ਆਈਪੀਐੱਲ: ਜੈਸਵਾਲ ਦੇ ਸੈਂਕੜੇ ਸਦਕਾ ਰਾਜਸਥਾਨ ਜੇਤੂ
ਜੈਪੁਰ, 22 ਅਪਰੈਲ
ਯਸ਼ਸਵੀ ਜੈਸਵਾਲ ਦੇ ਨਾਬਾਦ ਸੈਂਕੜੇ (104 ਦੌੜਾਂ) ਅਤੇ ਸੰਜੂ ਸੈਮਸਨ ਦੀਆਂ ਨਾਬਾਦ 38 ਦੌੜਾਂ ਸਦਕਾ ਮੇਜ਼ਬਾਨ ਰਾਜਸਥਾਨ ਰੌਇਲਜ਼ ਨੇ ਅੱਜ ਇੱਥੇ ਆਈਪੀਐੱਲ ਮੁਕਾਬਲੇ ’ਚ ਮੁੰਬਈ ਇੰਡੀਅਨਜ਼ ਨੂੰ 9 ਵਿਕਟਾਂ ਨਾਲ ਹਰਾ ਦਿੱਤਾ। ਰਾਜਸਥਾਨ ਟੀਮ ਨੇ ਮੁੰਬਈ ਵੱਲੋਂ ਜਿੱਤ ਲਈ ਦਿੱਤੇ 180 ਦੌੜਾਂ ਦੇ ਟੀਚੇ ਨੂੰ 18.4 ਓਵਰਾਂ ’ਚ ਇੱਕ ਵਿਕਟ ਗੁਆ ਕੇ 183 ਦੌੜਾਂ ਬਣਾਉਂਦਿਆਂ ਪੂਰਾ ਕਰ ਲਿਆ। ਜੈਸਵਾਲ ਨੇ ਆਪਣੀ 60 ਗੇਂਦਾਂ ਦੀ ਪਾਰੀ ਦੌਰਾਨ 9 ਚੌਕੇ ਤੇ 7 ਛੱਕੇ ਜੜੇ। ਜੋਸ ਬਟਲਰ ਨੇ 35 ਦੌੜਾਂ ਦਾ ਯੋਗਦਾਨ ਪਾਇਆ। ਇਸ ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਤਿਲਕ ਵਰਮਾ ਦੀਆਂ 65 ਤੇ ਨੇਹਲ ਵਡੇਹਰਾ ਦੀਆਂ 49 ਦੌੜਾਂ ਦੀ ਬਦੌਲਤ ਨਿਰਧਾਰਿਤ 20 ਓਵਰਾਂ ਵਿਚ 9 ਵਿਕਟਾਂ ਦੇ ਨੁਕਸਾਨ ਨਾਲ 179 ਦੌੜਾਂ ਬਣਾਈਆਂ। ਮੁਹੰਮਦ ਨਬੀ ਨੇ 23 ਦੌੜਾਂ ਦਾ ਯੋਗਦਾਨ ਪਾਇਆ। ਰੋਹਿਤ ਸ਼ਰਮਾ ਨੇ 6 ਜਦੋਂਕਿ ਇਸ਼ਾਨ ਕਿਸ਼ਨ ਖਾਤਾ ਖੋਲ੍ਹਣ ਵਿਚ ਵੀ ਨਾਕਾਮ ਰਿਹਾ। ਰਾਜਸਥਾਨ ਦੀ ਟੀਮ ਲਈ ਸੰਦੀਪ ਸ਼ਰਮਾ ਸਭ ਤੋਂ ਸਫ਼ਲ ਗੇਂਦਬਾਜ਼ ਰਿਹਾ। -ਪੀਟੀਆਈ