ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਕਬਾਲ ਮਾਹਲ ਤੇ ਡਾ. ਗੁਰਮਿੰਦਰ ਸਿੱਧੂ ਨਾਲ ਰੂ-ਬ-ਰੂ

07:25 PM Jun 29, 2023 IST

ਟ੍ਰਿਬਿਊਨ ਨਿਊਜ਼ ਸਰਵਿਸ

Advertisement

ਕੈਲਗਰੀ: ਪੰਜਾਬੀ ਸਾਹਿਤ ਸਭਾ ਦੀ ਜੂਨ ਮਹੀਨੇ ਦੀ ਮਾਸਿਕ ਇਕੱਤਰਤਾ ਇੱਥੇ ਕੋਸੋ ਹਾਲ ਵਿੱਚ ਸੁਰਿੰਦਰ ਗੀਤ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਟੋਰਾਂਟੋ ਨਿਵਾਸੀ ਉੱਘੇ ਬਰਾਡਕਾਸਟਰ ਅਤੇ ਟੀਵੀ ਹੋਸਟ ਇਕਬਾਲ ਮਾਹਲ ਅਤੇ ਪੰਜਾਬੀ ਦੀ ਨਾਮਵਰ ਕਵਿੱਤਰੀ ਡਾ. ਗੁਰਮਿੰਦਰ ਸਿੱਧੂ ਨੇ ਪੰਜਾਬੀ ਸਾਹਿਤ ਸਭਾ ਦੇ ਸੱਦੇ ਨੂੰ ਪ੍ਰਵਾਨ ਕਰਦਿਆਂ ਸਰੋਤਿਆਂ ਦੇ ਰੂਬਰੂ ਹੋ ਕੇ ਪ੍ਰੋਗਰਾਮ ਨੂੰ ਰੌਣਕ ਬਖ਼ਸ਼ੀ।

ਸਭਾ ਦੇ ਜਨਰਲ ਸਕੱਤਰ ਗੁਰਦਿਆਲ ਸਿੰਘ ਖਹਿਰਾ ਨੇ ਡਾ. ਗੁਰਮਿੰਦਰ ਸਿੱਧੂ ਅਤੇ ਉਨ੍ਹਾਂ ਦੇ ਪਤੀ ਡਾ. ਬਲਦੇਵ ਸਿੰਘ ਖਹਿਰਾ ਦੀ ਜਾਣ ਪਹਿਚਾਣ ਕਰਵਾ ਕੇ ਕਾਰਵਾਈ ਦਾ ਮੁੱਢ ਬੰਨ੍ਹਿਆ। ਡਾ. ਗੁਰਮਿੰਦਰ ਸਿੱਧੂ ਦੀਆਂ ਸਹਿਤਕ ਪ੍ਰਾਪਤੀਆਂ ਦਾ ਵੇਰਵਾ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਪੰਜਾਬੀ ਸਾਹਿਤ ਅਤੇ ਖ਼ਾਸ ਕਰਕੇ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਗੁਰਮਿੰਦਰ ਸਿੱਧੂ ਦਾ ਬਹੁਮੁੱਲਾ ਯੋਗਦਾਨ ਹੈ। ਗੁਰਦਿਆਲ ਸਿੰਘ ਖਹਿਰਾ ਨੇ ਗੁਰਮਿੰਦਰ ਸਿੱਧੂ ਦੇ ਪਤੀ ਸ. ਬਲਦੇਵ ਸਿੰਘ ਖਹਿਰਾ ਦੀ ਜਾਣ ਪਹਿਚਾਣ ਕਰਵਾਉਂਦੇ ਹੋਏ ਇਹ ਦੱਸਿਆ ਕਿ ਡਾ. ਖਹਿਰਾ ਦੇ ਮਿੰਨੀ ਕਹਾਣੀ ਦੇ ਖੇਤਰ ਵਿੱਚ ਪਾਏ ਯੋਗਦਾਨ ਸਦਕਾ ਪੰਜਾਬੀ ਮਿੰਨੀ ਕਹਾਣੀ ਹੋਰ ਵੀ ਮਜ਼ਬੂਤ ਤੇ ਹਰਮਨ ਪਿਆਰੀ ਹੋ ਗਈ ਹੈ। ਬਲਦੇਵ ਸਿੰਘ ਖਹਿਰਾ ਨੇ ਆਪਣੀ ਭਾਵਪੂਰਤ ਕਹਾਣੀ ‘ਬਾਪੂ ਕਿਤੇ ਸੱਟ ਤਾਂ ਨ੍ਹੀਂ ਲੱਗੀ!’ ਸੁਣਾਈ। ਇਹ ਕਹਾਣੀ ਕੁੜੀ ਮਾਰ ਸਿਸਟਮ ‘ਤੇ ਬੜੀ ਕਰਾਰ ਚੋਟ ਸੀ।

