IPL Stampede: ਬੰਗਲੂਰੂ ਦਾ ਪੁਲੀਸ ਕਮਿਸ਼ਨਰ ਤੇ ਹੋਰ ਪੁਲੀਸ ਅਧਿਕਾਰੀ ਮੁਅੱਤਲ
ਭਗਦੜ ਸਬੰਧੀ RCB, ਈਵੈਂਟ ਮੈਨੇਜਮੈਂਟ ਫਰਮ, KSCA ਖ਼ਿਲਾਫ਼ ਐਫਆਈਆਰ ਦਰਜ; ਮ੍ਰਿਤਕਾਂ ਦੇ ਪਰਿਵਾਰਾਂ ਲਈ RCB ਵੱਲੋਂ 10-10 ਲੱਖ ਰੁਪਏ ਸਹਾਇਤਾ ਦਾ ਐਲਾਨ; ਸੂਬਾ ਸਰਕਾਰ ਨੇ ਮਾਮਲੇ ਦੀ ਜਾਂਚ ਸੀਆਈਡੀ ਹਵਾਲੇ ਕੀਤੀ
ਬੰਗਲੁਰੂ, 5 ਜੂਨ
ਕਰਨਾਟਕ ਦੇ ਮੁੱਖ ਮੰਤਰੀ Siddaramaiah ਨੇ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਮੱਚੀ ਭਗਦੜ ਮਾਮਲੇ ਵਿਚ ਬੰਗਲੂਰੂ ਦੇ ਪੁਲੀਸ ਕਮਿਸ਼ਨਰ ਤੇ ਕਈ ਹੋਰ ਪੁਲੀਸ ਅਧਿਕਾਰੀਆਂ ਦੀ ਮੁਅੱਤਲੀ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਨੈ Royal Challengers Bengaluru , DNA ਈਵੈਂਟ ਮੈਨੇਜਰਾਂ ਤੇ ਕਰਨਾਟਕ ਰਾਜ ਕ੍ਰਿਕਟ ਐਸੋਸੀਏਸ਼ਨ (KSCA) ਦੇ ਪ੍ਰਤੀਨਿਧਾਂ ਦੀ ਗ੍ਰਿਫ਼ਤਾਰੀ ਦੇ ਵੀ ਆਦੇਸ਼ ਦਿੱਤੇ ਹਨ। ਬੁੱਧਵਾਰ ਨੂੰ ਮੱਚੀ ਭਗਦੜ ਵਿਚ 11 ਲੋਕਾਂ ਦੀ ਜਾਨ ਜਾਂਦੀ ਰਹੀ ਸੀ।
ਇਸ ਤੋਂ ਪਹਿਲਾਂ ਪੁਲੀਸ ਨੇ ਵੀਰਵਾਰ ਨੂੰ ਕਿਹਾ ਕਿ ਸ਼ਹਿਰ ਦੇ ਚਿੰਨਾਸਵਾਮੀ ਸਟੇਡੀਅਮ (Chinnaswamy stadium) ਨੇੜੇ ਬੀਤੇ ਦਿਨ ਮਚੀ ਭਗਦੜ ਦੇ ਸਬੰਧ ਵਿੱਚ ਰਾਇਲ ਚੈਲੇਂਜਰਜ਼ ਬੰਗਲੂਰੂ (Royal Challengers Bengaluru - RCB), ਈਵੈਂਟ ਮੈਨੇਜਮੈਂਟ ਫਰਮ ਡੀਐਨਏ ਐਂਟਰਟੇਨਮੈਂਟ ਨੈੱਟਵਰਕਸ (DNA entertainment networks), ਕਰਨਾਟਕ ਸਟੇਟ ਕ੍ਰਿਕਟ ਐਸੋਸੀਏਸ਼ਨ (KSCA) ਅਤੇ ਹੋਰਾਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ।
