ਇਰਾਨ ਵੱਲੋਂ ਇਜ਼ਰਾਈਲ ’ਤੇ 300 ਡਰੋਨਾਂ ਅਤੇ ਮਿਜ਼ਾਈਲਾਂ ਨਾਲ ਹਮਲਾ
ਯੇਰੂਸ਼ਲਮ, 14 ਅਪਰੈਲ
ਇਜ਼ਰਾਈਲ ਵੱਲੋਂ ਸੀਰੀਆ ’ਚ ਇਰਾਨੀ ਦੂਤਘਰ ’ਤੇ ਕੀਤੇ ਗਏ ਹਮਲੇ ਦਾ ਬਦਲਾ ਲੈਣ ਲਈ ਇਰਾਨ ਨੇ ਅੱਜ ਤੜਕੇ ਇਜ਼ਰਾਈਲ ਉੱਤੇ ਅਚਾਨਕ ਹਮਲਾ ਕਰ ਦਿੱਤਾ ਅਤੇ ਉਸ ਉੱਤੇ ਸੈਂਕੜੇ ਡਰੋਨ, ਬੈਲਿਸਟਿਕ ਮਿਜ਼ਾਈਲਾਂ ਅਤੇ ਕਰੂਜ਼ ਮਿਜ਼ਾਈਲਾਂ ਦਾਗ਼ੀਆਂ। ਫ਼ੌਜ ਦੇ ਇੱਕ ਤਰਜਮਾਨ ਨੇ ਦੱਸਿਆ ਕਿ 300 ਤੋਂ ਵੱਧ ਡਰੋਨ ਅਤੇ ਮਿਜ਼ਾਈਲਾਂ ਇਜ਼ਰਾਈਲ ਵੱਲ ਦਾਗ਼ੀਆਂ ਗਈਆਂ ਜਿਨ੍ਹਾਂ ਵਿੱਚੋਂ 99 ਫ਼ੀਸਦੀ ਹਵਾ ਵਿੱਚ ਹੀ ਨਸ਼ਟ ਕਰ ਦਿੱਤੀਆਂ ਗਈਆਂ। ਇਰਾਨ ਨੇ ਇਜ਼ਰਾਈਲ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਸ ਨੇ ਹਮਲੇ ਦਾ ਜਵਾਬ ਦੇਣ ਦੀ ਹਿਮਾਕਤ ਕੀਤੀ ਤਾਂ ਹੋਰ ਵੱਡਾ ਹਮਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਵਾਸ਼ਿੰਗਟਨ ਨੇ ਇਰਾਨ ਖ਼ਿਲਾਫ਼ ਇਜ਼ਰਾਇਲੀ ਫ਼ੌਜ ਦੀ ਕਿਸੇ ਵੀ ਕਾਰਵਾਈ ਨੂੰ ਹਮਾਇਤ ਦਿੱਤੀ ਤਾਂ ਅਮਰੀਕੀ ਅੱਡਿਆਂ ਨੂੰ ਵੀ ਨਿਸ਼ਾਨਾ ਬਣਾਇਆ ਜਾਵੇਗਾ। ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਨੇ ਰਿਵੋਲੂਸ਼ਨਰੀ ਗਾਰਡ ਦੇ ਹਮਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਸ ਨੇ ਯਹੂਦੀ ਹਕੂਮਤ ਨੂੰ ਸਬਕ ਸਿਖਾਇਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਨੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਤਾਂ ਇਰਾਨ ਵੱਲੋਂ ਵੱਡਾ ਹਮਲਾ ਕੀਤਾ ਜਾਵੇਗਾ। ਇਰਾਨੀ ਫ਼ੌਜ ਦੇ ਚੀਫ਼ ਆਫ਼ ਸਟਾਫ਼ ਮੇਜਰ ਜਨਰਲ ਮੁਹੰਮਦ ਬਗ਼ੇਰੀ ਨੇ ਦਾਅਵਾ ਕੀਤਾ ਕਿ ਦੋ ਇਜ਼ਰਾਇਲੀ ਫ਼ੌਜੀ ਅੱਡਿਆਂ ਨੂੰ ਉਨ੍ਹਾਂ ਦੀ ਫ਼ੌਜ ਨੇ ਸਫ਼ਲਤਾਪੂਰਬਕ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਹੁਣ ਅਪਰੇਸ਼ਨ ਖ਼ਤਮ ਹੋ ਗਿਆ ਹੈ ਅਤੇ ਇਰਾਨ ਦਾ ਹਮਲੇ ਜਾਰੀ ਰੱਖਣ ਦਾ ਕੋਈ ਇਰਾਦਾ ਨਹੀਂ ਹੈ ਪਰ ਜੇਕਰ ਅਮਰੀਕਾ ਨੇ ਇਜ਼ਰਾਈਲ ਅਤੇ ਹੋਰਾਂ ਨਾਲ ਮਿਲ ਕੇ ਕੋਈ ਹਿਮਾਕਤ ਕੀਤੀ ਤਾਂ ਉਸ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸੀਰੀਆ ਵਿੱਚ ਪਹਿਲੀ ਅਪਰੈਲ ਨੂੰ ਇਜ਼ਰਾਈਲ ਵੱਲੋਂ ਕੀਤੇ ਗਏ ਹਵਾਈ ਹਮਲੇ ਵਿੱਚ ਇਰਾਨੀ ਸਫ਼ਾਰਤਖਾਨੇ ਵਿੱਚ ਉਸ ਦੇ ਇਕ ਚੋਟੀ ਦੇ ਜਨਰਲ ਸਣੇ ਸੱਤ ਰਿਵੋਲੂਸ਼ਨਰੀ ਗਾਰਡ ਦੇ ਅਧਿਕਾਰੀ ਮਾਰੇ ਜਾਣ ਮਗਰੋਂ ਇਰਾਨ ਨੇ ਬਦਲਾ ਲੈਣ ਦੀ ਸਹੁੰ ਖਾਧੀ ਸੀ। ਇਰਾਨ ਦੇ ਇਸ ਹਮਲੇ ਨੇ ਪੱਛਮੀ ਏਸ਼ੀਆ ਨੂੰ ਜੰਗ ਵੱਲ ਧੱਕ ਦਿੱਤਾ ਹੈ। ਅਮਰੀਕਾ, ਫਰਾਂਸ, ਬਰਤਾਨੀਆ ਅਤੇ ਜਾਰਡਨ ਨੇ ਇਰਾਨ ਵੱਲੋਂ ਦਾਗ਼ੀਆਂ ਮਿਜ਼ਾਈਲਾਂ ਅਤੇ ਡਰੋਨ ਫੁੰਡਣ ’ਚ ਇਜ਼ਰਾਈਲ ਦੀ ਸਹਾਇਤਾ ਕੀਤੀ। ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਉਨ੍ਹਾਂ ਹਮਲੇ ਨੂੰ ਠੱਲ੍ਹ ਦਿੱਤਾ ਹੈ ਅਤੇ ਅਸੀਂ ਸਾਰੇ ਇਕੱਠੇ ਜਿੱਤਾਂਗੇ। ਉਧਰ ਹਮਾਸ ਨੇ ਇਰਾਨ ਦੇ ਹਮਲੇ ਨੂੰ ‘ਕੁਦਰਤੀ ਹੱਕ’ ਕਰਾਰ ਦਿੱਤਾ ਹੈ। ਹਮਲੇ ਮਗਰੋਂ ਇਜ਼ਰਾਈਲ ਵਿੱਚ ਹਰ ਪਾਸੇ ਸਾਇਰਨ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ। ਇਜ਼ਰਾਇਲੀ ਫ਼ੌਜ ਦੇ ਤਰਜਮਾਨ ਰੀਅਰ ਐਡਮਿਰਲ ਡੈਨੀਅਲ ਹਗਾਰੀ ਨੇ ਕਿਹਾ ਕਿ ਇਰਾਨ ਨੇ 170 ਡਰੋਨ, 30 ਤੋਂ ਵਧ ਕਰੂਜ਼ ਮਿਜ਼ਾਈਲਾਂ ਅਤੇ 120 ਤੋਂ ਵਧ ਬੈਲਿਸਟਿਕ ਮਿਜ਼ਾਈਲਾਂ ਦਾਗ਼ੀਆਂ ਸਨ।
ਕਈ ਬੈਲਿਸਟਿਕ ਮਿਜ਼ਾਈਲਾਂ ਇਜ਼ਰਾਇਲੀ ਇਲਾਕੇ ’ਚ ਡਿੱਗੀਆਂ ਜਿਸ ਕਾਰਨ ਇਕ ਹਵਾਈ ਬੇਸ ਨੂੰ ਮਾਮੂਲੀ ਨੁਕਸਾਨ ਪੁੱਜਾ। ਜਾਣਕਾਰੀ ਮੁਤਾਬਕ ਛੱਰੇ ਲੱਗਣ ਕਾਰਨ ਇਕ ਬੱਚਾ ਜ਼ਖ਼ਮੀ ਹੋਇਆ ਹੈ। ਹਮਲਿਆਂ ਮਗਰੋਂ ਇਜ਼ਰਾਈਲ ’ਚ ਸਕੂਲ ਤੇ ਹੋਰ ਵਿਦਿਅਕ ਅਦਾਰੇ ਸੋਮਵਾਰ ਤੱਕ ਬੰਦ ਕਰ ਦਿੱਤੇ ਗਏ ਪਰ ਸਰਕਾਰੀ ਦਫ਼ਤਰ ਤੇ ਨਿੱਜੀ ਕਾਰੋਬਾਰ ਪਹਿਲਾਂ ਵਾਂਗ ਕੰਮ ਕਰ ਰਹੇ ਹਨ। ਉਂਜ ਸਰਕਾਰ ਨੇ ਸਾਰਿਆਂ ਨੂੰ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ। ਇਰਾਨ ਵੱਲੋਂ ਇਜ਼ਰਾਈਲ ’ਤੇ ਕੀਤੇ ਗਏ ਹਮਲੇ ਦੀ ਅਮਰੀਕਾ, ਸੰਯੁਕਤ ਰਾਸ਼ਟਰ, ਫਰਾਂਸ, ਬਰਤਾਨੀਆ ਆਦਿ ਮੁਲਕਾਂ ਨੇ ਨਿਖੇਧੀ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਜ਼ਰਾਈਲ ਪ੍ਰਤੀ ਅਮਰੀਕਾ ਦੀ ‘ਮਜ਼ਬੂਤ ਵਚਨਬੱਧਤਾ’ ਦੁਹਰਾਉਂਦਿਆਂ ਸਥਿਤੀ ’ਤੇ ਚਰਚਾ ਅਤੇ ਅਗਲੀ ਕਾਰਵਾਈ ਕਰਨ ਲਈ ਜੀ-7 ਦੇਸ਼ਾਂ ਦੇ ਆਗੂਆਂ ਦੀ ਮੀਟਿੰਗ ਸੱਦੀ ਜਿਸ ਵਿੱਚ ਉਨ੍ਹਾਂ ਇਜ਼ਰਾਈਲ ਨਾਲ ਇਕਜੁੱਟਤਾ ਪ੍ਰਗਟਾਈ। ਰੂਸ ਨੇ ਆਸ ਜਤਾਈ ਕਿ ਮੱਧ ਪੂਰਬੀ ਸਰਕਾਰਾਂ ਆਪਣੀਆਂ ਸਮੱਸਿਆਵਾਂ ਸਿਆਸੀ ਅਤੇ ਕੂਟਨੀਤਕ ਰਸਤਿਆਂ ਰਾਹੀਂ ਸੁਲਝਾਉਣਗੀਆਂ। -ਪੀਟੀਆਈ
