ਇਰਾਨ ਨੇ ਸਫਲਤਾਪੂਰਵਕ ਲਾਂਚ ਕੀਤਾ ਉਪਗ੍ਰਹਿ
ਤਹਿਰਾਨ, 15 ਸਤੰਬਰ
ਇਰਾਨ ਨੇ ਦੇਸ਼ ਦੇ ਨੀਮ ਫੌਜੀ ਬਲ ‘ਰੈਵੋਲਿਊਸ਼ਨਰੀ ਗਾਰਡ’ ਵੱਲੋਂ ਬਣਾਏ ਗਏ ਰਾਕੇਟ ਰਾਹੀਂ ਇੱਕ ਉਪਗ੍ਰਹਿ ਲਾਂਚ ਕੀਤਾ ਹੈ। ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਪੱਛਮੀ ਦੇਸ਼ਾਂ ਨੂੰ ਡਰ ਹੈ ਕਿ ਇਸ ਨਾਲ ਇਰਾਨ ਨੂੰ ਆਪਣੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਵਿੱਚ ਅੱਗੇ ਵਧਣ ’ਚ ਮਦਦ ਮਿਲ ਸਕਦੀ ਹੈ। ਇਰਾਨ ਨੇ ਦੱਸਿਆ ਕਿ ਰਾਕੇਟ ਰਾਹੀਂ ਉਪਗ੍ਰਹਿ ਆਰਬਿਟ ’ਚ ਸਥਾਪਤ ਕਰਨ ਵਾਲਾ ਇਹ ਉਸ ਦਾ ਦੂਜਾ ਲਾਂਚ ਹੈ। ਵਿਗਿਆਨੀਆਂ ਨੇ ਲਾਂਚ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਉਪਗ੍ਰਹਿ ਆਰਬਿਟ ਵਿੱਚ ਪਹੁੰਚ ਗਿਆ ਹੈ। ਬਾਅਦ ਵਿਚ ਇਰਾਨੀ ਮੀਡੀਆ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਰਾਕੇਟ ਨੂੰ ‘ਮੋਬਾਈਲ ਲਾਂਚਰ’ ਦੀ ਮਦਦ ਨਾਲ ਲਾਂਚ ਕੀਤਾ ਗਿਆ ਸੀ। ਸਰਕਾਰੀ ਮੀਡੀਆ ਨੇ ਦੱਸਿਆ ਕਿ ‘ਚਮਰਾਨ-1’ ਨਾਮ ਦੇ ਇਸ ਉਪਗ੍ਰਹਿ ਦਾ ਭਾਰ 60 ਕਿਲੋ ਹੈ।
ਐਸੋਸੀਏਟਿਡ ਪ੍ਰੈਸ ਨੇ ਬਾਅਦ ਵਿੱਚ ਜਾਰੀ ਕੀਤੀ ਵੀਡੀਓ ਅਤੇ ਹੋਰ ਤਸਵੀਰਾਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਦੱਸਿਆ ਕਿ ਇਰਾਨ ਦੀ ਰਾਜਧਾਨੀ ਤਹਿਰਾਨ ਤੋਂ ਲਗਪਗ 350 ਕਿਲੋਮੀਟਰ ਪੂਰਬ ਵਿਚ ਸ਼ਾਹਰੁਦ ਸ਼ਹਿਰ ਦੇ ਬਾਹਰੀ ਹਿੱਸੇ ’ਚ ਇਹ ਲਾਂਚ ਕੀਤਾ ਗਿਆ। ਇਰਾਨ ਨੇ ਇਹ ਕਾਰਵਾਈ ਇਜ਼ਰਾਈਲ-ਹਮਾਸ ਯੁੱਧ ਨੂੰ ਲੈ ਕੇ ਪੱਛਮੀ ਏਸ਼ੀਆ ’ਚ ਵਧਦੇ ਤਣਾਅ ਵਿਚਾਲੇ ਕੀਤੀ ਹੈ। ਯੁੱਧ ਦੌਰਾਨ ਇਰਾਨ ਨੇ ਇਜ਼ਰਾਈਲ ’ਤੇ ਮਿਜ਼ਾਈਲ ਅਤੇ ਡਰੋਨ ਹਮਲੇ ਵੀ ਕੀਤੇ ਹਨ। ਇਸ ਦੌਰਾਨ ਇਰਾਨ ਦਾ ਪ੍ਰਮਾਣੂ ਹਥਿਆਰਾਂ ਦੇ ਨਿਰਮਾਣ ਲਈ ਜ਼ਰੂਰੀ ਪ੍ਰੋਗਰਾਮ ਲਗਾਤਾਰ ਜਾਰੀ ਹੈ ਅਤੇ ਮਾਹਿਰਾਂ ਨੇ ਤਹਿਰਾਨ ਦੇ ਇਸ ਪ੍ਰੋਗਰਾਮ ’ਤੇ ਚਿੰਤਾ ਪ੍ਰਗਟਾਈ ਹੈ।’ -ਪੀਟੀਆਈ