ਇਰਾਨ: ਕੋਲਾ ਖਾਣ ’ਚ ਧਮਾਕੇ, 34 ਹਲਾਕ
ਤਹਿਰਾਨ, 22 ਸਤੰਬਰ
ਪੂਰਬੀ ਇਰਾਨ ਵਿਚ ਸ਼ਨਿੱਚਰਵਾਰ ਰਾਤ ਨੂੰ ਕੋਲਾ ਖਾਣ ’ਚ ਹੋਏ ਧਮਾਕੇ ਵਿਚ ਘੱਟੋ-ਘੱਟ 34 ਵਿਅਕਤੀਆਂ ਦੀ ਮੌਤ ਹੋ ਗਈ ਤੇ 17 ਹੋਰ ਜ਼ਖ਼ਮੀ ਹੋ ਗਏ। ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ ਕਿਉਂਕਿ ਅਜੇ ਵੀ ਕਈ ਵਰਕਰਾਂ ਦੇ ਖਾਣ ਵਿਚ ਮਲਬੇ ਹੇਠ ਦੱਬੇ ਹੋਣ ਦਾ ਖ਼ਦਸ਼ਾ ਹੈ। ਅਲ ਜਜ਼ੀਰਾ ਨੇ ਖ਼ਬਰ ਏਜੰਸੀ ਇਰਨਾ ਦੇ ਹਵਾਲੇ ਨਾਲ ਕਿਹਾ ਕਿ ਇਰਾਨ ਦੀ ਰਾਜਧਾਨੀ ਤੋਂ ਦੱਖਣਪੂਰਬ ਵਿਚ 540 ਕਿਲੋਮੀਟਰ ਦੂਰ ਤਾਬਾਸ ਵਿਚ ਮਿਥੇਨ ਗੈਸ ਰਿਸਣ ਕਰਕੇ ਕੋਲਾ ਖਾਣ ਵਿਚ ਧਮਾਕਾ ਹੋਇਆ। ਇਸ ਮੌਕੇ ਕੋਲਾ ਖਾਣ ਦੀਆਂ ਸੁਰੰਗਾਂ ਵਿਚ 69 ਮਜ਼ਦੂਰ ਮੌਜੂਦ ਸਨ। ਇਹ ਮਜ਼ਦੂਰ ਖਾਣ ਦੇ ਦੋ ਬਲਾਕਾਂ ਬੀ ਤੇ ਸੀ ਵਿਚ ਕੰਮ ਕਰ ਰਹੇ ਸਨ ਤੇ ਗੈਸ ਸ਼ਨਿੱਚਰਵਾਰ ਰਾਤੀਂ 9 ਵਜੇ ਦੇ ਕਰੀਬ ਲੀਕ ਹੋਈ।
ਦੱਖਣੀ ਖੁਰਾਸਾਨ ਸੂਬੇ ਦੇ ਰਾਜਪਾਲ ਅਲੀ ਅਕਬਰ ਰਹੀਮੀ ਨੇ ਸਰਕਾਰੀ ਟੀਵੀ ਨੂੰ ਦੱਸਿਆ ਕਿ ਬਲਾਕ ਸੀ ਵਿਚ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਬਲਾਕ ਵਿਚ ਮਿਥੇਨ ਦੀ ਘਣਤਾ ਜ਼ਿਆਦਾ ਹੋਣ ਕਰਕੇ ਇਸ ਅਪਰੇਸ਼ਨ ਨੂੰ ਪੂਰਾ ਕਰਨ ਵਿਚ ਕਰੀਬ ਤਿੰਨ ਤੋਂ ਚਾਰ ਘੰਟੇ ਲੱਗ ਸਕਦੇ ਹਨ।
ਉਧਰ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਆਂ ਨੇ ਕੋਲਾ ਖਾਣ ਧਮਾਕੇ ਵਿਚ ਮਾਰੇ ਗਏ ਮਜ਼ਦੂਰਾਂ ਦੇ ਪਰਿਵਾਰਾਂ ਨਾਲ ਸੰਵੇਦਨਾਵਾਂ ਜ਼ਾਹਿਰ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਹਾਦਸੇ ਦੀ ਜਾਂਚ ਲਈ ਇਲਾਕੇ ਵਿਚ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। -ਏਐੱਨਆਈ