ਾ ਪੱਟੀ ’ਚੋਂ ਦਾਗ਼ੇ ਦੋ ਰਾਕੇਟ ਇਜ਼ਰਾਇਲੀ ਹਵਾ ਰੱਖਿਆ ਪ੍ਰਣਾਲੀਆਂ ਨੇ ਹਵਾ ’ਚ ਹੀ ਫੁੰਡ ਦਿੱਤੇ। -ਏਪੀ