Advertisement

ਡਾ. ਮਨਮੋਹਨ ਬਾਠ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਸੁਖਵਿੰਦਰ ਅੰਮ੍ਰਿਤ ਦੀ ਰਚਨਾ ‘ਆ ਜਾ ਬਹਿ ਜਾ ਬਿੰਦ ਪਿੱਪਲੀ ਦੀ ਛਾਵੇਂ ਜੋਗੀਆਂ’ ਨਾਲ ਪ੍ਰੋਗਰਾਮ ਦਾ ਮੁੱਢ ਬੰਨ੍ਹਿਆ। ਡਾ. ਗੁਰਮਿੰਦਰ ਸਿੱਧੂ ਨੇ ਪੰਜਾਬੀ ਬੋਲੀ ਅਤੇ ਭਾਸ਼ਾ ਦੇ ਪਸਾਰੇ ‘ਤੇ ਬੋਲਦਿਆਂ ਕਿਹਾ ਕਿ ਸਾਨੂੰ ਵਿਆਹ ਸ਼ਾਦੀਆਂ ਤੇ ਹੋਰ ਸਮਾਗਮਾਂ ਵਿੱਚ ਛਪਵਾਏ ਜਾਣ ਵਾਲੇ ਕਾਰਡ ਪੰਜਾਬੀ ਵਿੱਚ ਛਪਵਾਉਣੇ ਚਾਹੀਦੇ ਹਨ। ਵਾਟਸਐਪ ‘ਤੇ ਵੱਧ ਤੋਂ ਵੱਧ ਪੰਜਾਬੀ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ। ਅਜਿਹਾ ਕਰਕੇ ਅਸੀਂ ਪੰਜਾਬੀ ਭਾਸ਼ਾ ਅਤੇ ਬੋਲੀ ਦੇ ਪਸਾਰੇ ਵਿੱਚ ਕਾਫ਼ੀ ਵਾਧਾ ਕਰ ਸਕਦੇ ਹਾਂ। ਉਨ੍ਹਾਂ ਨੇ ਆਪਣੀ ਚਰਚਿਤ ਗ਼ਜ਼ਲ ‘ਮੇਰੀ ਗੁੱਤ’ ਸੁਣਾਈ। ਇਸ ਕਵਿਤਾ ਵਿੱਚ ਔਰਤ ਦਾ ਸਮੁੱਚਾ ਦਰਦ ਸਮੇਟਿਆ ਹੋਇਆ ਹੈ। ਕਵਿਤਾ ਨੂੰ ਸਰੋਤਿਆਂ ਨੇ ਬੜੀ ਨੀਝ ਨਾਲ ਸੁਣਿਆ ਤੇ ਸਲਾਹਿਆ।

ਜਨਰਲ ਸਕੱਤਰ ਗੁਰਦਿਆਲ ਸਿੰਘ ਖਹਿਰਾ ਨੇ ਇਕਬਾਲ ਮਾਹਲ ਦੀ ਜਾਣ ਪਹਿਚਾਣ ਕਰਵਾਉਂਦਿਆਂ ਕਿਹਾ ਕਿ ਇਕਬਾਲ ਮਾਹਲ ਛੋਟੀ ਉਮਰ ਵਿੱਚ ਇੰਗਲੈਂਡ ਆ ਗਏ ਸਨ ਅਤੇ ਉੱਥੇ ਪੂਰੀ ਤਰ੍ਹਾਂ ਪੱਛਮੀ ਰੰਗ ਵਿੱਚ ਰੰਗੇ ਗਏ ਸਨ, ਪਰ ਉਹ ਕੈਨੇਡਾ ਆ ਕੇ ਪੰਜਾਬੀ ਭਾਸ਼ਾ ਅਤੇ ਪੰਜਾਬੀ ਬੋਲੀ ਨਾਲ ਜੁੜ ਗਏ। ਉਨ੍ਹਾਂ ਨੇ ਪੰਜਾਬੀ ਬੋਲੀ ਦੇ ਸੱਚੇ ਸਪੂਤ ਦੀ ਤਰ੍ਹਾਂ ਪੰਜਾਬੀ ਟੀਵੀ ਅਤੇ ਰੇਡੀਓ ਨੂੰ ਰੰਗ ਭਾਗ ਲਾਏ। ਜਿਸ ਤਰ੍ਹਾਂ ਉਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਅਤੇ ਅੰਦਾਜ਼ ਨਾਲ ਪੰਜਾਬੀਅਤ ਦੀ ਸੇਵਾ ਕੀਤੀ, ਉਹ ਕੈਨੇਡੀਅਨ ਇਤਿਹਾਸ ਵਿੱਚ ਸਦਾ ਯਾਦ ਰੱਖੀ ਜਾਵੇਗੀ। ਮਾਹਲ ਦਾ ਨਿਵੇਕਲਾ ਅੰਦਾਜ਼ ਉਨ੍ਹਾਂ ਦੇ ਪ੍ਰੋਗਰਾਮਾਂ ਦੀ ਖੂਬਸੂਰਤੀ ਸੀ। ਇਸ ਤੋਂ ਇਲਾਵਾ ਇਕਬਾਲ ਮਾਹਲ ਨੇ ਪੰਜਾਬੀ ਗਾਇਕੀ ਨੂੰ ਉਭਾਰਨ ਲਈ ਬੜੇ ਹੀ ਸਾਰਥਿਕ ਯਤਨ ਕੀਤੇ। ਹਰਭਜਨ ਮਾਨ, ਸੁਰਿੰਦਰ ਕੌਰ, ਨੂਰਾਂ ਭੈਣਾਂ, ਜਗਜੀਤ ਸਿੰਘ, ਸਤਿੰਦਰ ਸਰਤਾਜ ਤੱਕ ਨੂੰ ਮਾਹਲ ਨੇ ਪ੍ਰਮੋਟ ਕੀਤਾ ਜਿਨ੍ਹਾਂ ਨੇ ਬਾਅਦ ਵਿੱਚ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਬਹੁਤ ਨਾਮਣਾ ਖੱਟਿਆ। ਮਾਹਲ ਦੀਆਂ ਪ੍ਰਾਪਤੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਭਾਸ਼ਾ ਵਿਭਾਗ ਪੰਜਾਬ ਵੱਲੋਂ ਪਰਵਾਸੀ ਸ਼੍ਰੋਮਣੀ ਪੱਤਰਕਾਰ ਦੇ ਤੌਰ ‘ਤੇ ਸਨਮਾਨਿਤ ਕੀਤਾ।