ਇਜ਼ਰਾਈਲ-ਇਰਾਨ ਵਿਚਾਲੇ ਟਕਰਾਅ ’ਤੇ ਭਾਰਤ ਨੇ ਚਿੰਤਾ ਜਤਾਈ
ਨਵੀਂ ਦਿੱਲੀ: ਇਰਾਨ ਵੱਲੋਂ ਇਜ਼ਰਾਈਲ ’ਤੇ ਕੀਤੇ ਗਏ ਹਮਲੇ ਤੋਂ ਬਾਅਦ ਭਾਰਤ ਨੇ ਅੱਜ ਕਿਹਾ ਕਿ ਉਹ ਦੋਵਾਂ ਦੇਸ਼ਾਂ ਦਰਮਿਆਨ ਵਧਦੇ ਟਕਰਾਅ ਤੋਂ ਬੇਹੱਦ ਚਿੰਤਤ ਹੈ ਅਤੇ ਹਮਲੇ ਨਾਲ ਖੇਤਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਖ਼ਤਰਾ ਖੜ੍ਹਾ ਹੋ ਗਿਆ ਹੈ। ਭਾਰਤ ਨੇ ਦੋਵੇਂ ਮੁਲਕਾਂ ਨੂੰ ਤਣਾਅ ਤੁਰੰਤ ਘਟਾਉਣ ਦੀ ਅਪੀਲ ਕੀਤੀ ਹੈ। ਭਾਰਤ ਨੇ ਕਿਹਾ ਕਿ ਖੇਤਰ ਵਿੱਚ ਉਸ ਦੇ ਦੂਤਾਵਾਸ ਭਾਰਤੀਆਂ ਦੇ ਸੰਪਰਕ ਵਿੱਚ ਹਨ। ਉਧਰ ਇਜ਼ਰਾਈਲ ’ਚ ਭਾਰਤੀ ਮਿਸ਼ਨ ਨੇ ਆਪਣੇ ਨਾਗਰਿਕਾਂ ਲਈ ਨਵੇਂ ਸਿਰੇ ਤੋਂ ਐਡਵਾਇਜ਼ਰੀ ਜਾਰੀ ਕੀਤੀ ਹੈ। ਇਰਾਨ ਵੱਲੋਂ ਕੀਤੇ ਗਏ ਹਮਲਿਆਂ ਮਗਰੋਂ ਭਾਰਤੀ ਮਿਸ਼ਨ ਨੇ ਆਪਣੇ ਨਾਗਰਿਕਾਂ ਨੂੰ ਕਿਹਾ ਹੈ ਕਿ ਉਹ ਸ਼ਾਂਤ ਰਹਿਣ ਅਤੇ ਸੁਰੱਖਿਆ ਨੇਮਾਂ ਦਾ ਪਾਲਣ ਕਰਨ। ਉਨ੍ਹਾਂ ਕਿਹਾ ਕਿ ਸਫ਼ਾਰਤਖਾਨਾ ਹਾਲਾਤ ਉਪਰ ਨੇੜਿਉਂ ਨਜ਼ਰ ਰੱਖ ਰਿਹਾ ਹੈ ਅਤੇ ਉਹ ਇਜ਼ਰਾਇਲੀ ਅਧਿਕਾਰੀਆਂ ਤੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਸੰਪਰਕ ਬਣਾ ਕੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਉਨ੍ਹਾਂ ਭਾਰਤੀ ਨਾਗਰਿਕਾਂ ਨੂੰ ਸਫ਼ਾਰਤਖਾਨੇ ਦੇ ਲਿੰਕ ’ਤੇ ਆਪਣੇ ਆਪ ਨੂੰ ਰਜਿਸਟਰ ਕਰਨ ਦੀ ਅਪੀਲ ਕੀਤੀ ਹੈ। ਇਸ ਦੌਰਾਨ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਆਪਣੇ ਇਜ਼ਰਾਇਲੀ ਹਮਰੁਤਬਾ ਨਾਲ ਫੋਨ ’ਤੇ ਗੱਲਬਾਤ ਕੀਤੀ। ਉਨ੍ਹਾਂ ਇਰਾਨ ਦੇ ਵਿਦੇਸ਼ ਮੰਤਰੀ ਨਾਲ ਗੱਲਬਾਤ ਕਰਕੇ ਇਜ਼ਰਾਈਲ ਨਾਲ ਸਬੰਧਤ ਸਮੁੰਦਰੀ ਬੇੜੇ ’ਚ ਸਵਾਰ 17 ਭਾਰਤੀ ਮੱਲਾਹਾਂ ਦੀ ਫੌਰੀ ਰਿਹਾਈ ਦੀ ਮੰਗ ਕੀਤੀ। ਇਜ਼ਰਾਈਲ ’ਤੇ ਹਮਲਿਆਂ ਦੇ ਬਾਵਜੂਦ ਕਿਸੇ ਵੀ ਮੁਲਕ ਨੇ ਆਪਣੇ ਨਾਗਰਿਕਾਂ ਨੂੰ ਉਥੋਂ ਕੱਢਣ ਲਈ ਕੋਈ ਕਦਮ ਨਹੀਂ ਚੁੱਕੇ ਹਨ। ਉਂਜ ਅਮਰੀਕਾ ਸਮੇਤ ਕੁਝ ਮੁਲਕਾਂ ਨੇ ਆਪਣੇ ਨਾਗਰਿਕਾਂ ਲਈ ਮਸ਼ਵਰੇ ਜਾਰੀ ਕੀਤੇ ਹਨ। -ਪੀਟੀਆਈ
ਦੁਨੀਆਂ ਇੱਕ ਹੋਰ ਜੰਗ ਬਰਦਾਸ਼ਤ ਨਹੀਂ ਕਰ ਸਕਦੀ: ਸੰਯੁਕਤ ਰਾਸ਼ਟਰ
ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਇਜ਼ਰਾਈਲ ’ਤੇ ਇਰਾਨ ਵੱਲੋਂ ਕੀਤੇ ਗਏ ਹਮਲੇ ਕਾਰਨ ਪੈਦਾ ਹੋਏ ਤਣਾਅ ’ਤੇ ਚਿੰਤਾ ਜ਼ਾਹਿਰ ਕਰਦਿਆਂ ਚਿਤਾਵਨੀ ਦਿੱਤੀ ਕਿ ਨਾ ਤਾਂ ਪੱਛਮੀ ਏਸ਼ੀਆ ਅਤੇ ਨਾ ਹੀ ਦੁਨੀਆਂ ਇੱਕ ਹੋਰ ਯੁੱਧ ਬਰਦਾਸ਼ਤ ਕਰ ਸਕਦੀ ਹੈ। ਸੰਯੁਕਤ ਰਾਸ਼ਟਰ ਮੁਖੀ ਨੇ ਸਾਰੀਆਂ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਪੱਛਮੀ ਏਸ਼ੀਆ ਵਿੱਚ ਕਈ ਮੋਰਚਿਆਂ ’ਤੇ ਵੱਡੇ ਫ਼ੌਜੀ ਟਕਰਾਅ ਨੂੰ ਭੜਕਾਉਣ ਵਾਲੀ ਕਿਸੇ ਵੀ ਕਾਰਵਾਈ ਤੋਂ ਬਚਣ ਲਈ ਵੱਧ ਤੋਂ ਵੱਧ ਸੰਜਮ ਵਰਤਣ। -ਪੀਟੀਆਈ
ਬ੍ਰਿਟਿਸ਼ ਲੜਾਕੂ ਜਹਾਜ਼ਾਂ ਨੇ ਇਰਾਨੀ ਡਰੋਨ ਡੇਗੇ: ਸੂਨਕ
