ਆਈਪੀਐੱਲ ਜੇਤੂ ਬੰਗਲੂਰੂ ਨੂੰ 20 ਕਰੋੜ ਰੁਪਏ ਦਾ ਇਨਾਮ
ਅਹਿਮਦਾਬਾਦ, 4 ਜੂਨ
ਆਈਪੀਐੱਲ 2025 ਦੀ ਜੇਤੂ ਟੀਮ ਰੌਇਲ ਚੈਲੇਂਜਰਜ਼ ਬੰਗਲੂਰੂ ਨੂੰ ਟਰਾਫੀ ਨਾਲ ਇਨਾਮੀ ਰਾਸ਼ੀ ਵਜੋਂ 20 ਕਰੋੜ ਰੁਪਏ, ਜਦਕਿ ਉਪ ਜੇਤੂ ਪੰਜਾਬ ਕਿੰਗਜ਼ ਨੂੰ 12.5 ਕਰੋੜ ਰੁਪਏ ਮਿਲੇ ਹਨ। ਬੰਗਲੂਰੂ ਨੇ ਬੀਤੀ ਰਾਤ ਪੰਜਾਬ ਨੂੰ ਛੇ ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਆਈਪੀਐੱਲ ਖਿਤਾਬ ਜਿੱਤਿਆ ਹੈ। ਤੀਜੇ ਸਥਾਨ ’ਤੇ ਰਹੀ ਮੁੰਬਈ ਇੰਡੀਅਨਜ਼ ਨੂੰ 7 ਕਰੋੜ ਰੁਪਏ ਅਤੇ ਚੌਥੇ ਸਥਾਨ ’ਤੇ ਰਹੀ ਗੁਜਰਾਤ ਟਾਈਟਨਜ਼ ਦੀ ਟੀਮ ਨੂੰ 6.5 ਕਰੋੜ ਰੁਪਏ ਇਨਾਮ ਵਜੋਂ ਦਿੱਤੇ ਗਏ ਹਨ। 2008 ਵਿੱਚ ਆਈਪੀਐੱਲ ਦੇ ਪਹਿਲੇ ਸੀਜ਼ਨ ਵਿੱਚ ਜੇਤੂ ਟੀਮ ਨੂੰ 4.8 ਰੁਪਏ ਅਤੇ ਉਪ ਜੇਤੂ ਟੀਮ ਨੂੰ 2.4 ਕਰੋੜ ਰੁਪਏ ਮਿਲੇ ਸਨ।

ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਨੂੰ ਅਰੁਣ ਜੇਤਲੀ ਸਟੇਡੀਅਮ ਲਈ ਸਭ ਤੋਂ ਵਧੀਆ ਪਿੱਚ ਅਤੇ ਮੈਦਾਨ ਦਾ ਪੁਰਸਕਾਰ ਮਿਲਿਆ ਹੈ। ਉਸ ਨੂੰ ਇਨਾਮ ਵਜੋਂ 50 ਲੱਖ ਰੁਪਏ ਦਿੱਤੇ ਗਏ ਹਨ। ਐਤਕੀਂ ਇਸ ਸਟੇਡੀਅਮ ’ਚ ਸੱਤ ਮੈਚ ਖੇਡੇ ਗਏ ਸਨ। ਡੀਡੀਸੀਏ ਦੇ ਪ੍ਰਧਾਨ ਰੋਹਨ ਜੇਤਲੀ ਨੇ ਕਿਹਾ, ‘ਇਹ ਪੁਰਸਕਾਰ ਸਾਡੇ ਕਿਊਰੇਟਰਾਂ, ਸਟਾਫ ਅਤੇ ਪ੍ਰਬੰਧਕਾਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ। ਅਸੀਂ ਕ੍ਰਿਕਟ ਬੁਨਿਆਦੀ ਢਾਂਚੇ ਦੇ ਉੱਚ ਮਿਆਰਾਂ ਨੂੰ ਬਣਾਈ ਰੱਖਣ ਲਈ ਕੰਮ ਕਰਨਾ ਜਾਰੀ ਰੱਖਾਂਗੇ।’