ਇਕਬਾਲ ਮਾਹਲ ਨੇ ਖ਼ੁਦ ਵੀ ਆਪਣੇ ਜੀਵਨ ਤਜਰਬੇ ਸਾਂਝੇ ਕੀਤੇ ਅਤੇ ਲੋਕਾਂ ਵੱਲੋਂ ਮਿਲੇ ਪਿਆਰ- ਭਰਪੂਰ ਹੁੰਗਾਰੇ ਨੂੰ ਸਾਰੇ ਮਾਨਾਂ ਸਨਮਾਨਾਂ ਤੋਂ ਵੱਡਾ ਦੱਸਿਆ। ਪੰਜਾਬੀ ਰੰਗ-ਮੰਚ ਦੀ ਉੱਘੀ ਕਰਮੀ ਡਾ. ਰਾਜਵੰਤ ਕੌਰ ਮਾਨ ਨੇ ਇਕਬਾਲ ਮਾਹਲ, ਡਾ. ਗੁਰਮਿੰਦਰ ਸਿੱਧੂ ਅਤੇ ਡਾ. ਬਲਦੇਵ ਸਿੰਘ ਖਹਿਰਾ ਨਾਲ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਸਹਿਤਕ ਖੇਤਰ ਵਿੱਚ ਉਨ੍ਹਾਂ ਦੇ ਪਾਏ ਯੋਗਦਾਨ ਦੀ ਬਹੁਤ ਖੂਬਸੂਰਤ ਸ਼ਬਦਾਂ ਵਿੱਚ ਚਰਚਾ ਕੀਤੀ। ਪੰਜਾਬੀ ਸਾਹਿਤ ਸਭਾ ਕੈਲਗਰੀ ਵੱਲੋਂ ਇਕਬਾਲ ਮਾਹਲ ਅਤੇ ਡਾ. ਗੁਰਮਿੰਦਰ ਸਿੱਧੂ ਨੂੰ ਕਿਤਾਬਾਂ ਅਤੇ ਸ਼ਾਲ ਦੇ ਕੇ ਰਵਾਇਤੀ ਤੌਰ ‘ਤੇ ਸਨਮਾਨਿਤ ਕੀਤਾ ਗਿਆ।