ਲੰਡਨ: ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਕਿਹਾ ਕਿ ਉਨ੍ਹਾਂ ਦੇ ਮੁਲਕ ਦੀ ਫ਼ੌਜ ਦੇ ਲੜਾਕੂ ਜਹਾਜ਼ਾਂ ਨੇ ਇਰਾਨ ਵੱਲੋਂ ਇਜ਼ਰਾਈਲ ’ਤੇ ਦਾਗ਼ੇ ਕਈ ਡਰੋਨਾਂ ਨੂੰ ਫੁੰਡਿਆ ਹੈ। ਉਨ੍ਹਾਂ ਨਾਲ ਹੀ ਟਕਰਾਅ ਨੂੰ ਵਧਣ ਤੋਂ ਬਚਣ ਲਈ ‘ਸ਼ਾਂਤੀ ਬਣਾਈ’ ਰੱਖਣ ਦੀ ਅਪੀਲ ਕੀਤੀ। ਸੂਨਕ ਨੇ ਮੀਡੀਆ ਨੂੰ ਕਿਹਾ, ‘‘ਮੈਂ ਪੁਸ਼ਟੀ ਕਰ ਸਕਦਾ ਹਾਂ ਕਿ ਹਮਲੇ ਦੌਰਾਨ ਸਾਡੇ ਜਹਾਜ਼ਾਂ ਨੇ ਵੱਡੀ ਗਿਣਤੀ ਇਰਾਨੀ ਡਰੋਨ ਡੇਗੇ ਹਨ।’’ ਉਨ੍ਹਾਂ ਕਿਹਾ ਕਿ ਜੇਕਰ ਇਹ ਹਮਲਾ ਸਫ਼ਲ ਹੋ ਜਾਂਦਾ ਤਾਂ ਖੇਤਰੀ ਸਥਿਰਤਾ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਨਜ਼ਰਅੰਦਾਜ਼ ਕਰਨਾ ਮੁਸ਼ਕਲ ਹੋ ਜਾਵੇਗਾ। -ਰਾਇਟਰਜ਼
ਏਅਰ ਇੰਡੀਆ ਨੇ ਤਲ ਅਵੀਵ ਲਈ ਉਡਾਣਾਂ ਰੋਕੀਆਂ
ਨਵੀਂ ਦਿੱਲੀ: ਇਜ਼ਰਾਈਲ ਅਤੇ ਇਰਾਨ ਵਿਚਕਾਰ ਵਧੇ ਤਣਾਅ ਨੂੰ ਦੇਖਦਿਆਂ ਏਅਰ ਇੰਡੀਆ ਨੇ ਤਲ ਅਵੀਵ ਲਈ ਆਪਣੀਆਂ ਉਡਾਣਾਂ ਆਰਜ਼ੀ ਤੌਰ ’ਤੇ ਮੁਅੱਤਲ ਕਰਨ ਦਾ ਫ਼ੈਸਲਾ ਲਿਆ ਹੈ। ਇਕ ਅਧਿਕਾਰੀ ਨੇ ਕਿਹਾ ਕਿ ਨਵੀਂ ਦਿੱਲੀ ਅਤੇ ਤਲ ਅਵੀਵ ਵਿਚਕਾਰ ਸਿੱਧੀਆਂ ਉਡਾਣਾਂ ਫਿਲਹਾਲ ਮੁਅੱਤਲ ਕੀਤੀਆਂ ਜਾਂਦੀਆਂ ਹਨ। ਏਅਰ ਇੰਡੀਆ ਦੀਆਂ ਕੌਮੀ ਰਾਜਧਾਨੀ ਤੋਂ ਇਜ਼ਰਾਇਲੀ ਸ਼ਹਿਰ ਵਿਚਕਾਰ ਹਫ਼ਤੇ ’ਚ ਚਾਰ ਉਡਾਣਾਂ ਹਨ। ਟਾਟਾ ਗਰੁੱਪ ਦੀ ਮਾਲਕੀ ਵਾਲੀ ਏਅਰਲਾਈਨਜ਼ ਨੇ ਕਰੀਬ ਪੰਜ ਮਹੀਨਿਆਂ ਦੇ ਵਕਫ਼ੇ ਮਗਰੋਂ 3 ਮਾਰਚ ਤੋਂ ਤਲ ਅਵੀਵ ਲਈ ਸੇਵਾਵਾਂ ਸ਼ੁਰੂ ਕੀਤੀਆਂ ਸਨ। ਹਮਾਸ ਵੱਲੋਂ ਇਜ਼ਰਾਇਲ ’ਤੇ ਕੀਤੇ ਗਏ ਹਮਲੇ ਮਗਰੋਂ ਪਿਛਲੇ ਸਾਲ ਅਕਤੂਬਰ ਤੋਂ ਏਅਰ ਇੰਡੀਆ ਨੇ ਤਲ ਅਵੀਵ ਲਈ ਆਪਣੀਆਂ ਉਡਾਣਾਂ ਰੋਕ ਦਿੱਤੀਆਂ ਸਨ। -ਪੀਟੀਆਈ