ਹਵਾਈ ਹਮਲੇ ’ਚ ਇਰਾਨ ਦੀ ਹਮਾਇਤ ਹਾਸਲ ਮਿਲੀਸ਼ੀਆ ਆਗੂ ਹਲਾਕ
ਬਗਦਾਦ, 4 ਜਨਵਰੀ
ਕੇਂਦਰੀ ਬਗਦਾਦ ’ਚ ਇਰਾਨ ਦੀ ਹਮਾਇਤ ਹਾਸਲ ਮਿਲੀਸ਼ੀਆ ਦੇ ਫੌਜੀ ਸਹਾਇਤਾ ਹੈੱਡਕੁਆਰਟਰ ’ਤੇ ਅੱਜ ਹੋਏ ਹਵਾਈ ਹਮਲੇ ’ਚ ਇੱਕ ਉੱਚ ਅਹੁਦੇ ’ਤੇ ਤਾਇਨਾਤ ਮਿਲੀਸ਼ੀਆ ਕਮਾਂਡਰ ਦੀ ਮੌਤ ਹੋ ਗਈ। ਇਹ ਜਾਣਕਾਰੀ ਅੱਜ ਮਿਲੀਸ਼ੀਆ ਅਧਿਕਾਰੀਆਂ ਨੇ ਦਿੱਤੀ। ਅੱਜ ਦਾ ਇਹ ਹਮਲਾ ਇਜ਼ਰਾਈਲ-ਹਮਾਸ ਜੰਗ ਕਾਰਨ ਵਧਦੇ ਖੇਤਰੀ ਤਣਾਅ ਅਤੇ ਇਸ ਦੇ ਨੇੜਲੇ ਮੁਲਕਾਂ ’ਚ ਫੈਲਣ ਦੇ ਖਦਸ਼ੇ ਦਰਮਿਆਨ ਕੀਤਾ ਗਿਆ ਹੈ।
ਇਰਾਕੀ ਫੌਜ ਦੇ ਕੰਟਰੋਲ ਹੇਠ ਕੰਮ ਕਰਦੀ ਮਿਲੀਸ਼ੀਆ ਗੱਠਜੋੜ ਦੀ ‘ਦਿ ਪੌਪੁਲਰ ਮੋਬੀਲਾਈਜ਼ੇਸ਼ਨ ਫੋਰਸ’ (ਪੀਐੱਮਐੱਫ) ਨੇ ਇੱਕ ਬਿਆਨ ’ਚ ਕਿਹਾ ਕਿ ਬਗਦਾਦ ’ਚ ਉਸ ਦਾ ਉਪ ਮੁਖੀ ਮੁਸ਼ਤਾਕ ਤਾਲਬਿ ਅਲ-ਸਾਇਬੀ ਜਾਂ ‘ਅਬੂ ਤਕਵਾ’ ਨੂੰ ਮਾਰ ਦਿੱਤਾ ਗਿਆ ਹੈ। ਉਸ ਨੇ ਇਸ ਹਮਲੇ ਲਈ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਹਮਲਾ ਕਿਸ ਨੇ ਕੀਤਾ ਹੈ। ਅਮਰੀਕੀ ਸੈਨਾ ਤੇ ਇਸ ਦੀ ਬਗਦਾਦ ਵਿਚਲੀ ਅੰਬੈਸੀ ਨੇ ਇਸ ਹਮਲੇ ਦੇ ਮਾਮਲੇ ’ਚ ਤੁਰੰਤ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਦੋ ਮਿਲੀਸ਼ੀਆ ਅਧਿਕਾਰੀਆਂ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਹਮਲੇ ’ਚ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਵਿਅਕਤੀ ਜ਼ਖ਼ਮੀ ਹੋ ਗਏ ਹਨ। -ਪੀਟੀਆਈ