ਪੁਲੀਸ ਨੇ ਵੀਰਵਾਰ ਨੂੰ ਕਿਹਾ ਕਿ ਚਿੰਨਾਸਵਾਮੀ ਸਟੇਡੀਅਮ ਨੇੜੇ ਭਗਦੜ ਵਿੱਚ ਬੁੱਧਵਾਰ ਨੂੰ 11 ਲੋਕਾਂ ਦੀ ਮੌਤ ਹੋ ਗਈ ਅਤੇ 56 ਜ਼ਖ਼ਮੀ ਹੋ ਗਏ। ਪੁਲੀਸ ਦੇ ਅਨੁਸਾਰ, ਇਹ ਮਾਮਲਾ ਕਿਊਬਨ ਪਾਰਕ ਪੁਲੀਸ ਸਟੇਸ਼ਨ ਵਿੱਚ ਭਾਰਤੀ ਨਿਆਏ ਸੰਹਿਤਾ BNS ਤਹਿਤ ਦਰਜ ਕੀਤਾ ਗਿਆ ਹੈ।
ਇਹ ਕੇਸ BNS ਦੀਆਂ ਧਾਰਾਵਾਂ 105 (ਗੈਰ-ਇਰਾਦਾ ਕਤਲ), 115 (ਜਾਣ-ਬੁੱਝ ਕੇ ਸੱਟ ਪਹੁੰਚਾਉਣਾ), 118 (ਖ਼ਤਰਨਾਕ ਹਥਿਆਰਾਂ ਜਾਂ ਸਾਧਨਾਂ ਦੀ ਵਰਤੋਂ ਕਰਕੇ ਜਾਣ-ਬੁੱਝ ਕੇ ਸੱਟ ਪਹੁੰਚਾਉਣਾ ਜਾਂ ਗੰਭੀਰ ਸੱਟ ਪਹੁੰਚਾਉਣਾ), 190 (ਕਿਸੇ ਆਮ ਵਸਤੂ ਦਾ ਪਿੱਛਾ ਕਰਨ ਵਿੱਚ ਕੀਤੇ ਗਏ ਅਪਰਾਧਾਂ ਲਈ ਗੈਰ-ਕਾਨੂੰਨੀ ਇਕੱਠ ਦੇ ਮੈਂਬਰਾਂ ਦੀ ਜ਼ਿੰਮੇਵਾਰੀ), 132 (ਕਿਸੇ ਸਰਕਾਰੀ ਕਰਮਚਾਰੀ ਨੂੰ ਆਪਣੀ ਡਿਊਟੀ ਨਿਭਾਉਣ ਤੋਂ ਰੋਕਣ ਲਈ ਹਮਲਾ ਜਾਂ ਅਪਰਾਧਿਕ ਤਾਕਤ), 125(12) (ਦੂਜਿਆਂ ਦੀ ਜਾਨ ਜਾਂ ਨਿੱਜੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਵਾਲੇ ਕੰਮ), 142 (ਗੈਰ-ਕਾਨੂੰਨੀ ਇਕੱਠ) ਅਤੇ 121 (ਅਪਰਾਧ ਲਈ ਉਕਸਾਉਣਾ) ਦੇ ਤਹਿਤ ਦਰਜ ਕੀਤਾ ਗਿਆ ਹੈ।
ਇਸ ਦੌਰਾਨ ਕਰਨਾਟਨਕ ਸਰਕਾਰ ਨੇ ਵੀਰਵਾਰ ਨੂੰ ਹਾਈ ਕੋਰਟ ਨੂੰ ਦੱਸਿਆ ਕਿ ਲੰਘੇ ਦਿਨ ਚਿੰਨਾਸਵਾਮੀ ਸਟੇਡੀਅਮ ਦੇ ਸਾਹਮਣੇ ਮੱਚੀ ਭਗਦੜ ਮਾਮਲੇ ਦੀ ਜਾਂਚ ਸੀਆਈਡੀ ਹਵਾਲੇ ਕਰ ਦਿੱਤੀ ਗਈ ਹੈ। ਸੂਬਾ ਸਰਕਾਰ ਨੇ ਕਿਹਾ ਕਿ ਮਾਮਲੇ ਦੀ ਮੁਕੰਮਲ ਤੇ ਨਿਰਪੱਖ ਜਾਂਚ ਯਕੀਨੀ ਬਣਾਉਣ ਲਈ ਸੀਆਈਡੀ ਦੇ ਅੰਦਰ ਹੀ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ। ਇਸ ਤੋਂ ਪਹਿਲਾਂ ਅੱਜ ਦਿਨੇ ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਭਗਦੜ ਮਾਮਲੇ ਵਿਚ ਸਟੇਟਸ ਰਿਪੋਰਟ ਦਾਖਲ ਕਰਨ ਲਈ ਕਿਹਾ ਸੀ। ਉਧਰ ਭਗਦੜ ਦੌਰਾਨ ਮੌਤ ਦੇ ਮੂੰਹ ਪਈ 15 ਸਾਲਾ ਲੜਕੀ ਦਿਵਿਆਂਸ਼ੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਐੱਫਆਈਆਰ ਦਰਜ ਕਰਵਾਉਣ ਲਈ ਚਾਰ ਘੰਟਿਆਂ ਤੱਕ ਉਡੀਕ ਕਰਨੀ ਪਈ।
ਉਧਰ ਆਈਪੀਐਲ ਚੈਂਪੀਅਨ ਰਾਇਲ ਚੈਲੇਂਜਰਜ਼ ਬੰਗਲੁਰੂ ਨੇ ਇੱਥੇ ਟੀਮ ਦੇ ਜਿੱਤ ਦੇ ਜਸ਼ਨਾਂ ਦੌਰਾਨ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਮਚੀ ਭਗਦੜ ਵਿੱਚ ਆਪਣੀ ਜਾਨ ਗੁਆਉਣ ਵਾਲੇ 11 ਕ੍ਰਿਕਟ ਪ੍ਰੇਮੀਆਂ ਦੇ ਪਰਿਵਾਰਾਂ ਲਈ 10-10 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
ਗ਼ੌਰਤਲਬ ਹੈ ਕਿ ਬੀਤੇ ਦਿਨ ਵਾਪਰੀ ਇਸ ਘਟਨਾ ਦੌਰਾਨ ਲੱਖਾਂ ਲੋਕ ਵਿਰਾਟ ਕੋਹਲੀ ਐਂਡ ਕੰਪਨੀ ਦੀ ਇੱਕ ਝਲਕ ਦੇਖਣ ਲਈ ਇਕੱਠੇ ਹੋਏ, ਜਿਸ ਕਾਰਨ ਪੂਰੀ ਤਰ੍ਹਾਂ ਹਫੜਾ-ਦਫੜੀ ਮੱਚ ਗਈ ਅਤੇ ਅੰਤ ਵਿੱਚ ਬੁੱਧਵਾਰ ਨੂੰ ਸਟੇਡੀਅਮ ਦੇ ਬਾਹਰ ਭਗਦੜ ਮਚ ਗਈ ਅਤੇ ਇਸ ਕਾਰਨ 11 ਲੋਕਾਂ ਦੀ ਮੌਤ ਹੋ ਗਈ।
RCB ਨੇ ਵੀਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ, “ਬੰਗਲੁਰੂ ਵਿੱਚ ਕੱਲ੍ਹ ਹੋਈ ਮੰਦਭਾਗੀ ਘਟਨਾ ਨੇ RCB ਪਰਿਵਾਰ ਨੂੰ ਬਹੁਤ ਦੁੱਖ ਅਤੇ ਦਰਦ ਦਿੱਤਾ ਹੈ।” ਇਸ ਘਟਨਾ ਵਿੱਚ 50 ਤੋਂ ਵੱਧ ਲੋਕ ਜ਼ਖਮੀ ਵੀ ਹੋਏ ਹਨ ਅਤੇ ਫਰੈਂਚਾਇਜ਼ੀ ਨੇ ਕਿਹਾ ਕਿ ਉਨ੍ਹਾਂ ਦੀ ਸਹਾਇਤਾ ਲਈ ਇੱਕ ਫੰਡ ਸਥਾਪਤ ਕੀਤਾ ਜਾ ਰਿਹਾ ਹੈ।
