ਇਰਾਨ-ਇਜ਼ਰਾਈਲ ਟਕਰਾਅ
ਇਰਾਨ ਵੱਲੋਂ ਸੀਰੀਆ ਵਿੱਚ ਆਪਣੇ ਸਫ਼ਾਰਤਖ਼ਾਨੇ ਉੱਪਰ ਹੋਏ ਇਜ਼ਰਾਇਲੀ ਹਮਲੇ ਦੀ ਪ੍ਰਤੀਕਿਰਿਆ ਵਜੋਂ ਲੰਘੀ 13 ਅਪਰੈਲ ਨੂੰ ਇਜ਼ਰਾਈਲ ਉੱਪਰ ਹਵਾਈ ਹਮਲੇ ਕੀਤੇ ਸਨ। ਇਸ ’ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਤਿੱਖਾ ਰੁਖ਼ ਅਖਤਿਆਰ ਕਰਦਿਆਂ ਆਖਿਆ ਹੈ ਕਿ ਉਨ੍ਹਾਂ ਦਾ ਦੇਸ਼ ਹੀ ਇਹ ਫ਼ੈਸਲਾ ਕਰੇਗਾ ਕਿ ਇਰਾਨ ਦੇ ਹਮਲਿਆਂ ਦਾ ਕਿਵੇਂ ਜਵਾਬ ਦੇਣਾ ਹੈ। ਉਨ੍ਹਾਂ ਦੇ ਸਹਿਯੋਗੀਆਂ ਨੇ ਤਹੱਮਲ ਵਰਤਣ ਦੀ ਸਲਾਹ ਦਿੱਤੀ ਸੀ; ਅਮਰੀਕਾ ਅਤੇ 47 ਹੋਰਨਾਂ ਦੇਸ਼ਾਂ ਨੇ ਵੀ ਬਿਆਨ ਜਾਰੀ ਕਰ ਕੇ ਇਰਾਨ ਅਤੇ ਇਸ ਦੇ ‘ਅਤਿਵਾਦੀ ਭਿਆਲਾਂ’ ਵੱਲੋਂ ਇਜ਼ਰਾਈਲ ’ਤੇ ਕੀਤੇ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਹੈ। ਅਸਲ ਵਿਚ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਗਲੀਆਂ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਇਹ ਰੁਖ਼ ਅਖ਼ਤਿਆਰ ਕਰ ਰਹੇ ਹਨ; ਉਹ ਚਾਹੁੰਦੇ ਹਨ ਕਿ ਜੰਗ ਅਤੇ ਹਮਲਿਆਂ ਦੀਆਂ ਰਣਨੀਤੀਆਂ ਹੇਠ ਉਨ੍ਹਾਂ ਦੀਆਂ ਨਾਕਾਮੀਆਂ ਢਕੀਆਂ ਜਾਣ। ਇਸੇ ਕਰ ਕੇ ਹੀ ਉਹ ਗਾਜ਼ਾ ਉੱਤੇ ਲਗਾਤਾਰ ਹਮਲਿਆਂ ਵਿੱਚ ਕੋਈ ਢਿੱਲ ਨਹੀਂ ਕਰ ਰਹੇ। ਇਸੇ ਦੌਰਾਨ ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਈਸੀ ਨੇ ਇਜ਼ਰਾਈਲ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਸ (ਇਜ਼ਰਾਈਲ) ਨੇ ਬਦਲੇ ਦੀ ਕਾਰਵਾਈ ਕੀਤੀ ਤਾਂ ਉਸ ਦਾ ਹੋਰ ਸਖ਼ਤ ਜਵਾਬ ਦਿੱਤਾ ਜਾਵੇਗਾ ਅਤੇ ਇਹ ਦਾਅਵਾ ਕੀਤਾ ਕਿ ਇਰਾਨ ਪਿਛਲੇ ਹਫ਼ਤੇ ਕੀਤੇ ਹਮਲੇ ਤੋਂ ਕਿਤੇ ਜਿ਼ਆਦਾ ਤਾਕਤਵਰ ਹਮਲੇ ਕਰਨ ਦੀ ਸਮੱਰਥਾ ਰੱਖਦਾ ਹੈ।
ਇਰਾਨ ਅਤੇ ਇਜ਼ਰਾਈਲ ਦੀਆਂ ਇਨ੍ਹਾਂ ਜ਼ਾਹਿਰਾਨਾ ਕਾਰਵਾਈਆਂ ਕਰ ਕੇ ਪੱਛਮੀ ਏਸ਼ੀਆ ਦੇ ਹਾਲਾਤ ਬਹੁਤ ਜਿ਼ਆਦਾ ਚਿੰਤਾਜਨਕ ਬਣੇ ਹੋਏ ਹਨ; ਇਜ਼ਰਾਈਲ ਵਲੋਂ ਗਾਜ਼ਾ ਪੱਟੀ ਵਿੱਚ ਵਿੱਢੀ ਫ਼ੌਜੀ ਕਾਰਵਾਈ ਨੂੰ ਛੇ ਮਹੀਨੇ ਹੋ ਗਏ ਹਨ ਪਰ ਅਜੇ ਵੀ ਉੱਥੇ ਜੰਗ ਰੁਕਣ ਦੇ ਆਸਾਰ ਨਜ਼ਰ ਨਹੀਂ ਆ ਰਹੇ। ਸੰਯੁਕਤ ਰਾਸ਼ਟਰ ਨੇ ਇਜ਼ਰਾਈਲ ਅਤੇ ਇਰਾਨ, ਦੋਵਾਂ ਨੂੰ ਵੱਧ ਤੋਂ ਵੱਧ ਸੰਜਮ ਤੋਂ ਕੰਮ ਲੈਣ ਦੀ ਅਪੀਲ ਕੀਤੀ ਹੈ ਪਰ ਦੋਵੇਂ ਦੇਸ਼ ਆਪੋ-ਆਪਣੇ ਸੁਰ ਵਿੱਚ ਨਰਮੀ ਲਿਆਉਣ ਲਈ ਤਿਆਰ ਨਹੀਂ ਹਨ। ਇਨ੍ਹਾਂ ਦੋਵਾਂ ਦੇਸ਼ਾਂ ਵਿੱਚ ਟਕਰਾਅ ਨੂੰ ਟਾਲਣ ਲਈ ਅਮਰੀਕਾ ਅਤੇ ਇਸ ਦੇ ਸਹਿਯੋਗੀ ਮੁਲਕ ਅਹਿਮ ਕਿਰਦਾਰ ਨਿਭਾ ਸਕਦੇ ਹਨ। ਪੱਛਮੀ ਦੇਸ਼ਾਂ ਨੇ ਪਹਿਲੀ ਅਪਰੈਲ ਨੂੰ ਇਜ਼ਰਾਈਲ ਦੇ ਉਸ ਮਿਜ਼ਾਈਲ ਹਮਲੇ ਦੀ ਦੋ ਟੁੱਕ ਲਫ਼ਜ਼ਾਂ ਵਿੱਚ ਨਿਖੇਧੀ ਨਹੀਂ ਕੀਤੀ ਸੀ ਜਿਸ ਵਿੱਚ ਸੀਰੀਆ ਵਿੱਚ ਇਰਾਨ ਦੇ ਸਫ਼ਾਰਤਖ਼ਾਨੇ ਦੋ ਸੀਨੀਅਰ ਅਧਿਕਾਰੀ ਮਾਰੇ ਗਏ ਸਨ। ਇਸ ਤਰ੍ਹਾਂ ਦੇ ਭੜਕਾਊ ਹਮਲਿਆਂ ਦੀ ਸਖ਼ਤ ਅਤੇ ਸਪੱਸ਼ਟ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ, ਫਿਰ ਭਾਵੇਂ ਅਜਿਹੇ ਹਮਲੇ ਕਰਨ ਵਾਲੇ ਕਿਸੇ ਦਾ ਵੀ ਸਕਾ ਹੋਵੇ। ਇਸ ਦੇ ਨਾਲ ਹੀ ਅਮਰੀਕਾ ਅਤੇ ਇਸ ਦੇ ਸਹਿਯੋਗੀ ਮੁਲਕਾਂ ਨੂੰ ਇਜ਼ਰਾਈਲ ’ਤੇ ਗਾਜ਼ਾ ਪੱਟੀ ਵਿੱਚ ਚੱਲ ਰਹੀ ਫ਼ੌਜੀ ਕਾਰਵਾਈ ਰੋਕਣ ਲਈ ਦਬਾਅ ਵੀ ਪਾਉਣਾ ਚਾਹੀਦਾ ਹੈ।
ਗਾਜ਼ਾ ’ਤੇ ਅੰਤਾਂ ਦੀ ਬੰਬਾਰੀ ਕਾਰਨ ਇਜ਼ਰਾਈਲ ਕੌਮਾਂਤਰੀ ਪੱਧਰ ’ਤੇ ਪਹਿਲਾਂ ਨਾਲੋਂ ਕਿਤੇ ਵੱਧ ਅਲੱਗ-ਥਲੱਗ ਹੋ ਗਿਆ ਹੈ। ਇਸ ਲਈ ਫੌਜੀ ਪੱਧਰ ’ਤੇ ਇਰਾਨ ਦਾ ਮੁਕਾਬਲਾ ਕਰਨਾ ਇਸ ਲਈ ਮੁਮਕਿਨ ਨਹੀਂ ਹੈ। ਇਰਾਨ ਵੱਲੋਂ ਕੀਤੇ ਗਏ ਹਮਲਿਆਂ ਵਿੱਚ ਕੋਈ ਮੌਤ ਨਾ ਹੋਣ ਵਿੱਚੋਂ ਵੀ ਇਜ਼ਰਾਈਲ ਨੂੰ ਕਾਰਨ ਤਲਾਸ਼ਣਾ ਚਾਹੀਦਾ ਹੈ। ਬਰਤਾਨੀਆ ਦੇ ਵਿਦੇਸ਼ ਮੰਤਰੀ ਡੇਵਿਡ ਕੈਮਰੌਨ ਨੇ ਸਹੀ ਉਮੀਦ ਜ਼ਾਹਿਰ ਕੀਤੀ ਹੈ ਕਿ ਇਰਾਨ ਵਿਰੁੱਧ ਇਜ਼ਰਾਈਲ ‘ਇਸ ਤਰ੍ਹਾਂ ਕਾਰਵਾਈ ਕਰੇਗਾ ਜੋ ਸਮਝ ਤੇ ਸਖ਼ਤੀ ਦਾ ਸੁਮੇਲ ਹੋਵੇਗੀ ਤੇ ਟਕਰਾਅ ਨੂੰ ਹੋਰ ਤਿੱਖਾ ਕਰਨ ਤੋਂ ਸੰਭਾਵੀ ਤੌਰ ’ਤੇ ਬਚਿਆ ਜਾਵੇਗਾ।’ ਮੌਜੂਦਾ ਟਕਰਾਅ ਵਿੱਚ ਉਲਝੇ ਦੋਵਾਂ ਦੇਸ਼ਾਂ ਦੇ ਆਗੂਆਂ ਨੂੰ ਸਾਵਧਾਨੀ ਨਾਲ ਅਗਲਾ ਕਦਮ ਚੁੱਕਣ ਦੀ ਲੋੜ ਹੈ ਤਾਂ ਕਿ ਨਵਾਂ ਜੰਗੀ ਇਲਾਕਾ ਪੈਦਾ ਕਰਨ ਤੋਂ ਬਚਿਆ ਜਾ ਸਕੇ।