ਇਪਸਾ ਵੱਲੋਂ ਡਾ. ਸੁਰਜੀਤ ਸਿੰਘ ਭੱਟੀ ਦਾ ਸਨਮਾਨ
ਟ੍ਰਬਿਿਊਨ ਨਿਊਜ਼ ਸਰਵਿਸ
ਬ੍ਰਿਸਬੇਨ: ਆਸਟਰੇਲੀਆ ਦੀ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ ਆਸਟਰੇਲੀਆ ਵੱਲੋਂ ਸਥਾਨਕ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਮਾਸਿਕ ਅਦਬੀ ਲੜੀ ਤਹਿਤ ਜੁਲਾਈ ਮਹੀਨੇ ਦੀ ਅਦਬੀ ਬੈਠਕ ਕਰਵਾਈ ਗਈ। ਇਸ ਵਿੱਚ ਪੰਜਾਬ ਤੋਂ ਆਏ ਨਾਮਵਰ ਚਿੰਤਕ ਅਤੇ ਆਲੋਚਕ ਡਾ. ਸੁਰਜੀਤ ਸਿੰਘ ਭੱਟੀ ਅਤੇ ਉਨ੍ਹਾਂ ਦੀ ਧਰਮ ਪਤਨੀ ਪ੍ਰੋਫੈਸਰ ਬਲਵਿੰਦਰਜੀਤ ਕੌਰ ਭੱਟੀ ਨੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਇਪਸਾ ਦੇ ਪ੍ਰਧਾਨ ਅਮਨਪ੍ਰੀਤ ਸਿੰਘ ਭੰਗੂ ਦੇ ਸਵਾਗਤੀ ਸ਼ਬਦਾਂ ਨਾਲ ਹੋਈ।
ਇਸ ਤੋਂ ਬਾਅਦ ਮਨਜੀਤ ਬੋਪਾਰਾਏ ਨੇ ਆਸਟਰੇਲੀਆ ਵਿੱਚ ਸਾਹਿਤਕ ਸਰਗਰਮੀਆਂ ਦੇ ਮੁੱਢ ਅਤੇ ਵਿਕਾਸ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਡਾ. ਸੁਰਜੀਤ ਸਿੰਘ ਭੱਟੀ ਦਾ ਤੁਆਰਫ਼ ਕਰਵਾਉਂਦਿਆਂ ਸਰਬਜੀਤ ਸੋਹੀ ਨੇ ਉਨ੍ਹਾਂ ਦੇ ਖੋਜ, ਅਧਿਆਪਨ, ਸਿਰਜਣਾ ਅਤੇ ਮਿਲੇ ਹੋਏ ਮਾਨਾਂ-ਸਨਮਾਨਾਂ ਬਾਰੇ ਜਾਣਕਾਰੀ ਦਿੰਦਿਆਂ, ਉਨ੍ਹਾਂ ਦੀ ਮੁੱਲਵਾਨ ਸਾਹਿਤਕ ਦੇਣ ਦਾ ਜ਼ਿਕਰ ਕੀਤਾ। ਇਸ ਉਪਰੰਤ ਡਾ. ਸੁਰਜੀਤ ਸਿੰਘ ਭੱਟੀ ਨੇ ਪੰਜਾਬੀ ਭਾਸ਼ਾ ਨੂੰ ਦਰਪੇਸ਼ ਚੁਣੌਤੀਆਂ ਅਤੇ ਵਿਸ਼ਵੀਕਰਨ ਤਹਿਤ ਆ ਰਹੀਆਂ ਤਬਦੀਲੀਆਂ ਅਤੇ ਪੈ ਰਹੇ ਪ੍ਰਭਾਵਾਂ ਬਾਰੇ ਸਟੀਕ ਅਤੇ ਸਮੀਖਿਆ ਆਧਾਰਿਤ ਗੱਲਬਾਤ ਕੀਤੀ। ਉਨ੍ਹਾਂ ਨੇ ਪੰਜਾਬੀ ਭਾਸ਼ਾ ਬਾਰੇ ਪਰੰਪਰਾਗਤ ਨਜ਼ਰੀਏ ਨੂੰ ਤਿਆਗਣ ਅਤੇ ਬਦਲਦੇ ਹਾਲਾਤ ਵਿੱਚ ਪੰਜਾਬੀ ਦੇ ਵਿਕਾਸ ਅਤੇ ਪਾਸਾਰ ਬਾਰੇ ਉਦਹਾਰਨਾਂ ਦੇ ਕੇ ਬਹੁਤ ਸਾਰੇ ਤੌਖਲਿਆਂ ਅਤੇ ਕਿਆਫ਼ਿਆਂ ਨੂੰ ਖ਼ਾਰਜ ਕੀਤਾ।
