ਇਰਾਨ ਨੇ ਨਰਗਿਸ ਮੁਹੰਮਦੀ ਨੂੰ ਹਸਪਤਾਲ ਦਾਖ਼ਲ ਕਰਵਾਉਣ ਦੀ ਇਜਾਜ਼ਤ ਦਿੱਤੀ
ਦੁਬਈ, 28 ਅਗਸਤ
ਜੇਲ੍ਹ ਵਿੱਚ ਬੰਦ ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਨਰਗਿਸ ਮੁਹੰਮਦੀ ਨੂੰ ਇਰਾਨ ਦੇ ਅਧਿਕਾਰੀਆਂ ਨੇ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਮੁਹੰਮਦੀ ਕਰੀਬ ਨੌਂ ਹਫ਼ਤਿਆਂ ਤੋਂ ਬਿਮਾਰ ਹੈ। ਸਮਾਜਿਕ ਕਾਰਕੁਨ ਬਾਰੇ ਇਹ ਜਾਣਕਾਰੀ ਉਸ ਲਈ ਪ੍ਰਚਾਰ ਕਰਨ ਵਾਲੇ ਇਕ ਸੰਗਠਨ ਨੇ ਦਿੱਤੀ। ਦਿ ਫ੍ਰੀ ਨਰਗਿਸ ਗੱਠਜੋੜ ਨੇ ਬਿਆਨ ਵਿੱਚ ਕਿਹਾ ਕਿ ਮੁਹੰਮਦੀ ਨੂੰ ਇਲਾਜ ਲਈ ਮੈਡੀਕਲ ਛੁੱਟੀ ਦੇਣੀ ਚਾਹੀਦੀ ਹੈ। ਮਹੀਨਿਆਂ ਤੱਕ ਉਨ੍ਹਾਂ ਦੀ ਬਿਮਾਰੀ ਨੂੰ ਅਣਗੌਲਿਆਂ ਕਰਨ ਤੇ ਦੇਖਭਾਲ ਦੀ ਘਾਟ ਕਰ ਕੇ ਇਹ ਗੰਭੀਰ ਸਿਹਤ ਸਮੱਸਿਆ ਪੈਦਾ ਹੋਈ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਨ ਨਾਲ ਇਸ ਦਾ ਹੱਲ ਨਹੀਂ ਹੋਵੇਗਾ। ਮੁਹੰਮਦੀ ਨੂੰ ਇਰਾਨ ਦੀ ਐਵਿਨ ਜੇਲ੍ਹ ਵਿੱਚ ਰੱਖਿਆ ਗਿਆ ਹੈ, ਜਿੱਥੇ ਰਾਜਨੀਤਕ ਕੈਦੀਆਂ ਅਤੇ ਪੱਛਮੀ ਦੇਸ਼ਾਂ ਨਾਲ ਸਬੰਧਤ ਲੋਕਾਂ ਨੂੰ ਰੱਖਿਆ ਜਾਂਦਾ ਹੈ। ਉਹ ਪਹਿਲਾਂ ਤੋਂ ਹੀ 30 ਮਹੀਨੇ ਦੀ ਸਜ਼ਾ ਕੱਟ ਰਹੀ ਸੀ ਅਤੇ ਜਨਵਰੀ ਵਿੱਚ ਉਸ ਦੀ ਸਜ਼ਾ ਵਿੱਚ 15 ਮਹੀਨੇ ਹੋਰ ਜੋੜ ਦਿੱਤੇ ਗਏ ਸਨ।
ਇਰਾਨ ਦੇ ਅਧਿਕਾਰੀਆਂ ਨੇ ਸ਼ਨਿਚਰਵਾਰ ਨੂੰ ਉਨ੍ਹਾਂ ਖ਼ਿਲਾਫ਼ ਛੇ ਮਹੀਨੇ ਦੀ ਵਾਧੂ ਸਜ਼ਾ ਜਾਰੀ ਕੀਤੀ। ਉਨ੍ਹਾਂ ਵਾਸਤੇ ਇਹ ਵਾਧੂ ਸਜ਼ਾ ਇਸ ਲਈ ਜੋੜੀ ਗਈ ਹੈ ਕਿਉਂਕਿ ਉਨ੍ਹਾਂ ਨੇ 6 ਅਗਸਤ ਨੂੰ ਐਵਿਨ ਜੇਲ੍ਹ ਦੇ ਮਹਿਲਾ ਵਾਰਡ ਵਿੱਚ ਇਕ ਹੋਰ ਸਿਆਸੀ ਕੈਦੀ ਦੀ ਫਾਂਸੀ ਦੀ ਸਜ਼ਾ ਦਾ ਵਿਰੋਧ ਕੀਤਾ ਸੀ। ਮੁਹੰਮਦੀ ਦਿਲ ਦੇ ਰੋਗ ਤੋਂ ਪੀੜਤ ਹੈ ਅਤੇ ਸਤੰਬਰ ਵਿੱਚ ਜਾਰੀ ਹੋਈ ਉਨ੍ਹਾਂ ਦੀ ਮੈਡੀਕਲ ਰਿਪੋਰਟ ਮੁਤਾਬਕ, ਉਨ੍ਹਾਂ ਦੇ ਦਿਲ ਦੀ ਮੁੱਖ ਧਮਣੀ ਵਿੱਚ ਮੁੜ ਤੋਂ ਗੰਭੀਰ ਦਿੱਕਤਾਂ ਪੈਦਾ ਹੋ ਗਈਆਂ ਹਨ। ਗੱਠਜੋੜ ਨੇ ਕਿਹਾ ਕਿ ਉਹ ਮੁਹੰਮਦੀ ਦੀ ਬਿਨਾਂ ਸ਼ਰਤ ਰਿਹਾਈ ਅਤੇ ਉਨ੍ਹਾਂ ਨੂੰ ਪੂਰੀ ਇਲਾਜ ਸਹੂਲਤ ਮੁਹੱਈਆ ਕਰਵਾਉਣ ਦੀ ਮੰਗ ਕਰਦੇ ਰਹਿਣਗੇ। -ਏਪੀ