ਇਸ ਦੌਰਾਨ ਸਭ ਤੋਂ ਵੱਧ ਦੌੜਾਂ ਬਣਾਉਣ ਲਈ ‘ਓਰੇਂਜ ਕੈਪ’ ਜੇਤੂ ਸਾਈ ਸੁਦਰਸ਼ਨ ਨੂੰ 10 ਲੱਖ ਰੁਪਏ ਇਨਾਮ ਵਜੋਂ ਮਿਲੇ ਹਨ। ਸੁਦਰਸ਼ਨ ਨੂੰ ਉਭਰਦਾ ਖਿਡਾਰੀ ਵੀ ਚੁਣਿਆ ਗਿਆ, ਜਿਸ ਲਈ ਉਸ ਨੂੰ 1 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ ਹੈ। ਇਸੇ ਤਰ੍ਹਾਂ ਸਭ ਤੋਂ ਵੱਧ ਵਿਕਟਾਂ ਲੈਣ ਲਈ ‘ਪਰਪਲ ਕੈਪ’ ਜੇਤੂ ਪ੍ਰਸਿੱਧ ਕ੍ਰਿਸ਼ਨਾ ਨੂੰ 10 ਲੱਖ ਰੁਪਏ, ‘ਮੇਸਟ ਵੈਲਿਊਏਬਲ ਪਲੇਅਰ’ ਸੂਰਿਆਕੁਮਾਰ ਯਾਦਵ ਨੂੰ 15 ਲੱਖ ਰੁਪਏ, ‘ਸੁਪਰ ਸਟ੍ਰਾਈਕਰ ਆਫ ਦਿ ਸੀਜ਼ਨ’ ਵੈਭਵ ਸੂਰਿਆਵੰਸ਼ੀ ਨੂੰ 10 ਲੱਖ ਰੁਪਏ ਅਤੇ ਟਾਟਾ ਕਰਵ ਕਾਰ, ਸਭ ਤੋਂ ਸ਼ਾਨਦਾਰ ਕੈਚ ਲਈ ਕਮਿੰਡੂ ਮੈਂਡਿਸ ਨੂੰ 10 ਲੱਖ ਰੁਪਏ, ਸਭ ਤੋਂ ਵੱਧ ਡੌਟ ਗੇਂਦਾਂ ਲਈ ਮੁਹੰਮਦ ਸਿਰਾਜ ਨੂੰ 10 ਲੱਖ ਰੁਪਏ, ਸਭ ਤੋਂ ਵੱਧ ਛੱਕੇ ਮਾਰਨ ਲਈ ਨਿਕੋਲਸ ਪੂਰਨ ਨੂੰ 10 ਲੱਖ ਰੁਪਏ, ਸਭ ਤੋਂ ਵੱਧ ਚੌਕੇ ਮਾਰਨ ਲਈ ਸਾਈ ਸੁਦਰਸ਼ਨ ਨੂੰ 10 ਲੱਖ ਰੁਪਏ ਅਤੇ ਫੇਅਰਪਲੇਅ ਐਵਾਰਡ ਲਈ ਚੇਨੱਈ ਸੁਪਰਕਿੰਗਜ਼ ਦੀ ਟੀਮ ਨੂੰ 10 ਲੱਖ ਰੁਪਏ ਇਨਾਮ ਵਜੋਂ ਦਿੱਤੇ ਗਏ ਹਨ। -ਪੀਟੀਆਈ
ਕਰਨਾਟਕ ਸਰਕਾਰ ਵੱਲੋਂ ਬੰਗਲੂਰੂ ਦੀ ਟੀਮ ਦਾ ਸਨਮਾਨ
ਬੰਗਲੂਰੂ: ਕਰਨਾਟਕ ਸਰਕਾਰ ਨੇ ਆਈਪੀਐੱਲ ਚੈਂਪੀਅਨ ਰੌਇਲ ਚੈਲੇਂਜਰਜ਼ ਬੰਗਲੂਰੂ ਦੀ ਟੀਮ ਦਾ ਅੱਜ ਇੱਥੇ ਸਨਮਾਨ ਕੀਤਾ। ਕਰਨਾਟਕ ਦੇ ਰਾਜਪਾਲ ਤਾਵਰਚੰਦ ਗਹਿਲੋਤ, ਮੁੱਖ ਮੰਤਰੀ ਸਿੱਧਾਰਮਈਆ ਅਤੇ ਉਪ ਮੁੱਖ ਮੰਤਰੀ ਡੀ.ਕੇ ਸ਼ਿਵਕੁਮਾਰ ਨੇ ਰਜਤ ਪਾਟੀਦਾਰ ਦੀ ਅਗਵਾਈ ਹੇਠਲੀ ਟੀਮ ਨੂੰ ਮੈਸੂਰ ਪੇਟਾ (ਰਸਮੀ ਪੱਗ), ਸ਼ਾਲ ਅਤੇ ਹਾਰ ਪਾ ਕੇ ਸਨਮਾਨਿਆ। ਇਸ ਦੌਰਾਨ ਵੱਡੀ ਗਿਣਤੀ ਲੋਕ ਇਕੱਠੇ ਹੋਏ ਸਨ। ਬੰਗਲੂਰੂ ਨੇ ਬੀਤੀ ਰਾਤ ਅਹਿਮਦਾਬਾਦ ਵਿੱਚ ਫਾਈਨਲ ਮੁਕਾਬਲੇ ’ਚ ਪੰਜਾਬ ਕਿੰਗਜ਼ ਨੂੰ ਛੇ ਦੌੜਾਂ ਨਾਲ ਹਰਾ ਕੇ ਖਿਤਾਬ ਜਿੱਤਿਆ। ਇਸ ਤੋਂ ਪਹਿਲਾਂ ਬੰਗਲੂਰੂ ਤਿੰਨ ਵਾਰ ਉਪ ਜੇਤੂ ਰਹਿ ਚੁੱਕਾ ਹੈ। -ਪੀਟੀਆਈ