ਬਿਆਨ ਵਿਚ ਹੋਰ ਕਿਹਾ ਗਿਆ ਹੈ, "ਸਤਿਕਾਰ ਅਤੇ ਇਕਮੁੱਠਤਾ ਦੇ ਕਦਮ ਵਜੋਂ ਆਰਸੀਬੀ ਨੇ ਮ੍ਰਿਤਕਾਂ ਦੇ ਗਿਆਰਾਂ ਪਰਿਵਾਰਾਂ ਵਿੱਚੋਂ ਹਰੇਕ ਨੂੰ 10 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ, ਇਸ ਦੁਖਦਾਈ ਘਟਨਾ ਵਿੱਚ ਜ਼ਖਮੀ ਹੋਏ ਪ੍ਰਸ਼ੰਸਕਾਂ ਦੀ ਸਹਾਇਤਾ ਲਈ ਆਰਸੀਬੀ ਕੇਅਰਜ਼ ਨਾਮਕ ਇੱਕ ਫੰਡ ਵੀ ਬਣਾਇਆ ਜਾ ਰਿਹਾ ਹੈ।"
ਇਸ ਦੁਖਾਂਤ ਦੀ ਇਸ ਸਮੇਂ ਇੱਕ ਮੈਜਿਸਟ੍ਰੇਟ ਜਾਂਚ ਚੱਲ ਰਹੀ ਹੈ ਅਤੇ ਇਸਦੀ ਰਿਪੋਰਟ ਅਗਲੇ ਪੰਦਰਵਾੜੇ ਦੇ ਅੰਦਰ ਆਉਣ ਦੀ ਉਮੀਦ ਹੈ।
ਗ਼ੌਰਤਲਬ ਹੈ ਕਿ ਆਰਸੀਬੀ ਨੇ ਟਰਾਫੀ ਜਿੱਤਣ ਤੋਂ ਮਹਿਜ਼ ਇੱਕ ਦਿਨ ਬਾਅਦ ਹੀ ਜਿੱਤ ਦੇ ਜਸ਼ਨਾਂ ਨੂੰ ਅੱਗੇ ਵਧਾਉਣ ਲਈ ਵਿਆਪਕ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਇਸ ਕਾਰਨ ਪ੍ਰਸ਼ਾਸਨ ਅਤੇ ਪੁਲੀਸ ਅਧਿਕਾਰੀਆਂ ਨੂੰ ਇੰਨੀ ਵੱਡੀ ਭੀੜ ਨੂੰ ਸਾਂਭਣ ਲਈ ਲੋੜੀਂਦੇ ਸੁਰੱਖਿਆ ਪ੍ਰਬੰਧ ਕਰਨ ਲਈ ਲੋੜੀਂਦਾ ਸਮਾਂ ਨਹੀਂ ਮਿਲਿਆ।
ਬੀਸੀਸੀਆਈ ਸਕੱਤਰ ਦੇਵਜੀਤ ਸੈਕੀਆ ਪਹਿਲਾਂ ਹੀ ਬੁੱਧਵਾਰ ਨੂੰ ਪ੍ਰਬੰਧਾਂ ਵਿੱਚ ਕਮੀਆਂ ਤੇ ਖ਼ਾਮੀਆਂ 'ਤੇ ਸਵਾਲ ਉਠਾ ਚੁੱਕੇ ਹਨ ਅਤੇ ਅਜਿਹੇ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਫਰੈਂਚਾਇਜ਼ੀ, ਪੁਲੀਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿਚਕਾਰ ਸਹੀ ਤਾਲਮੇਲ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ ਹੈ।
ਉਨ੍ਹਾਂ ਨੇ ਪਿਛਲੇ ਸਾਲ ਭਾਰਤ ਦੀ ਟੀ-20 ਵਿਸ਼ਵ ਕੱਪ ਜਿੱਤ ਤੋਂ ਬਾਅਦ ਮੁੰਬਈ ਵਿੱਚ ਹੋਈ ਨਿਰਵਿਘਨ ਜਿੱਤ ਪਰੇਡ ਦਾ ਹਵਾਲਾ ਦਿੱਤਾ, ਜਿਸ ਨੇ ਲੱਖਾਂ ਲੋਕ ਨੂੰ ਸੜਕਾਂ 'ਤੇ ਉਤਰੇ ਸਨ। -ਪੀਟੀਆਈ