ਗੀਤਕਾਰ ਅਤੇ ਗਾਇਕ ਦਰਸ਼ਨ ਟਿਓਨਾ ਨੇ ਆਪਣੀ ਸੁਰੀਲੀ ਅਤੇ ਟੁਣਕਦੀ ਆਵਾਜ਼ ਵਿੱਚ ਬੜਾ ਖੂਬਸੂਰਤ ਗੀਤ ਪੇਸ਼ ਕੀਤਾ। ਇੱਥੇ ਸਭਾ ਦੇ ਖਜ਼ਾਨਚੀ ਮਨਜੀਤ ਬਰਾੜ ਦੇ ਗੀਤ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ। ਉਹ ਜੋ ਕੁਝ ਆਪਣੇ ਆਲੇ ਦੁਆਲੇ ਵਿਚਰਦਾ ਵੇਖਦਾ ਹੈ ਉਸ ਨੂੰ ਕਲਮਬੱਧ ਕਰਦਾ ਹੈ। ਸੁਖਵਿੰਦਰ ਤੂਰ ਹਮੇਸ਼ਾਂ ਅਜਿਹੇ ਸਹਿਤਕ ਇਕੱਠਾਂ ਵਿੱਚ ਸਹਿਤਕ ਰਚਨਾਵਾਂ ਨੂੰ ਆਪਣੀ ਸੁਰੀਲੀ ਆਵਾਜ਼ ਦੇ ਕੇ ਪੰਜਾਬੀਅਤ ਦੀ ਸੇਵਾ ਲਈ ਸਦਾ ਤਤਪਰ ਰਹਿੰਦੇ ਹਨ। ਉਨ੍ਹਾਂ ਨੇ ਸੁਰਿੰਦਰ ਗੀਤ ਦੀ ਰਚਨਾ ਨੂੰ ਆਪਣੀ ਆਵਾਜ਼ ਨਾਲ ਚਾਰ-ਚੰਨ ਲਾਏ। ਰਚਨਾਵਾਂ ਦੇ ਦੌਰ ਵਿੱਚ ਪੰਜਾਬੀ ਲਿਖਾਰੀ ਸਭਾ ਦੇ ਜਨਰਲ ਸਕੱਤਰ ਮੰਗਲ ਚੱਠਾ, ਜਰਨੈਲ ਤੱਗੜ, ਜਸਵੰਤ ਸੇਖੋਂ, ਜਸਵੀਰ ਸਹੋਤਾ ਅਤੇ ਸੁਰਿੰਦਰ ਢਿੱਲੋਂ ਨੇ ਹਿੱਸਾ ਲਿਆ।

ਜਗਦੇਵ ਸਿੱਧੂ ਨੇ ਡਾ. ਗੁਰਮਿੰਦਰ ਸਿੱਧੂ ਦੇ ਨਾਵਲ ‘ਅੰਬਰੀਂ ਉੱਡਣ ਤੋਂ ਪਹਿਲਾਂ’ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਇਕਬਾਲ ਮਾਹਲ ਦੇ ਨਾਵਲ ‘ਡੌਗੀਟੇਲ ਡ੍ਰਾਈਵ’ ਦੀ ਤੁਲਨਾ ਜੇਮਜ਼ ਜੁਆਇਸ ਦੇ ਸ਼ਾਹਕਾਰ ਨਾਵਲ ‘ਯੂਲੀਸਿਸ’ ਨਾਲ ਕੀਤੀ। ਅੰਤ ਵਿੱਚ ਸੁਰਿੰਦਰ ਗੀਤ ਨੇ ਆਪਣੀਆਂ ਦੋ ਛੋਟੀਆਂ ਕਵਿਤਾਵਾਂ ਸੁਣਾਈਆਂ। ਪੰਜਾਬੀ ਸਾਹਿਤ ਸਭਾ ਕੈਲਗਰੀ ਦੇ ਜਨਰਲ ਸਕੱਤਰ ਗੁਰਦਿਆਲ ਸਿੰਘ ਖਹਿਰਾ ਦਾ ਮੰਚ ਸੰਚਾਲਨ ਆਪਣੀ ਮਿਸਾਲ ਆਪ ਸੀ। ਉਨ੍ਹਾਂ ਨੇ ਪ੍ਰੋਗਰਾਮ ਦੀ ਕਾਰਵਾਈ ਨੂੰ ਬੜੇ ਖੂਬਸੂਰਤ ਤਰੀਕੇ ਨਾਲ ਨਿਭਾ ਕੇ ਇਸ ਸਹਿਤਕ ਮਿਲਣੀ ਦੀ ਖੂਬਸੂਰਤੀ ਨੂੰ ਯਾਦਗਾਰੀ ਬਣਾ ਦਿੱਤਾ। ਪੰਜਾਬੀ ਸਾਹਿਤ ਸਭਾ ਦੀ ਅਗਲੀ ਇਕੱਤਰਤਾ 23 ਜੁਲਾਈ 2023 ਨੂੰ ਬਾਅਦ ਦੁਪਹਿਰ ਦੋ ਵਜੇ ਕੋਸੋ ਹਾਲ ਵਿੱਚ ਹੋਵੇਗੀ।

Advertisement
Tags :
ਇਕਬਾਲਸਿੱਧੂਗੁਰਮਿੰਦਰਮਾਹਲਰੂ-ਬ-ਰੂ