ਇਪਸਾ ਵੱਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਇਪਸਾ ਸੋਵੀਨਾਰ ਭੇਂਟ ਕੀਤਾ ਗਿਆ। ਇਸ ਮੌਕੇ ਪ੍ਰੋਫੈਸਰ ਰਜਿੰਦਰ ਸਿੰਘ, ਮੇਜਰ ਸਿੰਘ ਸਰਪੰਚ ਜੰਡਾਲੀ, ਰਜਿੰਦਰ ਸਿੰਘ ਰਾਜਪੁਰਾ, ਮਾਸਟਰ ਭਗਵਾਨ ਸਿੰਘ ਜਗੇੜਾ, ਪਾਲ ਰਾਊਕੇ, ਗੁਰ ਰਾਊਕੇ, ਕਮਲਦੀਪ ਸਿੰਘ ਬਾਜਵਾ, ਜਸਪਾਲ ਸਿੰਘ ਸੰਘੇੜਾ, ਸੁਰਜੀਤ ਸੰਧੂ, ਤੇਜਿੰਦਰ ਸਿੰਘ ਭੰਗੂ, ਬਿਕਰਮਜੀਤ ਸਿੰਘ ਚੰਦੀ, ਸ਼ਮਸ਼ੇਰ ਸਿੰਘ ਚੀਮਾ, ਸੁਖਮੰਦਰ ਸੰਧੂ, ਗੁਰਵਿੰਦਰ ਖੱਟੜਾ, ਗੁਰਜੀਤ ਬਾਰੀਆ, ਰਾਜਦੀਪ ਸਿੰਘ ਲਾਲੀ, ਸੁਖਵੀਰ ਸਿੰਘ ਮਾਨ, ਰੁਪਿੰਦਰ ਸੋਜ਼, ਦਲਵੀਰ ਹਲਵਾਰਵੀ, ਹੈਪੀ ਚਾਹਲ, ਅਰਸ਼ਦੀਪ ਸਿੰਘ ਦਿਓਲ ਆਦਿ ਨਾਮਵਰ ਸ਼ਹਿਰੀ ਅਤੇ ਇਪਸਾ ਦੇ ਅਹੁਦੇਦਾਰ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਰੁਪਿੰਦਰ ਸੋਜ਼ ਵੱਲੋਂ ਬਾਖੂਬੀ ਨਿਭਾਈ ਗਈ।
ਗੁਰਦਿਆਲ ਰੌਸ਼ਨ ਨਾਲ ਯਾਦਗਾਰੀ ਮਿਲਣੀ
ਲੰਡਨ: ਇੱਥੋਂ ਦੇ ਖ਼ੂਬਸੂਰਤ ਇਲਾਕੇ ਹੌਰਨਚਰਚ ਵਿੱਚ ਪੰਜਾਬੀ ਗ਼ਜ਼ਲਗੋ ਗੁਰਦਿਆਲ ਰੌਸ਼ਨ ਨੂੰ ਲੰਡਨ ਦੀਆਂ ਕਵਿੱਤਰੀਆਂ, ਕਵੀਆਂ ਤੇ ਸੰਗੀਤਕਾਰਾਂ ਦੀ ਮਹਿਫ਼ਲ ਵਿੱਚ ਸਨਮਾਨਿਤ ਕੀਤਾ ਗਿਆ। ਇਹ ਮਿਲਣੀ ਯਾਦਗਾਰੀ ਹੋ ਗਈ ਜਿਸ ਵਿੱਚ ਗੁਰਦਿਆਲ ਰੌਸ਼ਨ ਨੇ ਗ਼ਜ਼ਲ ਦੀ ਖੂਬਸੂਰਤੀ ਬਾਰੇ ਪੁੱਛੇ ਗਏ ਅਨੇਕਾਂ ਸਵਾਲਾਂ ਦੀ ਬਹੁਤ ਹੀ ਸਾਦਾ ਪਰ ਪ੍ਰਭਾਵਿਤ ਤਰੀਕੇ ਨਾਲ ਵਿਆਖਿਆ ਕੀਤੀ।
ਉਨ੍ਹਾਂ ਨੇ ਨਵੀਂ ਪੀੜ੍ਹੀ ਵੱਲੋਂ ਪੁੱਛੇ ਗਏ ਸਵਾਲਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਤੁਸੀਂ ਗ਼ਜ਼ਲ ਦੇ ਮੀਟਰ ਤੋਂ ਬਿਲਕੁਲ ਨਾ ਘਬਰਾਓ, ਜੇ ਤੁਸੀਂ ਗੁਣਗੁਣਾ ਕੇ ਕੋਈ ਸ਼ਿਅਰ ਲਿਖੋ ਤਾਂ ਗ਼ਜ਼ਲ ਦੀ ਖੂਬਸੂਰਤੀ ਆਪਣੇ ਆਪ ਬਣ ਜਾਏਗੀ। ਹਾਂ ਗ਼ਜ਼ਲ ਦੀ ਵਿਧਾ ਦੀ ਥੋੜ੍ਹੀ ਬਹੁਤ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ। ਇਸ ਮੌਕੇ ਸਭ ਤੋਂ ਪਹਿਲਾਂ ਗੁਰਚਰਨ ਸੱਗੂ, ਰਾਣੀ ਸੱਗੂ, ਸੀਮਾ ਤੇ ਹਨੀ ਵੱਲੋਂ ਗੁਰਦਿਆਲ ਰੌਸ਼ਨ ਨੂੰ ਗੁਲਦਸਤਾ ਤੇ ਫੁਲਕਾਰੀ ਦੇ ਕੇ ਸਨਮਾਨਤ ਕੀਤਾ ਗਿਆ। ਉਪਰੰਤ ਆਏ ਮਹਿਮਾਨਾਂ ਵੱਲੋਂ ਕਵਿਤਾ ਪਾਠ ਤੇ ਗੀਤ ਸੰਗੀਤ ਪੇਸ਼ ਕੀਤਾ ਗਿਆ ਜਿਸ ਵਿੱਚ ਸਾਊਥਾਲ ਸਾਹਿਤ ਕਲਾ ਕੇਂਦਰ ਦੀ ਪ੍ਰਧਾਨ ਤੇ ਦੇਸੀ ਰੇਡੀਓ ਦੇ ਕੁਲਵੰਤ ਢਿੱਲੋਂ, ਪ੍ਰਕਾਸ਼ ਸੋਹਲ ਤੇ ਹਮਸਫ਼ਰ, ਅਕਾਲ ਟੈਲੀਵਿਜ਼ਨ ਦੇ ਪੰਜਾਬੀ ਵਿਰਸਾ ਦੀ ਪ੍ਰੀਜੈਂਟਰ ਰੂਪ ਦਵਿੰਦਰ, ਮਨਜੀਤ ਪੱਡਾ, ਅਜ਼ੀਮ ਸ਼ੇਖਰ, ਦਰਸ਼ਨ ਬੁਲੰਦਵੀ ਤੇ ਉਨ੍ਹਾਂ ਦੀ ਹਮਸਫ਼ਰ, ਪੰਜਾਬ ਰੇਡੀਓ ਦੀ ਰਾਜਿੰਦਰ ਕੌਰ ਤੇ ਕਵਿੱਤਰੀ ਨਰਿੰਦਰ, ਪੰਜਾਬ ਰੇਡੀਓ ਦੀ ਪਰਵੀਨ ਠੇਠੀ, ਗੀਤਕਾਰ ਗੁਰਮੇਲ ਕੌਰ ਸੰਘਾ, ਗਿੱਮੀ ਟੀਵੀ ਦੇ ਸ਼ਗੁਫਤਾ ਲੋਧੀ ਤੇ ਉਨ੍ਹਾਂ ਦੇ ਜੀਵਨ ਸਾਥੀ ਸ਼ਹਿਜ਼ਾਦ ਲੋਧੀ, ਬਲਵਿੰਦਰ ਸਿੰਘ ਸਹੋਤਾ, ਰਾਏ ਬਰਿੰਦਰ ਅਦੀਮ, ਸਤਨਾਮ ਸਿੰਘ ਛੋਕਰ, ਦਵਿੰਦਰ ਕੌਰ ਛੋਕਰ ਤੇ ਹੋਣਹਾਰ ਗਾਇਕ ਤੇ ਸੰਗੀਤਕਾਰ ਡਾ. ਸੁਨੀਲ ਸਾਜਲ ਹਾਜ਼ਰ ਸਨ। ਕਵਿਤਾਵਾਂ ਦਾ ਦੌਰ ਬਹੁਤ ਹੀ ਖ਼ੂਬਸੂਰਤ ਸੀ ਜਿਸ ਵਿੱਚ ਮੌਜੂਦ ਕਵੀ/ ਕਵਿੱਤਰੀਆਂ ਵੱਲੋਂ ਨਵੇਂ ਪੰਜਾਬੀ ਗੀਤ ਤੇ ਪੁਰਾਣੀਆਂ ਬੋਲੀਆਂ ਨਾਲ ਇਹ ਮਹਿਫ਼ਲ ਯਾਦਗਾਰੀ ਬਣਾ ਦਿੱਤੀ।